ਲਿਟਰੇਰੀ ਫੈਸਟੀਵਲ ਨਾਲ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤੀ ਜਾਏਗੀ ਡਿਜੀਟਲ ਲਾਇਬ੍ਰੇਰੀ

03/02/2023 12:53:47 PM

ਹੁਸ਼ਿਆਰਪੁਰ (ਘੁੰਮਣ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ 4 ਮਾਰਚ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ ਦੇ ਸਹਿਯੋਗ ਨਾਲ ‘ਹੁਸ਼ਿਆਰਪੁਰ ਲਿਟ ਫੈਸਟ 2023’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਰੈੱਡ ਕਰਾਸ ਬਿਲਡਿੰਗ ਦੇ ਸਾਹਮਣੇ ਤਿਆਰ ਕੀਤੀ ਗਈ ਡਿਜੀਟਲ ਲਾਇਬ੍ਰੇਰੀ ਦੇ ਲੋਕ ਅਰਪਣ ਦੇ ਨਾਲ ਹੀ ਉਥੇ ਇਸ ਲਿਟਰੇਰੀ ਫੈਸਟੀਵਲ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹ ਬੁੱਧਵਾਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸੂਚਨਾ ਕਮਿਸ਼ਨਰ ਪੰਜਾਬ ਖੁਸ਼ਵੰਤ ਸਿੰਘ ਦੀ ਮੌਜੂਦਗੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ : 13 ਸਾਲਾ ਕੁੜੀ ਨੂੰ ਅਗਵਾ ਕਰਕੇ ਕੀਤਾ ਸੀ ਜਬਰ-ਜ਼ਿਨਾਹ, ਹੁਣ ਜਲੰਧਰ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਜੀਟਲ ਲਾਇਬ੍ਰੇਰੀ ਵਿਚ ਡਿਜੀਟਲ ਮਾਧਿਅਮ ਰਾਹੀਂ ਸਾਰਾ ਕੰਟੈਂਟ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਦੀ ਮੈਂਬਰਸ਼ਿਪ ਮਾਮੂਲੀ ਰੱਖੀ ਗਈ ਹੈ ਤਾਂ ਜੋ ਕੋਈ ਵੀ ਇਸ ਲਾਇਬ੍ਰੇਰੀ ਦਾ ਲਾਭ ਲੈ ਸਕੇ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਵਿਚ ਲੈਪਟਾਪ ਅਤੇ ਟੈਬ ਵਰਗੇ ਆਧੁਨਿਕ ਗੈਜੇਟਸ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨਜ ਅਤੇ ਬੱਚਿਆਂ ਲਈ ਇਥੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਮਾਪੇ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਲਾਇਬ੍ਰੇਰੀ ਵਿਚ ਆ ਸਕਦੇ ਹਨ।

ਇਸ ਦੌਰਾਨ ਸੂਚਨਾ ਕਮਿਸ਼ਨਰ ਪੰਜਾਬ ਖ਼ੁਸ਼ਵੰਤ ਸਿੰਘ ਅਤੇ ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ ਦੀ ਪ੍ਰਧਾਨ ਸਨਾ ਕੇ. ਗੁਪਤਾ ਨੇ ਦੱਸਿਆ ਕਿ 4 ਮਾਰਚ ਨੂੰ ਸਵੇਰੇ 10.30 ਵਜੇ ਡਿਜੀਟਲ ਲਾਇਬ੍ਰੇਰੀ ਦੇ ਉਦਘਾਟਨ ਤੋਂ ਬਾਅਦ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ‘ਪੜ੍ਹਦਾ ਪੰਜਾਬ ਵਧਦਾ ਪੰਜਾਬ’ ਥੀਮ ਹੋਣ ਵਾਲੇ ‘ਹੁਸ਼ਿਆਰਪੁਰ ਲਿਟ ਫੈਸਟ 2023’ ਵਿਚ ਦੇਸ਼ ਦੇ ਨਾਮੀ ਲੇਖਕ ਅਤੇ ਪੱਤਰਕਾਰ ਹਿੱਸਾ ਲੈ ਰਹੇ ਹਨ।

ਇਨ੍ਹਾਂ ਵਿਚ ਲੇਖਕ ਅਤੇ ਫਿਲਮ ਮੇਕਰ ਅਮਰਦੀਪ ਸਿੰਘ, ਲੇਖਕ ਤੇ ਸਾਬਕਾ ਰਾਅ ਚੀਫ਼ ਏ. ਐੱਸ. ਦੁੱਲਤ, ਸਾਬਕਾ ਵਿਧਾਇਕ ਕੰਵਰ ਸੰਧੂ, ਲੇਖਕ ਤੇ ਸਾਬਕਾ ਰਾਜਦੂਤ ਨਵਤੇਜ ਸਰਨਾ, ਲੇਖਕ ਤੇ ਸਾਬਕਾ ਸੈਨਾ ਅਧਿਕਾਰੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਕੇ. ਜੇ. ਐੱਸ. ਢਿੱਲੋਂ, ਲੇਖਕਾ, ਕਵਿੱਤਰੀ ਨਿਰੂਪਮਾ ਦੱਤ ਜਿਹੀਆਂ ਸ਼ਖਸੀਅਤਾਂ ਸ਼ਾਮਲ ਹਨ। ਉਨ੍ਹਾਂ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤਰ੍ਹਾਂ ਦੇ ਇਸ ਵਿਸ਼ੇਸ਼ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਿਰਕਤ ਕਰ ਕੇ ਇਨ੍ਹਾਂ ਦੇ ਵਿਚਾਰ ਜ਼ਰੂਰ ਸੁਣਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ ਵੱਲੋਂ ਜ਼ਿਲੇ ਵਿਚ ਇਹ ਤੀਸਰਾ ਲਿਟ ਫੈਸਟ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਦਲਜੀਤ ਕੌਰ ਅਤੇ ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਹੁਣ ਸ਼ਮਸ਼ਾਨਘਾਟਾਂ ਤੋਂ ਹੀ ਮਿਲੇਗਾ ‘ਡੈੱਥ ਸਰਟੀਫਿਕੇਟ', ਜਲੰਧਰ ਨਗਰ ਨਿਗਮ ਨੇ ਬਣਾਈ ਇਹ ਯੋਜਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News