ਐਕਸਪ੍ਰੈੱਸ ਵੇਅ ''ਚ ਸ਼ਾਮਿਲ ਹੋਣ ਨਾਲ ਵਿਸ਼ਵ ਦੇ ਨਕਸ਼ੇ ''ਤੇ ਉੱਭਰੇਗਾ ਸੁਲਤਾਨਪੁਰ ਲੋਧੀ : ਨਵਤੇਜ ਚੀਮਾ

06/02/2020 11:14:26 PM

ਸੁਲਤਾਨਪੁਰ ਲੋਧੀ,(ਸੋਢੀ): ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੰਮ੍ਰਿਤਸਰ-ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਵਿਚ ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਸ਼ਾਮਿਲ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸਨਾਲ ਸੁਲਤਾਨਪੁਰ ਲੋਧੀ ਬਹੁਤ ਜਲਦੀ ਵਿਸ਼ਵ ਦੇ ਨਕਸ਼ੇ 'ਤੇ ਉੱਭਰੇਗਾ। ਉਨ੍ਹਾਂ ਕਿਹਾ ਕਿ 60 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਇਸ ਐਕਸਪ੍ਰੈੱਸ ਵੇਅ ਦੇ ਬਣਨ ਨਾਲ ਦਿੱਲੀ ਤੋਂ ਸੁਲਤਾਨਪੁਰ ਲੋਧੀ ਤੱਕ ਦਾ ਪੈਂਡਾ ਮਹਿਜ਼ 4 ਘੰਟੇ ਦਾ ਰਹਿ ਜਾਵੇਗਾ, ਜਿਸ ਨਾਲ ਵਿਸ਼ਵ ਭਰ ਵਿਚ ਬੈਠੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਥੇ ਪਹੁੰਚਣ ਵਿਚ ਬੇਹੱਦ ਆਸਾਨੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬਾ ਸਰਕਾਰ ਵੱਲੋਂ ਕੇਂਦਰ ਨੂੰ ਸਿਲਕ ਰੂਟ ਦੀ ਤਰਜ਼ 'ਤੇ ਅਜਿਹਾ ਐਕਸਪ੍ਰੈੱਸ ਵੇਅ ਬਣਾਉਣ ਦੀ ਅਪੀਲ ਕੀਤੀ ਗਈ ਸੀ, ਜਿਸ ਨੂੰ ਕੇਂਦਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਸ. ਚੀਮਾ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਇਸ ਪ੍ਰਾਜੈਕਟ ਲਈ ਸੁਲਤਾਨਪੁਰ ਲੋਧੀ ਦਾ ਵੱਧ ਤੋਂ ਵੱਧ ਰਕਬਾ ਜੋੜਿਆ ਜਾਵੇ। ਉਨ੍ਹਾਂ ਇਸ ਵੱਕਾਰੀ ਪ੍ਰਾਜੈਕਟ ਵਿਚ ਸੁਲਤਾਨਪੁਰ ਲੋਧੀ ਨੂੰ ਸ਼ਾਮਿਲ ਕਰਵਾਉਣ ਲਈ, ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐਮ. ਪੀ ਸ. ਜਸਬੀਰ ਸਿੰਘ ਡਿੰਪਾ ਦੇ ਯਤਨਾਂ ਦੀ ਸ਼ਲਾਘਾ ਕੀਤੀ, ਉਥੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਸ. ਹਰਦੀਪ ਸਿੰਘ ਪੁਰੀ ਦਾ ਵੀ ਧੰਨਵਾਦ ਕੀਤਾ।


 


Deepak Kumar

Content Editor

Related News