ਸ਼ਾਹਕੋਟ : ਨਵਾਂ ਕਿਲਾ ਮਸਜਿਦ ਦੇ ਇਮਾਮ ’ਤੇ ਲੁਟੇਰਿਆਂ ਵੱਲੋਂ ਜਾਨਲੇਵਾ ਹਮਲਾ
Wednesday, Aug 31, 2022 - 01:55 PM (IST)

ਸ਼ਾਹਕੋਟ/ਜਲੰਧਰ (ਮਜ਼ਹਰ)- ਸ਼ਾਹਕੋਟ ਨੇੜੇ ਨਵਾਂ ਕਿਲਾ ਦੀ ਮਸਜਿਦ ਦੇ ਇਮਾਮ ਸਿਰਾਜੂਦੀਨ ਦੇ ਪਿਤਾ ਜਲਾਲੂਦੀਨ (52) ’ਤੇ ਲੁਟੇਰਿਆਂ ਵੱਲੋਂ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੁਪਹਿਰ ਢਾਈ ਵਜੇ ਜਦੋਂ ਇਮਾਮ ਸਿਰਾਜੂਦੀਨ ਬੱਚਿਆਂ ਨੂੰ ਪੜ੍ਹਾਉਣ ਲਈ ਜਾ ਰਿਹਾ ਸੀ ਤਾਂ ਰਸਤੇ ’ਚ ਲੁਟੇਰਿਆਂ ਨੇ ਇਮਾਮ ਸਾਹਿਬ ਨੂੰ ਰੋਕ ਲਿਆ ਅਤੇ ਪੈਸੇ ਮੰਗਣ ਲੱਗੇ।
ਮਨ੍ਹਾ ਕਰਨ ’ਤੇ ਲੁਟੇਰਿਆਂ ਨੇ ਦਾਤਰ ਅਤੇ ਹਾਕੀਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ। ਲੁਟੇਰੇ ਉਸ ਦੀ ਜੇਬ ’ਚੋਂ 500 ਰੁਪਏ ਤੇ ਮਸਜਿਦ ਦੀਆਂ ਚਾਬੀਆਂ ਲੈ ਕੇ ਫ਼ਰਾਰ ਹੋ ਗਏ। ਲੁਟੇਰਿਆਂ ਦੇ ਹਮਲੇ ਕਾਰਨ ਉਸ ਦੀ ਜੇਬ ’ਚ ਪਿਆ ਮੋਬਾਈਲ ਚਕਨਾਚੂਰ ਹੋ ਗਿਆ। ਥਾਣਾ ਸ਼ਾਹਕੋਟ ਦੇ ਐੱਸ. ਐੱਚ. ਓ. ਇੰਸ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਕਿਸੇ ਸਾਜ਼ਿਸ਼ ਦਾ ਨਹੀਂ ਹੈ। ਲੁੱਟ ਦੀ ਨੀਅਤ ਨਾਲ 4 ਲੁਟੇਰਿਆਂ ਨੇ ਮੋਟਰਸਾਈਕਲ ’ਤੇ ਸਵਾਰ ਇਮਾਮ ਸਾਹਿਬ ਨੂੰ ਘੇਰ ਲਿਆ ਤੇ ਪੈਸਿਆਂ ਦੀ ਮੰਗ ਕਰਨ ਲੱਗੇ। ਲੁਟੇਰਿਆਂ ਨੇ ਇਮਾਮ ਸਾਹਿਬ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੇ ਬਾਂਹ ਤੇ ਪਿੱਠ ’ਤੇ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ: ਭੁਲੱਥ ਦੀ ਸ਼ਰਮਨਾਕ ਘਟਨਾ, 3 ਬੱਚਿਆਂ ਦੀ ਮਾਂ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੀਤੀ ਵਾਇਰਲ
ਇੰਸ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਵੱਖ-ਵੱਖ ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਹਕੋਟ ਦੇ ਪ੍ਰਧਾਨ ਮੁਹੰਮਦ ਯਾਕੂਬ ਨੇ ਕਿਹਾ ਕਿ ਇਮਾਮ ਸਾਹਿਬ ’ਤੇ ਹਮਲਾ ਬਹੁਤ ਹੀ ਨਿੰਦਣਯੋਗ ਹੈ । ਲੁਟੇਰਿਆਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਮਲਾ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਜਾਂ ਕਿਸੇ ਰੰਜਿਸ਼ ਤਹਿਤ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਨਸ਼ੇ ਲਈ ਪੈਸੇ ਨਾ ਦੇਣ ’ਤੇ ਨੌਜਵਾਨ ਨੇ ਫੁੱਫੜ ਦਾ ਬੇਰਹਿਮੀ ਨਾਲ ਕੀਤਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ