ਰੋਪੜ ਵਿਖੇ 2 ਸਤੰਬਰ ਨੂੰ ਹੋਵੇਗਾ ਜੇਲ੍ਹ ਦੀ ਜ਼ਮੀਨ ‘ਤੇ ਚੱਲਣ ਵਾਲੇ ਪਹਿਲੇ ਪੈਟਰੋਲ ਪੰਪ ਦਾ ਉਦਘਾਟਨ

08/29/2022 7:18:49 PM

ਜਲੰਧਰ (ਨਰਿੰਦਰ ਮੋਹਨ) : ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜਿਸ ਕਾਰਨ ਜੇਲ੍ਹਾਂ 'ਚ ਚੱਲਣ ਵਾਲਾ ਪਹਿਲਾ ਪੈਟਰੋਲ ਪੰਪ 2 ਸਤੰਬਰ ਤੋਂ ਰੋਪੜ ਜੇਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਪਹਿਲੇ ਪੈਟਰੋਲ ਪੰਪ ਦਾ ਉਦਘਾਟਨ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਕਰਨਗੇ। ਬੈਂਸ ਨੇ ਪਹਿਲੇ ਪੈਟਰੋਲ ਪੰਪ ਦੇ ਉਦਘਾਟਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਤੋਂ ਬਾਅਦ ਲੁਧਿਆਣਾ ਤੇ ਫਿਰੋਜ਼ਪੁਰ ਦੇ ਪੈਟਰੋਲ ਪੰਪ ਚਾਲੂ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਬਾਕੀ 10 ਪੰਪ ਇਕ-ਇਕ ਕਰਕੇ ਚਲਾਏ ਜਾਣਗੇ। ਉਮੀਦ ਹੈ ਕਿ ਜੇਲ੍ਹ ਵਿਭਾਗ ਨੂੰ ਇਸ ਕਾਰੋਬਾਰ ਤੋਂ ਹਰ ਮਹੀਨੇ 40 ਲੱਖ ਰੁਪਏ ਦੀ ਆਮਦਨ ਹੋਵੇਗੀ। ਜੇਲ੍ਹਾਂ ਦੁਆਰਾ ਕੀਤੀ ਜਾਣ ਵਾਲੀ ਕਮਾਈ ਹੁਣ ਪੰਜਾਬ ਸਰਕਾਰ ਕੋਲ ਨਹੀਂ, ਸਗੋਂ ਜੇਲ੍ਹਾਂ ਦੇ ਕੋਲ ਰਹੇਗੀ। ਸਰਕਾਰ ਤੇਲੰਗਾਨਾ ਦੇ ਜੇਲ੍ਹ ਮਾਡਲ ਨੂੰ ਆਧਾਰ ਬਣਾ ਕੇ ਜੇਲ੍ਹਾਂ ਵਿੱਚ ਵਪਾਰਕ ਗਤੀਵਿਧੀਆਂ ਸ਼ੁਰੂ ਕਰ ਰਹੀ ਹੈ। ਤੇਲੰਗਾਨਾ ਨੂੰ ਜੇਲ੍ਹਾਂ ਦੀਆਂ ਵਪਾਰਕ ਗਤੀਵਿਧੀਆਂ ਤੋਂ ਸਾਲਾਨਾ 600 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ।

ਇਹ ਵੀ ਪੜ੍ਹੋ : 'ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਭਾਰਤ ਵਿੱਚ ਨਸ਼ਾ ਤਸਕਰੀ ਦਾ ਨਵਾਂ ਰਾਹ ਬਣੀਆਂ'

ਪੰਜਾਬ ਦੀਆਂ ਜੇਲ੍ਹਾਂ ਦੀ ਜ਼ਮੀਨ ’ਤੇ 12 ਪੈਟਰੋਲ ਪੰਪ ਖੋਲ੍ਹਣ ਦਾ ਸਮਝੌਤਾ ਇੰਡੀਅਨ ਆਇਲ ਨਾਲ ਪਿਛਲੇ ਸਾਲ ਹੀ ਹੋ ਗਿਆ ਸੀ। 12 ਜੇਲ੍ਹਾਂ ਦੀ ਜ਼ਮੀਨ ’ਤੇ ਇਹ ਪੈਟਰੋਲ ਪੰਪ ਰੋਪੜ, ਗੁਰਦਾਸਪੁਰ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਲੁਧਿਆਣਾ, ਅੰਮ੍ਰਿਤਸਰ ਤੇ ਸੰਗਰੂਰ ਸਮੇਤ 5 ਹੋਰ ਜੇਲ੍ਹਾਂ ਵਿੱਚ ਖੋਲ੍ਹੇ ਜਾ ਰਹੇ ਹਨ। ਜੇਲ੍ਹਾਂ 'ਚ ਬੰਦ ਕੈਦੀਆਂ ਦੇ ਚੰਗੇ ਵਿਵਹਾਰ ਅਤੇ ਰਿਹਾਅ ਹੋ ਚੁੱਕੇ ਕੈਦੀਆਂ ਦੇ ਪੁਨਰਵਾਸ ਦੇ ਰੂਪ ਵਿੱਚ ਉਨ੍ਹਾਂ ਨੂੰ ਇਨ੍ਹਾਂ ਪੈਟਰੋਲ ਪੰਪਾਂ 'ਤੇ ਕੰਮ ਮਿਲੇਗਾ, ਜਿਨ੍ਹਾਂ ਵਿੱਚ ਮਹਿਲਾ ਕੈਦੀਆਂ ਨੂੰ ਪਹਿਲ ਦਿੱਤੀ ਜਾਵੇਗੀ। ਸਾਰੇ 12 ਪੰਪਾਂ ਦੇ ਖੁੱਲ੍ਹਣ ਤੋਂ ਬਾਅਦ ਜੇਲ੍ਹ ਵਿਭਾਗ ਨੂੰ ਇਨ੍ਹਾਂ ਪੈਟਰੋਲ ਪੰਪਾਂ ਤੋਂ 40 ਲੱਖ ਰੁਪਏ ਦੀ ਆਮਦਨ ਹੋਵੇਗੀ। ਇੰਡੀਅਨ ਆਇਲ ਜੇਲ੍ਹਾਂ 'ਚ ਲਗਾਏ ਗਏ ਪੰਪਾਂ ਦਾ ਕਿਰਾਇਆ ਵੀ ਅਦਾ ਕਰੇਗਾ ਤੇ ਵੇਚੇ ਗਏ ਤੇਲ ਤੋਂ ਕਮਿਸ਼ਨ ਵੀ ਮਿਲੇਗਾ। ਇਹ ਰਕਮ ਜੇਲ੍ਹਾਂ ਦੀ ਭਲਾਈ ਲਈ ਤੇਲੰਗਾਨਾ ਮਾਡਲ ਦੇ ਆਧਾਰ 'ਤੇ ਸਥਾਪਿਤ ਪੰਜਾਬ ਜੇਲ੍ਹ ਵਿਕਾਸ ਬੋਰਡ ਦੇ ਖਾਤੇ ਵਿੱਚ ਜਾਵੇਗੀ, ਜਦੋਂ ਕਿ ਹੁਣ ਤੱਕ ਜੇਲ੍ਹਾਂ ਵਿੱਚ ਕਾਰੋਬਾਰੀ ਗਤੀਵਿਧੀਆਂ ਤੋਂ ਹੋਣ ਵਾਲੀ ਆਮਦਨ ਸਰਕਾਰੀ ਖ਼ਜ਼ਾਨੇ ਵਿੱਚ ਜਾਂਦੀ ਸੀ।

ਇਹ ਵੀ ਪੜ੍ਹੋ : ਮੰਤਰੀ ਜਿੰਪਾ ਦਾ ਦਾਅਵਾ: ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਪੀਣ ਲਈ ਮਿਲੇਗਾ ਨਹਿਰਾਂ ਦਾ ਸ਼ੁੱਧ ਪਾਣੀ

ਨੋਟ : ਪੰਜਾਬ ਸਰਕਾਰ ਦੇ ਇਸ ਉੱਦਮ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News