ਮੇਰਠ ਤੋਂ ਲਿਆ ਕੇ ਜਲੰਧਰ ’ਚ ਸਪਲਾਈ ਕਰਦਾ ਸੀ ਨਸ਼ੇ ਵਾਲੀਆਂ ਗੋਲੀਆਂ, ਗ੍ਰਿਫਤਾਰ
Friday, Oct 05, 2018 - 06:02 AM (IST)

ਜਲੰਧਰ, (ਕਮਲੇਸ਼)- ਥਾਣਾ 2 ਦੀ ਪੁਲਸ ਨੇ ਗਾਂਧੀ ਕੈਂਪ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ 2132 ਨਸ਼ੇ ਵਾਲੀਆਂ ਗੋਲੀਆਂ ਨਾਲ ਗ੍ਰਿਫਤਾਰ ਕੀਤਾ ਹੈ। ਏ. ਸੀ. ਪੀ. ਦਲਬੀਰ ਸਿੰਘ ਬੁੱਟਰ ਤੇ ਐੈੱਸ. ਐੱਚ. ਓ. ਮਨਮੋਹਨ ਸਿੰਘ ਨੇ ਦੱਸਿਆ ਕਿ ਏ. ਐੈੱਸ. ਆਈ. ਨਰਿੰਦਰ ਸਿੰਘ ਪੁਲਸ ਪਾਰਟੀ ਨਾਲ ਬੁੱਧਵਾਰ ਨੂੰ ਗਾਂਧੀ ਕੈਂਪ ਵਿਚ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਇਕ ਨੌਜਵਾਨ ਹੱਥ ਵਿਚ ਕਾਲੇ ਰੰਗ ਦਾ ਬੈਗ ਲੈ ਕੇ ਪੈਦਲ ਆ ਰਿਹਾ ਸੀ। ਪੁਲਸ ਨੇ ਸ਼ੱਕ ਦੇ ਆਧਾਰ ’ਤੇ ਨੌਜਵਾਨ ਨੂੰ ਰੋਕ ਕੇ ਪੁੱਛਗਿੱਛ ਕਰ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਜਿਨ੍ਹਾਂ ਵਿਚ 2042 ਕੈਪਸੂਲ ਤੇ 90 ਗੋਲੀਆਂ ਸਨ। ਮੁਲਜ਼ਮ ਦੀ ਪਛਾਣ ਕੇਵਲ ਕ੍ਰਿਸ਼ਨ ਉਰਫ ਲੱਕੀ ਪੁੱਤਰ ਜਸਪਾਲ ਸਿੰਘ ਦੇ ਤੌਰ ’ਤੇ ਹੋਈ ਹੈ। ਮੁਲਜ਼ਮ ਖਿਲਾਫ ਐੈੱਨ. ਡੀ. ਪੀ. ਐੈੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਮੁਲਜ਼ਮ ਇਕ ਡਰਾਈਵਰ ਹੈ ਤੇ ਯੂ. ਪੀ. ਮੇਰਠ ਤੋਂ ਨਸ਼ੇ ਵਾਲੀਆਂ ਗੋਲੀਆਂ ਲਿਆ ਕੇ ਜਲੰਧਰ ਵਿਚ ਵੇਚਦਾ ਸੀ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਮੁਲਜ਼ਮ ਦੇ ਖਿਲਾਫ ਪਹਿਲਾਂ ਹੀ ਕੋਰਟ ਵਿਚ ਐਕਸੀਡੈਂਟਲ ਡੈੱਥ ਦਾ ਮਾਮਲਾ ਚਲ ਰਿਹਾ ਹੈ। 27 ਮਾਰਚ 2016 1 ਮੁਲਜ਼ਮ ਦੀ ਤੇਜ਼ ਰਫਤਾਰ ਕਾਰ ਦੀ ਆਟੋ ਨਾਲ ਟੱਕਰ ਹੋ ਗਈ ਸੀ। ਹਾਦਸੇ ਵਿਚ ਆਟੋ ਸਵਾਰ ਤਿੰਨ ਲੋਕ ਜ਼ਖ਼ਮੀ ਹੋ ਗਏ ਸਨ। ਜਦੋਂਕਿ ਨਿਜਾਤਮ ਨਗਰ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਦੀ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ ਸੀ।