DC ਨੇ 12ਵੀਂ ਦੇ ਟਾਪਰਾਂ ਨਾਲ ਕੀਤੀ ਮੁਲਾਕਾਤ, 1.20 ਲੱਖ ਦੀ ਸਕਾਲਰਸ਼ਿਪ ਨਾਲ ਕੀਤਾ ਸਨਮਾਨਤ

Saturday, Jul 25, 2020 - 02:22 PM (IST)

DC ਨੇ 12ਵੀਂ ਦੇ ਟਾਪਰਾਂ ਨਾਲ ਕੀਤੀ ਮੁਲਾਕਾਤ,  1.20 ਲੱਖ ਦੀ ਸਕਾਲਰਸ਼ਿਪ ਨਾਲ ਕੀਤਾ ਸਨਮਾਨਤ

ਜਲੰਧਰ(ਸੁਮਿਤ) - ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਸਰਕਾਰੀ ਸਕੂਲਾਂ ਦੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੂੰ 1.20 ਲੱਖ ਰੁਪਏ ਦੀ ਸਕਾਲਰਸ਼ਿਪ ਤਕਸੀਮ ਕੀਤੀ ਗਈ।

ਉਨ੍ਹਾਂ ਮੈਡੀਕਲ ਨਾਨ ਮੈਡੀਕਲ, ਆਰਟਸ ਅਤੇ ਕਾਮਰਸ ਵਿਸ਼ਿਆਂ ਦੇ ਤਿੰਨ-ਤਿੰਨ ਵਿਦਿਆਰਥੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਸ ਕਾਮਯਾਬੀ ’ਤੇ ਵਧਾਈ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ 10 ਹਜ਼ਾਰ ਰੁਪਏ ਹਰ ਵਿਦਿਆਰਥੀ ਨੂੰ ਦਿੱਤੇ ਗਏ, ਜੋ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਸਨਮਾਨ ਹੈ, ਜਿਨ੍ਹਾਂ ਨੇ ਅਪਣੇ ਅਕਾਦਮਿਕ ਸੈਸ਼ਨ ਦੌਰਾਨ ਸਖ਼ਤ ਮਿਹਨਤ ਕਰ ਕੇ ਇਸ ਕਾਮਯਾਬੀ ਨੂੰ ਹਾਸਲ ਕੀਤਾ ਹੈ।

ਇਸ ਮੌਕੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਫ਼ਲਤਾ ਉਨ੍ਹਾਂ ਨੂੰ ਸਖ਼ਤ ਮਿਹਨਤ ਅਤੇ ਸਮਰਪਣ ਦੀ ਭਾਵਨਾ ਸਦਕਾ ਪ੍ਰਾਪਤ ਹੋਈ ਹੈ।

ਸਫ਼ਲਤਾ ਲਈ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਕੂੰਜੀ ਦੱਸਦਿਆਂ ਡੀ. ਸੀ. ਥੋਰੀ ਨੇ ਕਿਹਾ ਕਿ ਇਹ ਦੋਵੇਂ ਗੁਣ ਵਿਦਿਆਰਥੀਆਂ ਨੂੰ ਦੇਖੇ ਗਏ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਦੇਸ਼ ਅਤੇ ਸੂਬੇ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਿਚ ਮਦਦਗਾਰ ਸਾਬਿਤ ਹੋਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਭਵਿੱਖ ਵਿਚ ਉਚਾਈਆਂ ਨੂੰ ਛੋਹਣ ਲਈ ਸਖ਼ਤ ਮਿਹਨਤ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਹਮੇਸ਼ਾਂ ਹੀ ਹੋਣਹਾਰ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਲਈ ਤਿਆਰ ਹੈ।

ਮੈਡੀਕਲ ਵਿਚ ਵਨੀਤਾ (98 ਫੀਸਦੀ), ਸੁਪ੍ਰੀਆ (97.55 ਫੀਸਦੀ), ਅਕਸ਼ੈ ਕੁਮਾਰ (97.11 ਫੀਸਦੀ), ਨਾਨ ਮੈਡੀਕਲ ਵਿਚ ਪ੍ਰਤੀਭਾ (98.44 ਫੀਸਦੀ), ਧਾਰਾ ਵਿਸ਼ਨੂੰ ਪ੍ਰੀਆ (98.44 ਫੀਸਦੀ), ਕੇਸਵ ਸਿੰਘ (98.44 ਫੀਸਦੀ) ਅਤੇ ਆਰਟਸ ਵਿੱਚ ਆਸ਼ੂ (96.88 ਫੀਸਦੀ), ਜੋਤੀ (98.66 ਫੀਸਦੀ), ਚੇਤਨਾ (98.66 ਫੀਸਦੀ), ਹਰਪ੍ਰੀਤ ਕੌਰ (98 ਫੀਸਦੀ), ਅੰਜਲੀ (97.77 ਫੀਸਦੀ) ਅਤੇ ਨਿਕਿਤਾ ਸ਼ਰਮਾ (96.88 ਫੀਸਦੀ) ਅੰਕ ਪ੍ਰਾਪਤ ਕੀਤੇ ਗਏ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਵਲੋਂ ਕੋਵਿਡ-19 ਮਹਾਮਾਰੀ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਸਕਾਲਰਸ਼ਿਪ ਤਕਸੀਮ ਕੀਤੀ ਗਈ। ਇਨ੍ਹਾਂ ਵਿਦਿਆਰਥੀਆਂ ਨੂੰ ਦੋ ਗਰੁੱਪਾ ਵਿਚ ਇਕ ਨੂੰ ਸਵੇਰੇ ਅਤੇ ਦੂਸਰੇ ਨੂੰ ਸ਼ਾਮ ਨੂੰ ਸਕਾਲਰਸ਼ਿਪ ਵੰਡੀ ਗਈ।

 


author

Harinder Kaur

Content Editor

Related News