ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ, ਪ੍ਰਸਾਦ ਦੇ ਰੂਪ 'ਚ ਵੰਡੇ 3500 ਬੂਟੇ

Monday, Oct 27, 2025 - 03:52 PM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ, ਪ੍ਰਸਾਦ ਦੇ ਰੂਪ 'ਚ ਵੰਡੇ 3500 ਬੂਟੇ

ਸੁਲਤਾਨਪੁਰ ਲੋਧੀ (ਸੋਢੀ, ਧੀਰ, ਅਸ਼ਵਨੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ ਗੁਰਦੁਆਰਾ ਗੁਰਸਾਰ ਸਾਹਿਬ ਸਫੈਲਾਬਾਦ ਤੋਂ ਚੱਲ ਕੇ ਨਿਰਮਲ ਕੁਟੀਆ ਪਵਿੱਤਰ ਵੇਈਂ ਵਿਖੇ ਆ ਕੇ ਸੰਪੰਨ ਹੋਇਆ। 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਸ ਨਗਰ ਕੀਰਤਨ ਨੇ 28 ਕਿਲੋਮੀਟਰ ਦਾ ਲੰਮਾ ਪੈਂਡਾ ਤੈਅ ਕੀਤਾ। ਨਗਰ ਕੀਰਤਨ ਦੌਰਾਨ ਪ੍ਰਸ਼ਾਦ ਦੇ ਰੂਪ ਵਿਚ 3500 ਬੂਟੇ ਵੰਡੇ। ਸੰਗਤਾਂ ਨੇ ਬੜੇ ਚਾਅ ਤੇ ਸ਼ਰਧਾ ਨਾਲ ਬੂਟਿਆਂ ਦਾ ਪ੍ਰਸ਼ਾਦ ਪ੍ਰਾਪਤ ਕੀਤਾ। ਸੰਤ ਸੀਚੇਵਾਲ ਨੇ ਸਮੁੱਚੇ ਨਗਰ ਕੀਰਤਨ ਦੌਰਾਨ ਜਿੱਥੇ ਗੁਰੁ ਨਾਨਕ ਦੇਵ ਜੀ ਦੀ ਗੁਰਬਾਣੀ ਦੀ ਵਿਆਖਿਆ ਕੀਤੀ, ਉਥੇ ਹੀ ਪੰਜਾਬ ਅਤੇ ਪੰਜਾਬ ਵਿਚ ਵਾਤਾਵਰਣ ਦੇ ਖੜ੍ਹੇ ਗੰਭੀਰ ਸੰਕਟ ਬਾਰੇ ਚਰਚਾ ਕੀਤੀ। ਕਿਸਾਨਾਂ ਵੱਲੋਂ ਪਰਾਲੀ ਨਾ ਸਾੜ ਕੇ ਸਗੋਂ ਉਸ ਨੂੰ ਖੇਤਾਂ ਵਿਚ ਹੀ ਵਹਾਅ ਕੇ ਆਲੂਆਂ ਦੀ ਵੱਧ ਪੈਦਾਵਾਰ ਲਈ ਹੈ।

PunjabKesari

ਨਗਰ ਕੀਰਤਨ ਦੌਰਾਨ ਹੋਏ ਵੱਖ-ਵੱਖ ਪੜਾਵਾਂ ਦੌਰਾਨ ਵੀ ਉਨ੍ਹਾਂ ਪੰਜਾਬ ਦੇ ਵਿਗੜ ਰਹੇ ਵਾਤਾਵਰਨ ’ਤੇ ਡੰਘੀ ਚਿੰਤਾ ਪ੍ਰਗਟਾਈ ਅਤੇ ਰਲਮਿਲ ਕੇ ਸਾਂਝੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਸੰਤ ਸੀਚੇਵਾਲ ਨੇ ਸੰਗਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ 25 ਸਾਲਾਂ ਦੇ ਲੰਮੇ ਅਰਸੇ ਦੌਰਾਨ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਨਦੀਂ ਨੂੰ ਮੁੜ ਨਿਰਮਲਧਾਰਾ ਵਿੱਚ ਬਦਲ ਕੇ ਰੱਖ ਦਿੱਤਾ ਹੈ। ਇਸੇ ਤਜ਼ਰਬੇ ਨੂੰ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਰਤਿਆ ਜਾ ਰਿਹਾ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਸੀਂ ਨਾ ਤਾਂ ਬਾਬੇ ਨਾਨਕ ਦੀ ਗੱਲ ਮੰਨੀ ਅਤੇ ਨਾ ਹੀ ਵਿਗਿਆਨ ਦੀ ਅਤੇ ਨਾ ਹੀ ਸੰਵਿਧਾਨ ਦੀ ਕੋਈ ਗੱਲ ਮੰਨੀ। ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਦੀ ਗੁਣਵੱਤਾ 1100 ਦੇ ਅੰਕੜੇ ਨੂੰ ਵੀ ਪਾਰ ਕਰ ਗਈ ਸੀ। ਇਸੇ ਤਰ੍ਹਾਂ ਪੰਜਾਬ ਦੀ ਆਬੋ-ਹਵਾ ਵੀ ਸਾਹ ਲੈਣ ਯੋਗ ਨਹੀਂ ਸੀ ਇਹ ਵੀ 400 ਦਾ ਅੰਕੜਾ ਪਾਰ ਕਰ ਗਈ ਸੀ। ਜਦਕਿ ਇਹ ਜ਼ੀਰੋਂ ਤੋਂ 50 ਤੱਕ ਹੀ ਚਾਹੀਦਾ ਹੁੰਦਾ ਹੈ।

PunjabKesari

ਬਾਬੇ ਨਾਨਕ ਨੇ ਹਵਾ, ਪਾਣੀ ਤੇ ਧਰਤੀ ਨੂੰ ਗੁਰੂ, ਪਿਤਾ ਤੇ ਮਾਤਾ ਦਾ ਦਰਜਾ ਦਿੱਤਾ ਸੀ। ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਇਸ ਦੇ ਹਰ ਚੱਪੇ ‘ਤੇ ਬੂਟੇ ਲਗਾਉਣ ਦੀ ਲੋੜ ਹੈ। ਜਿਆਦਾ ਬੂਟੇ ਲਗਾਉਣ ਨਾਲ ਹੀ ਆਲਮੀ ਤਪਸ਼ ਵਰਗੀ ਵਿਸ਼ਵਵਿਆਪੀ ਸਮਸਿਆ ਨੂੰ ਘਟਾਇਆ ਜਾ ਸਕਦਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਜੇ ਅਸੀਂ ਵੱਡੀ ਪੱਧਰ ‘ਤੇ ਬੂਟੇ ਲਾ ਕੇ ਉਨ੍ਹਾਂ ਨੂੰ ਪਾਲ ਲਿਆ ਤਾਂ ਇਹ ਸਮਝੋਂ ਤੁਸੀਂ ਬਾਬੇ ਨਾਨਕ ਦ ਸੁਨੇਹਾ ਮੰਨ ਲਿਆ।ਹਵਾ,ਪਾਣੀ ਤੇ ਧਰਤੀ ਇੱਕਲੇ ਮਨੁੱਖ ਲਈ ਨਹੀਂ ਸਗੋਂ ਇਸ ਧਰਤੀ ਗ੍ਰਹਿ ਨੂੰ ਬਚਾਉਣ ਲਈ ਪੁੱਟਿਆ ਗਿਆ ਇੱਕ ਕਦਮ ਸਮਝਿਆ ਜਾਵੇਗਾ।
ਇਸ ਤੋਂ ਪਹਿਲਾਂ ਗੁਰਦੁਆਰਾ ਗੁਰਸਰ ਦੇ ਮੁੱਖ ਸੇਵਾਦਾਰ ਸੰਤ ਲੀਡਰ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਨਗਰ ਕੀਰਤਨ ਰਵਾਨਾ ਹੋਣ ਤੋਂ ਪਹਿਲਾਂ ਗੱਤਕਾ ਖਿਡਾਰੀਆਂ ਨੇ ਆਪਣੇ ਜ਼ੋਹਰ ਵਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਛੋਟੇ ਬੱਚਿਆਂ ਨੇ ਕੀਰਤਨ ਕਰਕੇ ਸਾਰੀ ਸੰਗਤ ਦਾ ਧਿਆਨ ਆਪਣੀ ਸੁਰੀਲ ਅਵਾਜ਼ ਦੁਆਲੇ ਕੇਂਦਰਿਤ ਕਰ ਲਿਆ।

PunjabKesari

ਸੰਤ ਅਮਰੀਕ ਸਿੰਘ ਖੁਖਰੈਣ ਵਾਲੇ ਮਹਾਤਮਾ ਮੁਨੀ ਖੈੜਾ ਬੇਟ ਵਾਲੇ, ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਹਲਕਾ ਸੁਲਤਾਨਪੁਰ ਤੋਂ ਆਪ ਦੇ ਇੰਚਾਰਜ਼ ਸੱਜਣ ਸਿੰਘ ਚੀਮਾ ਨੇ ਹਜ਼ਾਰੀਆਂ ਭਰੀਆਂ। ਨਗਰ ਕੀਰਤਨ ਦਾ ਸਵਾਗਤ ਕਰਨ ਵਾਲਿਆਂ ਵਿਚ ਪਿੰਡਾਂ ਦੀਆਂ ਪੰਚਾਇਤਾਂ, ਯੂਥ ਕਲੱਬਾਂ ਅਤੇ ਇਲਾਕੇ ਦੀਆਂ ਹੋਰ ਸਖਸ਼ੀਅਤਾਂ ਸ਼ਾਮਿਲ ਸਨ। ਗੁਰੂ ਨਾਨਕ ਨਗਰ ਸੁਲਤਾਨਪੁਰ ਲੋਧੀ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਮੁਹੱਲਾ ਨਿਵਾਸੀ ਸੰਗਤਾਂ ਵੱਲੋਂ ਕੀਤਾ ਗਿਆ। ਨਗਰ ਕੀਤਰਨ ਦੌਰਾਨ ਸੰਗਤਾਂ ਬੂਟਿਆਂ ਦਾ ਪ੍ਰਸ਼ਾਦ ਵੰਡਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਬੂਟਿਆਂ ਨੂੰ ਲਾਉਣ ਦਾ ਜਿੰਨਾ ਮਹੱਤਵ ਹੈ, ਬੂਟਿਆਂ ਨੂੰ ਸੰਭਾਲਣ ਉਸ ਤੋਂ ਵੱਧ ਪੁੰਨ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਸਾਲ 2008 ਤੋਂ ਨਗਰ ਕੀਰਤਨ ਦੌਰਾਨ ਬੂਟਿਆਂ ਦਾ ਪ੍ਰਸ਼ਾਦ ਵੰਡਣ ਦੀ ਪਾਈ ਗਈ ਨਿਰਮਲ ਰੀਤ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ 400 ਘਰਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਖਾਲੀ ਕਰਨ ਦੇ ਹੁਕਮ, ਹੋ ਸਕਦੈ ਵੱਡਾ ਐਕਸ਼ਨ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News