ਕਿਸਾਨਾਂ ਪਿੱਛੋਂ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰੇਗੀ ਪੰਜਾਬ ਸਰਕਾਰ

Friday, Jan 18, 2019 - 09:55 AM (IST)

ਕਿਸਾਨਾਂ ਪਿੱਛੋਂ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰੇਗੀ ਪੰਜਾਬ ਸਰਕਾਰ

ਜਲੰਧਰ (ਧਵਨ) – ਪੰਜਾਬ 'ਚ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਪਿੱਛੋਂ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦਾ ਫੈਸਲਾ ਲਿਆ ਹੈ, ਜਿਸ ਲਈ ਕਰੀਬ 2 ਲੱਖ 60 ਹਜ਼ਾਰ ਭੂਮੀਹੀਣ ਖੇਤ ਮਜ਼ਦੂਰਾਂ ਸਬੰਧੀ ਅੰਕੜੇ ਬੈਂਕਾਂ ਤੋਂ ਮੰਗਵਾਏ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਏ ਗਏ ਇਸ ਫੈਸਲੇ ਪਿੱਛੋਂ ਸਬੰਧਿਤ ਸਰਕਾਰੀ ਵਿਭਾਗ ਹਰਕਤ 'ਚ ਆ ਗਏ ਹਨ। ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਭੂਮੀਹੀਣ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਨਾਲ ਸਰਕਾਰ 'ਤੇ ਕਰੀਬ 450 ਕਰੋੜ ਰੁਪਏ ਦਾ ਭਾਰ ਪਏਗਾ। 

ਇਸ ਤੋਂ ਪਹਿਲਾਂ ਸੂਬੇ ਦੇ ਕਿਸਾਨਾਂ ਦੇ 10 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਸਨ। ਇਸ ਅਧੀਨ 2 ਪੜਾਵਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਤੀਜੇ ਪੜਾਅ 'ਚ ਵਪਾਰਕ ਬੈਂਕਾਂ ਕੋਲੋਂ ਲਏ ਗਏ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ।ਸਹਿਕਾਰੀ ਬੈਂਕਾਂ ਦੇ ਅੰਕੜੇ ਕੈਪਟਨ ਸਰਕਾਰ ਕੋਲ ਪਹੁੰਚ ਚੁੱਕੇ ਹਨ। ਇਸ ਮੁਤਾਬਕ ਲਗਭਗ 2 ਲੱਖ 60 ਹਜ਼ਾਰ ਭੂਮੀਹੀਣ ਕਿਸਾਨਾਂ ਨੇ ਸਹਿਕਾਰੀ ਬੈਂਕਾਂ ਕੋਲੋਂ  ਕਰਜ਼ਾ ਲਿਆ ਹੋਇਆ ਹੈ। ਸਹਿਕਾਰੀ ਵਿਭਾਗ ਨੇ ਖੇਤ ਮਜ਼ਦੂਰਾਂ ਨਾਲ ਸਬੰਧਿਤ ਕਰਜ਼ਿਆਂ ਦੇ ਅੰਕੜੇ ਮੁੱਖ ਮੰਤਰੀ ਦਫਤਰ ਨੂੰ ਭੇਜ ਦਿੱਤੇ ਹਨ। ਕੈਪਟਨ ਸਰਕਾਰ ਚਾਹੁੰਦੀ ਹੈ ਕਿ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦੇ ਪਹਿਲੇ ਪੜਾਅ ਦਾ ਐਲਾਨ ਲੋਕ ਸਭਾ ਦੀਆਂ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੋ ਜਾਏ। ਆਦਰਸ਼ ਚੋਣ ਜ਼ਾਬਤੇ ਦੇ ਅਪ੍ਰੈਲ 'ਚ ਲਾਗੂ ਹੋਣ ਦੀ ਸੰਭਾਵਨਾ ਹੈ। 

ਕੈਪਟਨ ਸਰਕਾਰ ਹੁਣ ਤਕ ਸੂਬੇ 'ਚ 2 ਲੱਖ 36 ਹਜ਼ਾਰ ਛੋਟੇ ਕਿਸਾਨਾਂ ਨੂੰ ਕਰਜ਼ੇ ਦੀ ਮੁਆਫੀ ਵਜੋਂ 3481 ਕਰੋੜ ਰੁਪਏ ਸਰਟੀਫਿਕੇਟ ਵੰਡ ਚੁੱਕੀ ਹੈ। ਇਹ ਉਹ ਕਿਸਾਨ ਹਨ, ਜੋ ਢਾਈ ਏਕੜ ਜ਼ਮੀਨ ਦੇ ਮਾਲਕ ਹਨ ਅਤੇ ਜਿਨ੍ਹਾਂ ਨੇ ਸਹਿਕਾਰੀ ਅਤੇ ਵਪਾਰਕ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਸੀ। ਕੈਪਟਨ ਸਰਕਾਰ ਵਲੋਂ ਜਲਦੀ ਹੀ ਹੁਣ ਕਿਸਾਨਾਂ ਦੇ ਕਰਜ਼ੇ ਦੀ ਮੁਆਫੀ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।


author

rajwinder kaur

Content Editor

Related News