ਹਿਮਾਚਲ ਤੋਂ ਅਵਾਰਾ ਪਸ਼ੂ ਲਿਆ ਕੇ ਪੰਜਾਬ ਦੇ ਪਿੰਡਾਂ ’ਚ ਛੱਡਣ ਦੇ ਗੋਰਖਧੰਦੇ ਦਾ ਪਰਦਾਫਾਸ਼

08/01/2022 6:04:14 PM

ਨੂਰਪੁਰਬੇਦੀ (ਭੰਡਾਰੀ)- ਖੇਤਰ ਦੇ ਪਿੰਡ ਸੁੱਖੇਮਾਜਰਾ, ਹਿਆਤਪੁਰ ਅਤੇ ਘਾਹੀਮਾਜਰਾ ਦੇ ਲੋਕਾਂ ਵੱਲੋਂ ਵਿਖਾਈ ਗਈ ਮੁਸਤੈਦੀ ਦੇ ਚੱਲਦਿਆਂ ਅੱਧੀ ਰਾਤ ਨੂੰ ਗੱਡੀ ’ਚ ਸਵਾਰ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਕਾਬੂ ਕਰਨ ਉਪਰੰਤ ਉਨ੍ਹਾਂ ਪਾਸੋਂ ਹੋਏ ਖ਼ੁਲਾਸੇ ਉਪਰੰਤ ਹਿਮਾਚਲ ਪ੍ਰਦੇਸ਼ ਤੋਂ ਅਵਾਰਾ ਪਸ਼ੂਆਂ ਨੂੰ ਲਿਆ ਕੇ ਪੰਜਾਬ ਦੇ ਪਿੰਡਾਂ ’ਚ ਛੱਡਣ ਦੇ ਗੋਰਖਧੰਦੇ ਦਾ ਪਰਦਾਫਾਸ਼ ਹੋਇਆ ਹੈ।

ਗੱਡੀ ’ਚ ਸਵਾਰ 2 ਵਿਅਕਤੀਆਂ ’ਚ ਸ਼ਾਮਲ ਇਕ ਚਾਲਕ ਜਦਕਿ ਦੂਜਾ ਪਸ਼ੂਆਂ ਦਾ ਵਪਾਰੀ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਅੱਧੀ ਰਾਤ ਨੂੰ ਗੱਡੀ ’ਚ ਲੱਦ ਕੇ ਲਿਆਂਦੇ 2 ਪਸ਼ੂਆਂ ਨੂੰ ਸਰਕਾਰੀ ਕੈਟਲ ਪਾਊਂਡ ਸੁੱਖੇਮਾਜਰਾ ਲਾਗੇ ਉਤਾਰਦੇ ਸਮੇਂ ਰੰਗੀ ਹੱਥੀਂ ਦਬੋਚਿਆ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ਦੇ ਪਹਾੜੀ ਇਲਾਕੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਪਹਿਲਾਂ ਹੀ ਅਵਾਰਾ ਪਸ਼ੂਆਂ ਵੱਲੋਂ ਫ਼ਸਲਾਂ ਦੀ ਰੋਜ਼ਾਨਾ ਕੀਤੀ ਜਾ ਰਹੀ ਬਰਬਾਦੀ ਕਾਰਨ ਪ੍ਰੇਸ਼ਾਨੀ ਦੇ ਆਲਮ ’ਚੋਂ ਗੁਜ਼ਰ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਆਪਣੀਆਂ ਫ਼ਸਲਾਂ ਦੀ ਰਾਤ ਭਰ ਜਾਗ ਕੇ ਰਾਖੀ ਕਰਨੀ ਪੈਂਦੀ ਹੈ ਹੁਣ ਹਿਮਾਚਲ ਪ੍ਰਦੇਸ਼ ਤੋਂ ਅਵਾਰਾ ਪਸ਼ੂਆਂ ਨੂੰ ਲਿਆ ਕੇ ਪੰਜਾਬ ਦੇ ਪਿੰਡਾਂ ’ਚ ਛੱਡਣ ਦੀ ਘਟਨਾ ਦੇ ਖ਼ੁਲਾਸੇ ਨੇ ਕਿਸਾਨਾਂ ਦਾ ਪਾਰਾ ਹੋਰ ਵੀ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ 4 ਭੈਣਾਂ ਦੇ ਇਕਲੌਤੇ ਭਰਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵੇਖ ਪਰਿਵਾਰ ਵਾਲਿਆਂ ਦੇ ਉੱਡੇ ਹੋਸ਼

ਪਿੰਡ ਵਾਸੀਆਂ ਵੱਲੋਂ ਸਖ਼ਤੀ ਨਾਲ ਪੁੱਛਣ ’ਤੇ ਉਕਤ ਕਾਬੂ ਕੀਤੇ ਗਏ ਵਿਅਕਤੀਆਂ ਜੋ ਇਸ ਇਲਾਕੇ ਨਾਲ ਸਬੰਧਤ ਹਨ ’ਚੋਂ ਇਕ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਪੰਜਾਬ ਦੇ ਦੁਧਾਰੂ ਪਸ਼ੂਆਂ ਨੂੰ ਹਿਮਾਚਲ ਪ੍ਰਦੇਸ਼ ’ਚ ਵੇਚਣ ਲਈ ਜਾਂਦੇ ਹਨ ਤਾਂ ਆਉਂਦੇ ਸਮੇਂ ਅਵਾਰਾ ਪਸ਼ੂਆਂ ਨੂੰ ਲੱਦ ਕੇ ਇਸ ਇਲਾਕੇ ’ਚ ਛੱਡ ਦਿੰਦੇ ਹਨ। ਜਿਸ ਦੇ ਬਦਲੇ ’ਚ ਉਹ ਕੁਝ ਰਾਸ਼ੀ ਵੀ ਹਾਸਲ ਕਰਦੇ ਹਨ। ਉਨ੍ਹਾਂ ਮੰਨਿਆ ਕਿ ਕੁਝ ਹੋਰ ਵਿਅਕਤੀ ਵੀ ਉਕਤ ਧੰਦਾ ਕਰਦੇ ਹਨ, ਜਿਨ੍ਹਾਂ ਦੇ ਨਾਵਾਂ ਦੀ ਵੀ ਉਹ ਜਾਣਕਾਰੀ ਮੁਹੱਈਆ ਕਰਵਾਉਣਗੇ।

ਅੱਜ ਸਥਾਨਕ ਥਾਣੇ ਵਿਖੇ ਇਸ ਮਾਮਲੇ ਦੇ ਪਹੁੰਚਣ ’ਤੇ ਹਾਜ਼ਰ ਹੋਏ ਸੁੱਖੇਮਾਜਰਾ ਸਮੇਤ ਹੋਰਨਾਂ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਨੇ ਕਾਬੂ ਕੀਤੇ ਉਕਤ ਦੋਵੇਂ ਵਿਅਕਤੀਆਂ ’ਚੋਂ ਇਕ ਨੂੰ ਜੋ ਪਹਿਲਾਂ ਵੀ ਇਲਾਕੇ ’ਚ ਅਵਾਰਾ ਪਸ਼ੂ ਲਿਆ ਕੇ ਛੱਡਦਾ ਰਿਹਾ ਹੈ, ਲੋਕਾਂ ਦੀਆਂ ਫ਼ਸਲਾਂ ਦੇ ਉਜਾੜੇ ਦੇ ਹਰਜਾਨੇ ਵਜੋਂ ਸਰਕਾਰੀ ਗਊਸ਼ਾਲਾ ਸੁੱਖੇਮਾਜਰਾ ਵਿਖੇ 40 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਦਾ ਦੰਡ ਲਗਾਇਆ ਗਿਆ। ਇਸ ਦੌਰਾਨ ਫ਼ੈਸਲਾ ਹੋਇਆ ਕਿ ਜੇਕਰ ਉਕਤ ਵਿਅਕਤੀ ਮੁੜ ਅਵਾਰਾ ਪਸ਼ੂਆਂ ਨੂੰ ਇਸ ਖ਼ੇਤਰ ’ਚ ਲਿਆ ਕੇ ਛੱਡਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਟਿੰਕੂ ਦੇ ਮਾਮਲੇ ’ਚ ਫਿਰੋਜ਼ਪੁਰ ਦੇ ਸ਼ੂਟਰ ਜੀਤਾ ਨੇ ਕੀਤੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News