ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਖ਼ਿਲਾਫ਼ 2 ਹੋਰ ਮਾਮਲਿਆਂ 'ਚ ਗ੍ਰਿਫ਼ਤਾਰੀ ਵਾਰੰਟ ਜਾਰੀ

07/03/2020 5:00:36 PM

ਜਲੰਧਰ (ਚੋਪੜਾ)— ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਸਿਤਾਰੇ ਸ਼ਾਇਦ ਪੂਰੀ ਤਰ੍ਹਾਂ ਗਰਦਿਸ਼ 'ਚ ਹਨ, ਜਿਸ ਕਾਰਨ ਉਨ੍ਹਾਂ ਖਿਲਾਫ ਰੋਜ਼ਾਨਾ ਅਤੇ ਲਗਾਤਾਰ ਵੱਖ-ਵੱਖ ਅਦਾਲਤਾਂ ਤੋਂ ਅਰੈਸਟ ਵਾਰੰਟ ਕੱਢਣ ਦੀ ਜਿਵੇਂ ਝੜੀ ਹੀ ਲੱਗੀ ਹੋਈ ਹੈ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਨੇ ਸੂਰਿਆ ਐਨਕਲੇਵ ਐਕਸਟੈਂਸ਼ਨ ਅਤੇ ਗੁਰੂ ਗੋਬਿੰਦ ਐਵੇਨਿਊ ਸਕੀਮ 'ਚ ਲੋਕਲ ਡਿਸਪਲੇਸਡ ਪਰਸਨ ਕੋਟੇ ਨਾਲ ਸਬੰਧਤ 2 ਕੇਸਾਂ ਦੀ 29 ਜੂਨ ਨੂੰ ਸੁਣਵਾਈ ਦੌਰਾਨ ਆਪਣੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਟਰੱਸਟ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਅਰੈਸਟ ਵਾਰੰਟ ਜਾਰੀ ਕੀਤੇ ਹਨ।

ਸੂਰਿਆ ਐਨਕਲੇਵ ਐਕਸਟੈਂਸ਼ਨ 'ਚ ਪਲਾਟ ਨੰਬਰ 162 ਸੀ ਦੀ ਅਲਾਟੀ ਪ੍ਰੇਮ ਵਾਲੀਆ ਦੇ ਕੇਸ 'ਚ ਚੇਅਰਮੈਨ ਵਿਰੁੱਧ ਚੌਥੀ ਵਾਰ ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ 'ਚ 250-250 ਗਜ਼ ਦੇ 2 ਪਲਾਟਾਂ ਦੇ ਅਲਾਟੀ ਸਵ. ਡਾ. ਡੀ. ਡੀ. ਜਯੋਤੀ ਦੇ ਪੁੱਤਰ ਸੁਵਿਕਰਮ ਜਯੋਤੀ ਦੇ ਕੇਸ 'ਚ ਦੂਜੀ ਵਾਰ ਅਰੈਸਟ ਵਾਰੰਟ ਜਾਰੀ ਹੋਏ ਹਨ। ਫੋਰਮ ਨੇ ਇਨ੍ਹਾਂ ਕੇਸਾਂ ਦੀ ਅਗਲੀ ਸੁਣਵਾਈ 5 ਅਗਸਤ ਨੂੰ ਨਿਸ਼ਚਿਤ ਕੀਤੀ ਹੈ।

ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮੀ ਦੀ ਮੌਤ ਤੋਂ ਬਾਅਦ ਕੁਝ ਘੰਟਿਆਂ 'ਚ ਪ੍ਰੇਮਿਕਾ ਨੇ ਵੀ ਤੋੜਿਆ ਦਮ

ਟਰੱਸਟ 10 ਸਾਲਾਂ 'ਚ ਆਪਣੀ ਗਲਤੀ ਨਹੀਂ ਸੁਧਾਰ ਸਕਿਆ
ਪ੍ਰੇਮ ਵਾਲੀਆ,ਅਰਬਨ ਅਸਟੇਟ ਫੇਜ਼-1 ਦੀ ਵਾਸੀ ਬਜ਼ੁਰਗ ਮਹਿਲਾ ਨੂੰ 23 ਦਸੰਬਰ 2011 ਨੂੰ ਸੂਰਿਆ ਐਨਕਲੇਵ ਐਕਸਟੈਂਸ਼ਨ ਵਿਚ ਪੈਨਸ਼ਨ ਕੈਟਾਗਰੀ ਵਿਚ ਪਲਾਟ ਨੰਬਰ 162 ਸੀ ਅਲਾਟ ਹੋਇਆ ਸੀ। ਅਲਾਟੀ ਨੇ ਟਰੱਸਟ ਨੂੰ ਪਲਾਟ ਦੀ ਪੂਰੀ ਪੇਮੈਂਟ 21 ਲੱਖ 56 ਹਜ਼ਾਰ 125 ਰੁਪਏ ਕਰਨ ਲਈ ਬੈਂਕ ਤੋਂ ਕਰਜ਼ਾ ਵੀ ਲਿਆ ਸੀ, ਜਿਸ ਤੋਂ ਬਾਅਦ ਟਰੱਸਟ ਨੇ ਪ੍ਰੇਮ ਵਾਲੀਆ ਨੂੰ ਅਲਾਟਮੈਂਟ ਲੈਟਰ ਜਾਰੀ ਕੀਤਾ, ਜਿਸ ਦਾ ਨੰਬਰ ਜੇ. ਆਈ. ਟੀ./4577-ਮਿਤੀ 2-4-2020 ਸੀ ਪਰ ਟਰੱਸਟ ਅਧਿਕਾਰੀਆਂ ਨੇ ਲਾਪ੍ਰਵਾਹੀ ਨਾਲ ਲੈਟਰ ਵਿਚ ਅਲਾਟ ਹੋਏ ਪਲਾਟ ਦਾ ਨੰਬਰ 162 ਸੀ ਦੀ ਬਜਾਏ 162 ਡੀ ਲਿਖ ਦਿੱਤਾ ਸੀ।ਟਰੱਸਟ ਦੀ ਗਲਤੀ ਨੂੰ ਠੀਕ ਕਰਵਾਉਣ ਸਬੰਧੀ ਮਹਿਲਾ ਪਿਛਲੇ 10 ਸਾਲਾਂ ਤੋਂ ਧੱਕੇ ਖਾ ਰਹੀ ਹੈ। ਟਰੱਸਟ ਨੇ ਆਪਣੀ ਗਲਤੀ ਨੂੰ ਮੰਨਦੇ ਹੋਏ ਪਲਾਟ ਦਾ ਨੰਬਰ ਠੀਕ ਕਰਨਾ ਤਾਂ ਦੂਰ, ਅਲਾਟੀ ਨੂੰ ਪਲਾਟ ਦਾ ਕਬਜ਼ਾ ਵੀ ਨਹੀਂ ਸੌਂਪਿਆ। ਅਲਾਟੀ ਪ੍ਰੇਮ ਵਾਲੀਆ ਨੇ ਇੰਪਰੂਵਮੈਂਟ ਟਰੱਸਟ ਵਿਚ ਕੋਈ ਸੁਣਵਾਈ ਨਾ ਹੋਣ ਕਾਰਣ ਮਈ 2017 ਵਿਚ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਵਿਚ ਟਰੱਸਟ ਵਿਰੁੱਧ ਕੇਸ ਦਾਇਰ ਕੀਤਾ। ਫੋਰਮ ਨੇ 8 ਜੁਲਾਈ 2019 ਨੂੰ ਅਲਾਟੀ ਦੇ ਪੱਖ ਵਿਚ ਫੈਸਲਾ ਕਰਦੇ ਹੋਏ ਹੁਕਮ ਜਾਰੀ ਕੀਤੇ ਕਿ ਜੇਕਰ ਟਰੱਸਟ ਨੇ ਅਲਾਟੀ ਤੋਂ ਕੋਈ ਪੇਮੈਂਟ ਬਕਾਇਆ ਵਸੂਲਣੀ ਹੈ ਤਾਂ ਉਸ ਨੂੰ ਲੈ ਕੇ 2 ਮਹੀਨਿਆਂ ਵਿਚ ਪਲਾਟ ਦਾ ਕਬਜ਼ਾ ਦੇ ਦੇਵੇ। ਫੋਰਮ ਦੇ ਹੁਕਮਾਂ ਦੇ ਬਾਵਜੂਦ ਟਰੱਸਟ ਨੇ ਅਲਾਟੀ ਨੂੰ ਕਬਜ਼ਾ ਨਹੀਂ ਦਿੱਤਾ, ਜਿਸ 'ਤੇ ਅਲਾਟੀ ਨੇ 22 ਅਕਤੂਬਰ 2019 ਨੂੰ ਫੋਰਮ ਵਿਚ ਐਕਸੀਕਿਊਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ: ਪਤਨੀ ਤੇ ਉਸ ਦੇ ਆਸ਼ਿਕ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ

ਟਰੱਸਟ ਨੇ ਐੱਲ. ਡੀ. ਪੀ. ਕੋਟੇ 'ਚੋਂ ਅਲਾਟ ਪਲਾਟਾਂ ਦਾ ਕਬਜ਼ਾ ਨਹੀਂ ਦਿੱਤਾ
ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ 15 ਜੂਨ 2009 ਨੂੰ ਲੋਕਲ ਡਿਸਪਲੇਸਡ ਪਰਸਨ (ਐੱਲ. ਡੀ. ਪੀ.) ਕੋਟੇ ਵਿਚੋਂ 250-250 ਗਜ਼ ਦੇ 2 ਪਲਾਟ ਜਿਨ੍ਹਾਂ ਦਾ ਨੰਬਰ 142 ਅਤੇ 141 ਹੈ, ਦੇ ਅਲਾਟੀ ਸਵ. ਡਾ. ਡੀ. ਡੀ. ਜਯੋਤੀ ਦੇ ਪੁੱਤਰ ਸੁਵਿਕਰਮ ਜਯੋਤੀ ਵਾਸੀ ਪ੍ਰੇਮ ਨਗਰ ਦੇ ਮਾਮਲੇ ਵਿਚ ਟਰੱਸਟ ਨੇ 10 ਸਾਲਾਂ ਵਿਚ ਐੱਲ. ਡੀ. ਪੀ. ਕੋਟੇ ਤੋਂ ਅਲਾਟ ਪਲਾਟਾਂ ਦਾ ਕਬਜ਼ਾ ਨਹੀਂ ਦਿੱਤਾ,ਜਿਸ 'ਤੇ ਅਲਾਟੀ ਨੇ ਸਾਲ 2017 ਵਿਚ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਵਿਚ ਟਰੱਸਟ ਵਿਰੁੱਧ ਕੇਸ ਦਾਇਰ ਕੀਤਾ।ਸੁਵਿਕਰਮ ਨੇ ਕੋਰਟ ਨੂੰ ਦੱਸਿਆ ਕਿ ਉਸਦੇ ਪਿਤਾ ਸਵ. ਡਾ.ਜਯੋਤੀ ਨੇ ਜੁਲਾਈ 2009 ਵਿਚ ਦੋਵਾਂ ਪਲਾਟਾਂ ਦੇ 224750 ਰੁਪਏ ਦੇ ਹਿਸਾਬ ਨਾਲ ਬਣਦੇ 449500 ਰੁਪਏ ਟਰੱਸਟ ਵਿਚ ਜਮ੍ਹਾ ਕਰਵਾਏ ਸਨ, ਜਿਸ ਤੋਂ ਬਾਅਦ ਨਵੰਬਰ 2009 ਵਿਚ ਦੋਵਾਂ ਪਲਾਟਾਂ ਦੀ ਪਹਿਲੀ ਕਿਸ਼ਤ ਵਿਚ 302250 ਰੁਪਏ ਵੀ ਜਮ੍ਹਾ ਕਰਵਾ ਦਿੱਤੇ ਗਏ।

ਇਹ ਵੀ ਪੜ੍ਹੋ: ਸਿੱਖ ਨੌਜਵਾਨ ਵੱਲੋਂ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ

ਟਰੱਸਟ ਨੇ 17 ਦਸੰਬਰ 2019 ਨੂੰ ਅਲਾਟੀ ਨੂੰ ਇਕ ਪੱਤਰ ਭੇਜ ਕੇ ਦੱਸਿਆ ਕਿ ਤੁਹਾਨੂੰ ਅਲਾਟ ਹੋਏ ਦੋਵੇਂ ਪਲਾਟਾਂ ਨਾਲ ਸਬੰਧਤ ਜਾਂਚ ਪੰਜਾਬ ਸਰਕਾਰ ਕੋਲ ਲੰਬਿਤ ਹੈ,ਜਿਸ ਕਾਰਣ ਟਰੱਸਟ ਤੁਹਾਡੇ ਭੇਜੇ ਕਿਸ਼ਤਾਂ ਦੇ ਡਰਾਫਟ ਜਮ੍ਹਾ ਨਹੀਂ ਕਰ ਸਕਦਾ। ਸੁਵਿਕਰਮ ਨੇ ਕਿਹਾ ਕਿ ਉਸਦੇ ਪਿਤਾ ਨੇ ਇਕ ਵਾਰ ਫਿਰ 12 ਜਨਵਰੀ 2011 ਨੂੰ ਟਰੱਸਟ ਨੂੰ ਦੁਬਾਰਾ ਕਿਸ਼ਤਾਂ ਜਮ੍ਹਾ ਕਰਵਾ ਕੇ ਪਲਾਟਾਂ ਦਾ ਕਬਜ਼ਾ ਮੰਗਿਆ ਪਰ ਟਰੱਸਟ ਅਧਿਕਾਰੀਆਂ ਨੇ ਕਬਜ਼ਾ ਨਹੀਂ ਦਿੱਤਾ। ਸਾਲ 2014 'ਚ ਉਸ ਦੇ ਪਿਤਾ ਦੀ ਮੌਤ ਹੋ ਗਈ। ਫੋਰਮ ਨੇ 18 ਮਾਰਚ 2019 ਨੂੰ ਕੇਸ ਦਾ ਫੈਸਲਾ ਸੁਣਾਉਂਦੇ ਹੋਏ ਟਰੱਸਟ ਨੂੰ ਅਲਾਟੀ ਤੋਂ ਪੇਮੈਂਟ ਲੈ ਕੇ ਉਸ ਨੂੰ ਇਕ ਮਹੀਨੇ ਦੇ ਅੰਦਰ ਦੋਵਾਂ ਪਲਾਟਾਂ ਦਾ ਕਬਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਸਨ। ਇਸ ਤੋਂ ਇਲਾਵਾ ਅਲਾਟੀ ਨੂੰ 20 ਹਜ਼ਾਰ ਰੁਪਏ ਮੁਆਵਜ਼ਾ ਅਤੇ 7 ਹਜ਼ਾਰ ਰੁਪਏ ਕਾਨੂੰਨੀ ਖਰਚੇ ਦਾ ਭੁਗਤਾਨ ਕਰਨ ਨੂੰ ਵੀ ਕਿਹਾ ਸੀ। ਟਰੱਸਟ ਵੱਲੋਂ ਹੁਕਮਾਂ ਨੂੰ ਪੂਰਾ ਨਾ ਕਰਨ 'ਤੇ ਅਲਾਟੀ ਨੇ 3 ਅਕਤੂਬਰ 2019 ਨੂੰ ਫੋਰਮ ਵਿਚ ਐਕਸੀਕਿਊਸ਼ਨ ਲਗਾਈ,ਜਿਸ 'ਤੇ ਡਿਸਟ੍ਰਿਕਟ ਫੋਰਮ ਨੇ ਚੇਅਰਮੈਨ ਆਹਲੂਵਾਲੀਆ ਦੇ ਇਕ ਵਾਰ ਫਿਰ ਅਰੈਸਟ ਵਾਰੰਟ ਕੱਢੇ ਹਨ।


shivani attri

Content Editor

Related News