ਜਲੰਧਰ ਦੇ ਡੀ. ਸੀ. ਦੇ ਹੁਕਮ, ਅਧਿਕਾਰੀ ਆਕਸੀਜਨ ਦੀ ਸਪਲਾਈ ’ਤੇ 24 ਘੰਟੇ ਰੱਖਣ ਨਿਗਰਾਨੀ

Friday, Apr 23, 2021 - 12:59 PM (IST)

ਜਲੰਧਰ ਦੇ ਡੀ. ਸੀ. ਦੇ ਹੁਕਮ, ਅਧਿਕਾਰੀ ਆਕਸੀਜਨ ਦੀ ਸਪਲਾਈ ’ਤੇ 24 ਘੰਟੇ ਰੱਖਣ ਨਿਗਰਾਨੀ

ਜਲੰਧਰ (ਚੋਪੜਾ)- ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਕੋਰੋਨਾ ਮਹਾਮਾਰੀ ਦੌਰਾਨ ਕੋਰੋਨਾ ਮਰੀਜ਼ਾਂ ਦੀਆਂ ਬੇਸ਼ਕੀਮਤੀ ਜਾਨਾਂ ਬਚਾਉਣ ਲਈ ਪੁਲਸ ਮਹਿਕਮੇ ਨੂੰ ਜੀਵਨ ਰੱਖਿਅਕ ਗੈਸ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਦੇ ਇਲਾਵਾ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚ ਆਕਸੀਜਨ ਦੀ ਸਪਲਾਈ ’ਤੇ 24 ਘੰਟੇ ਨਿਗਰਾਨੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਨ ਦੌਰਾਨ ਡਿਪਟੀ ਕਮਿਸ਼ਨਰ (ਆਬਕਾਰੀ ਅਤੇ ਜੀ. ਐੱਸ. ਟੀ.) ਨੂੰ ਆਪਣੇ ਅਧਿਕਾਰੀਆਂ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰਨ ਲਈ ਵੀ ਕਿਹਾ ਤਾਂ ਕਿ ਹਸਪਤਾਲਾਂ ਨੂੰ ਆਕਸੀਜਨ ਗੈਸ ਦੀ ਸਪਲਾਈ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਆਕਸੀਜਨ ਦੀ ਸਪਲਾਈ ਹਸਪਤਾਲਾਂ ਨੂੰ ਪਹਿਲ ਦੇ ਆਧਾਰ ’ਤੇ ਕੀਤੀ ਜਾਣੀ ਹੈ ਅਤੇ ਹਸਪਤਾਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਜੇਕਰ ਕੋਈ ਸਟਾਕ ਬਚਦਾ ਹੈ ਤਾਂ ਹੀ ਆਕਸੀਜਨ ਨੂੰ ਛੂਟ ਦਿੱਤੇ 9 ਉਦਯੋਗਾਂ ਨੂੰ ਸਪਲਾਈ ਕੀਤਾ ਜਾ ਸਕਦਾ ਹੈ l
ਇਹ ਵੀ ਪੜ੍ਹੋ : ਗਾਂਧੀ ਵਨੀਤਾ ਆਸ਼ਰਮ ਦੀਆਂ 40 ਤੋਂ ਵੱਧ ਕੁੜੀਆਂ ਕੋਰੋਨਾ ਪਾਜ਼ੇਟਿਵ, ਸਿਹਤ ਮਹਿਕਮੇ ’ਚ ਪਈਆਂ ਭਾਜੜਾਂ

PunjabKesari

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਸਪਤਾਲਾਂ ਨੂੰ ਦਿੱਤੀ ਜਾ ਰਹੀ ਕੁੱਲ ਸਪਲਾਈ ਅਤੇ ਉਨ੍ਹਾਂ ਦੀ ਵਰਤੋਂ, ਹਸਪਤਾਲਾਂ ਵਿਚ ਆਕਸੀਜਨ ਸਿਲੰਡਰਾਂ ਦੀ ਕੁੱਲ ਮੰਗ ਅਤੇ ਜ਼ਿਲੇ ਵਿਚ ਇੰਡਸਟਰੀ ਵਿੱਚ ਭਰੇ ਸਿਲੰਡਰਾਂ ਦੀ ਉਪਲੱਬਧਤਾ ਸਮੇਤ ਤਿੰਨ ਮੁੱਖ ਪੁਆਇੰਟਾਂ ’ਤੇ ਚੈਕਿੰਗ ਕੀਤੀ ਜਾਣੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਰਫ 9 ਉਦਯੋਗਾਂ ਨੂੰ ਹੀ ਆਕਸੀਜਨ ਗੈਸ ਦੀ ਸਪਲਾਈ ਕਰਨ ਦੀ ਇਜਾਜ਼ਤ ਦੇਣ ਲਈ ਉਨ੍ਹਾਂ ਨੇ ਦੋ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਹੈ। ਉਨ੍ਹਾਂ ਨੇ ਸਥਾਨਕ ਪੁਲਸ ਅਧਿਕਾਰੀਆਂ ਨੂੰ ਆਕਸੀਜਨ ਸਿਲੰਡਰਾਂ ਦੀ ਢੁਆਈ ਕਰਨ ਵਾਲੇ ਵਾਹਨਾਂ ਦੀ ਚੈਕਿੰਗ ਕਰਨ ਦੇ ਹੁਕਮ ਦਿੱਤੇ। ਚਾਹੇ ਇਹ ਸਪਲਾਈ ਹਸਪਤਾਲਾਂ ਜਾਂ ਹੋਰ ਸੰਸਥਾਵਾਂ ਨੂੰ ਹੀ ਦਿੱਤੀ ਜਾ ਰਹੀ ਹੋਵੇ, ਉਸ ਦੀ ਜਾਂਚ ਜ਼ਰੂਰ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਵਾਹਨ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਦਰਬਾਰਾ ਸਿੰਘ ਤੋਂ ਬਿਨਾਂ ਲਿਖਤੀ ਮਨਜ਼ੂਰੀ ਦੇ ਉਦਯੋਗਾਂ ਨੂੰ ਆਕਸੀਜਨ ਗੈਸ ਦੀ ਸਪਲਾਈ ਕਰਦੇ ਹੋਏ ਦੇਖਿਆ ਗਿਆ ਤਾਂ ਅਜਿਹੇ ਮਾਮਲਿਆਂ ਵਿਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)

ਡਿਪਟੀ ਕਮਿਸ਼ਨਰ ਨੇ ਪ੍ਰਾਈਵੇਟ ਹਸਪਤਾਲਾਂ ਲਈ ਨਿਯੁਕਤ ਕੀਤੇ ਗਏ ਨੋਡਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਤੁਰੰਤ ਉਨ੍ਹਾਂ ਨੂੰ ਸੌਂਪੇ ਹਸਪਤਾਲਾਂ ਦੇ ਨਾਲ ਸੰਪਰਕ ਕਰ ਕੇ ਅਤੇ ਉਨ੍ਹਾਂ ਨੂੰ ਆਪਣੇ ਨਿਰਧਾਰਤ 75 ਫ਼ੀਸਦੀ ਬੈੱਡ ਕੋਰੋਨਾ ਦੇ ਮਰੀਜ਼ਾਂ ਲਈ ਰਿਜ਼ਰਵ ਰੱਖਣ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਨੋਡਲ ਅਧਿਕਾਰੀਆਂ ਨੂੰ ਹਸਪਤਾਲਾਂ ਵਿਚ ਆਕਸੀਜਨ ਸਿਲੰਡਰਾਂ ਦੀ ਵਰਤੋਂ ਦੀ ਜਾਂਚ ਕਰਦੇ ਹੋਏ ਹਸਪਤਾਲਾਂ ਨੂੰ ਆਕਸੀਜਨ ਕੰਸੇਨਟ੍ਰੇਟਰ ਖ਼ਰੀਦਣ ਅਤੇ ਪੀ. ਐੱਸ. ਏ. ਆਧਾਰਿਤ ਆਕਸੀਜਨ ਸਿਲੰਡਰ ਪਲਾਂਟ ਲਗਾਉਣ ਦੀ ਅਪੀਲ ਕਰਨ ਦੀ ਵੀ ਹਦਾਇਤ ਕੀਤੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਆਕਸੀਜਨ ਗੈਸ ਦੀ ਭਾਰੀ ਮੰਗ ਨੂੰ ਘੱਟ ਕਰਨ ਲਈ ਆਪਣੇ ਆਕਸੀਜਨ ਜਨਰੇਸ਼ਨ ਪਲਾਂਟ ਲਾਉਣ ਤੋਂ ਇਲਾਵਾ ਸਿਵਲ ਹਸਪਤਾਲ ਦੇ ਲਈ 5 ਆਕਸੀਜਨ ਕੰਸੇਨਟ੍ਰੇਟਰ ਦਾ ਆਰਡਰ ਦਿੱਤਾ ਹੈ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਜਸਬੀਰ ਸਿੰਘ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਟਾਂਡਾ 'ਚ ਵੱਡੀ ਵਾਰਦਾਤ, ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ 


author

shivani attri

Content Editor

Related News