ਦਿੱਲੀ ਦੇ ਚੋਣ ਨਤੀਜਿਆਂ ਤੋਂ ਬਾਅਦ ਹੁਣ ‘ਇੰਡੀਆ’ ਗੱਠਜੋੜ ਦਾ ਟੁੱਟਣਾ ਤੈਅ : ਚੁੱਘ
Sunday, Feb 09, 2025 - 08:53 PM (IST)
![ਦਿੱਲੀ ਦੇ ਚੋਣ ਨਤੀਜਿਆਂ ਤੋਂ ਬਾਅਦ ਹੁਣ ‘ਇੰਡੀਆ’ ਗੱਠਜੋੜ ਦਾ ਟੁੱਟਣਾ ਤੈਅ : ਚੁੱਘ](https://static.jagbani.com/multimedia/2024_9image_13_53_029168735chugh.jpg)
ਜਲੰਧਰ/ਚੰਡੀਗੜ੍ਹ, (ਵਿਸ਼ੇਸ਼)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ’ਚ ਭਾਜਪਾ ਦੀ ਜਿੱਤ ਤੋਂ ਬਾਅਦ ਦਿੱਲੀ ਤੋਂ ਲੁੱਟੇ ਪੈਸਿਆਂ ਨੂੰ ਵਾਪਸ ਲੈ ਕੇ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਉਣ ਦਾ ਜੋ ਬਿਆਨ ਦਿੱਤਾ ਹੈ, ਉਹ ਸਵਾਗਤਯੋਗ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਜੋ ਫਤਵਾ ਦਿੱਤਾ ਹੈ ਉਸਦਾ ਪੂਰਾ ਸਨਮਾਨ ਕੀਤਾ ਜਾਵੇਗਾ। ਕਾਂਗਰਸ ਦੀ ਜੋ ਦੁਰਗਤੀ ਹੋਈ ਹੈ, ਉਸ ਤੋਂ ਬਾਅਦ ਉਹ ਦੇਸ਼ ’ਚ ਆਪਣੇ ਪੈਰ ਨਹੀਂ ਜਮਾ ਸਕੇਗੀ ਕਿਉਂਕਿ ਜਨਤਾ ਲਗਾਤਾਰ ਕਾਂਗਰਸ ਨੂੰ ਸਜ਼ਾ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਸਦਾ ਭਰਮ ਪੈਦਾ ਕਰਦੇ ਹਨ ਅਤੇ ਸਿਆਸਤ ’ਚ ਅਡੰਬਰ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਅੰਤ ਹੋ ਗਿਆ ਹੈ। ਪੰਜਾਬ ਵੀ ਹੁਣ ‘ਆਪ-ਦਾ’ ਤੋਂ ਮੁਕਤੀ ਚਾਹੁੰਦਾ ਹੈ ਅਤੇ ਦਿੱਲੀ ਦੇ ਚੋਣ ਨਤੀਜਿਆਂ ਦਾ ਪੰਜਾਬ ’ਤੇ ਅਸਰ ਪਵੇਗਾ। ਪੰਜਾਬ ਨੂੰ ਹੁਣ ਦਿੱਲੀ ਦੀ ਟੀਮ ਤੋਂ ਮੁਕਤੀ ਮਿਲੇਗੀ ਕਿਉਂਕਿ ਕੇਜਰੀਵਾਲ ਦੀ ਟੀਮ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਆਸਪਾਸ ਕਬਜ਼ਾ ਕੀਤਾ ਹੋਇਆ ਸੀ।
ਉਨ੍ਹਾਂ ਕਿਹਾ ਕਿ ਦਿੱਲੀ ਦੀ ਜਿੱਤ ਤੋਂ ਬਾਅਦ ਭਾਜਪਾ ਦਾ ਮਨੋਬਲ ਵਧਿਆ ਹੈ ਅਤੇ ਪੰਜਾਬ ’ਚ ਵੀ ਉਹ ਹੁਣ ਜਨਤਾ ਦੀਆਂ ਆਸਾਂ ’ਤੇ ਪੂਰੀ ਤਰ੍ਹਾਂ ਨਾਲ ਖਰਾ ਉਤਰੇਗੀ। ਉਨ੍ਹਾਂ ਕਿਹਾ ਕਿ 2024 ’ਚ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਮਿਲ ਕੇ ਲੜੀਆਂ ਸਨ ਪਰ ਦਿੱਲੀ ਦੀ ਜਨਤਾ ਨੇ ਉਨ੍ਹਾਂ ਨੂੰ ਕਰਾਰੀ ਸਜ਼ਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਲੁੱਟ-ਖਸੁੱਟ ਕਰਨ ਵਾਲੀ ਟੀਮ ਹੈ। ਦਿੱਲੀ ਦੇ ਚੋਣ ਨਤੀਜਿਆਂ ਤੋਂ ਬਾਅਦ ‘ਇੰਡੀਆ’ ਗੱਠਜੋੜ ਪੂਰੀ ਤਰ੍ਹਾਂ ਨਾਲ ਟੁੱਟ ਜਾਵੇਗਾ। ਹੁਣ ਹੋਰ ਸਹਿਯੋਗੀ ਪਾਰਟੀਆਂ ਨੂੰ ਵੀ ਕਾਂਗਰਸ ’ਤੇ ਭਰੋਸਾ ਨਹੀਂ ਰਿਹਾ। ਭਾਜਪਾ ਨੇਤਾ ਨੇ ਕਿਹਾ ਕਿ ਜਨਤਾ ਹੁਣ ਪੂਰੀ ਤਰ੍ਹਾਂ ਭਾਜਪਾ ਨਾਲ ਖੜ੍ਹੀ ਹੈ