ਫਤਿਹਜੰਗ ਬਾਜਵਾ ਦੇ ਬੇਬਾਕ ਬੋਲ, ਦੱਸਿਆ ਕਾਂਗਰਸ 'ਚ ਕਿਸਨੇ ਕੀਤੀ ਮੋਟੀ ਕਮਾਈ (ਵੀਡੀਓ)

Monday, Jan 24, 2022 - 01:26 PM (IST)

ਜਲੰਧਰ(ਵੈੱਬ ਡੈਸਕ): ਭਾਜਪਾ 'ਚ ਸ਼ਾਮਲ ਹੋ ਚੁੱਕੇ ਸਾਬਕਾ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਪਹਿਲੇ ਮਹੀਨੇ ਚੰਗਾ ਕੰਮ ਕੀਤਾ ਸੀ ਤੇ ਲੋਕਾਂ ਨੂੰ ਉਮੀਦ ਸੀ ਕਿ ਉਹ ਵਧੀਆ ਮੁੱਖ ਮੰਤਰੀ ਸਾਬਤ ਹੋਣਗੇ ਪਰ ਜਲਦ ਹੀ ਲੋਕਾਂ ਦਾ ਇਹ ਭਰਮ ਉਦੋਂ ਟੁੱਟ ਗਿਆ ਜਦੋਂ ਰੇਤ ਮਾਫ਼ੀਆ ਦੇ ਪੈਸੇ ਉਨ੍ਹਾਂ ਦੇ ਘਰ ਜਾਣ ਲੱਗੇ। ਫਤਿਹਜੰਗ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਚਰਨਜੀਤ ਸਿੰਘ ਚੰਨੀ ਨੇ ਪੈਸੇ ਹੀ ਇਕੱਠੇ ਕੀਤੇ ਹਨ ਅਤੇ ਕਿਸਨੂੰ ਨਹੀਂ ਪਤਾ ਕਿ ਰੇਤੇ ਦੇ ਪੈਸੇ ਉਨ੍ਹਾਂ ਦੇ ਘਰ ਵੀ ਜਾਂਦੇ ਰਹੇ ਹਨ।

 

 

'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸੋਢੀ ਨਾਲ ਗੱਲਬਾਤ ਦਰਮਿਆਨ ਭਾਜਪਾ 'ਚ ਜਾਣ ਦਾ ਕਾਰਨ ਦੱਸਦਿਆਂ ਫਤਿਹਜੰਗ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਵਿੱਚ  ਚੱਲ ਰਹੇ ਪਿਛਲੇ ਦੋ ਸਾਲ ਦੇ ਕਾਟੋ ਕਲੇਸ਼ ਨੂੰ ਨੇੜੇ ਤੋਂ ਵੇਖਿਆ ਹੈ।ਆਖ਼ਰੀ ਸਮੇਂ ਕੈਪਟਨ ਨੂੰ ਅਹੁਦੇ ਤੋਂ ਹਟਾਉਣਾ ਕਾਂਗਰਸ ਹਾਈਕਮਾਨ ਦੀ ਵੱਡੀ ਭੁੱਲ ਸੀ।ਕੈਪਟਨ ਦੇ ਸਭ ਤੋਂ ਕਰੀਬੀਆਂ ਨੇ ਉਸਦੀ ਛਾਤੀ ਵਿੱਚ ਛੁਰਾ ਮਾਰਿਆ ਹੈ। ਵਾਰ-ਵਾਰ ਸਤਰਕ ਕਰਨ ਦੇ ਬਾਵਜੂਦ ਵੀ ਕੈਪਟਨ ਸਾਬ੍ਹ ਆਪਣੇ ਵਫ਼ਾਦਾਰਾਂ ਅਤੇ ਦੁਸ਼ਮਣਾਂ ਦੀ ਪਛਾਣ ਨਾ ਕਰ ਸਕੇ ਜਿਸ ਕਾਰਨ ਉਨ੍ਹਾਂ ਨੂੰ ਸੱਤਾ ਤੋਂ ਹੱਥ ਧੋਣੇ ਪਏ। ਚੰਨੀ ਦੀ  ਵਧਦੀ ਸ਼ੁਹਰਤ ਨੂੰ ਨਵਜੋਤ ਸਿੱਧੂ ਸਹਾਰ ਨਾ ਸਕੇ ਅਤੇ ਮੈਨੂੰ ਟਿਕਟ ਦੇਣ ਦੇ ਵਾਅਦੇ 'ਤੇ ਵੀ ਖਰੇ ਉੱਤਰਦੇ ਨਜ਼ਰ ਨਹੀਂ ਆ ਰਹੇ ਸਨ।ਜਦੋਂ ਮੈਂ ਸਿੱਧੂ ਨੂੰ ਪੁੱਛਿਆ ਕਿ ਜੇਕਰ ਸੋਨੀਆ ਜੀ ਨੇ ਤੁਹਾਡੇ ਫ਼ੈਸਲੇ 'ਤੇ ਮੋਹਰ ਨਾ ਲਾਈ ਤਾਂ ਫਿਰ? ਤਾਂ ਇਸ ਗੱਲ 'ਤੇ ਵੀ ਸਿੱਧੂ ਨੇ ਮੇਰੇ ਹੱਕ ਵਿੱਚ ਆਪਣੀ ਅਸਮਰੱਥਤਾ ਪ੍ਰਗਟਾਈ। ਇਸੇ ਦਰਮਿਆਨ ਮਾਝਾ ਅਕਸਪ੍ਰੈਸ ਨੇ ਵੀ ਸਿੱਧੂ ਦਾ ਸਾਥ ਦਿੱਤਾ।ਪ੍ਰਤਾਪ ਬਾਜਵਾ ਨੇ ਵੀ ਕਾਦੀਆਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਤੇ ਮੈਨੂੰ ਹੋਰ ਕਿਤਿਓਂ ਟਿਕਟ  ਲੈ ਕੇ ਦੇਣ ਦੀ ਗੱਲ ਕਹੀ ਸੀ ਪਰ ਬਾਅਦ ਵਿੱਚ ਉਹ ਵੀ ਪੱਲਾ ਝਾੜਨ  ਲੱਗੇ। ਸੀਨੀਅਰ ਹੋਣ ਕਰਕੇ ਪਾਰਟੀ 'ਚ ਉਨ੍ਹਾਂ ਦੀ ਟਿਕਟ 'ਤੇ ਮੋਹਰ ਲੱਗਣ ਦੀ ਗੱਲ ਵੀ ਚੱਲ ਪਈ। ਵੱਡੀ ਗੱਲ ਕੇ ਮੈਂ ਇਸ ਹਲਕੇ ਵਿੱਚ ਚੰਗੇ ਕੰਮ ਕੀਤੇ ਹਨ ਤੇ ਕਾਂਗਰਸ ਲਈ ਇਹ ਸੀਟ ਸੇਫ਼ ਸੀਟ ਬਣ ਗਈ ਸੀ। ਸੋ ਸਭ ਕੁਝ ਵੇਖਦਿਆਂ ਮੈਨੂੰ ਭਾਜਪਾ 'ਚ ਜਾਣ ਦਾ ਫ਼ੈਸਲਾ ਲੈਣਾ ਪਿਆ।

ਨੋਟ: ਫਤਿਹਜੰਗ ਬਾਜਵਾ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News