ਕੌਂਸਲਰ ਜੱਸਲ ਤੇ ਪਾਰਕਿੰਗ ਠੇਕੇਦਾਰ ਝਗੜੇ ’ਤੇ ਨਿਯਮਾਂ ਮੁਤਾਬਕ ਹੋਵੇਗੀ ਕਾਰਵਾਈ : ਹਰਦੀਪ ਸਿੰਘ

Friday, Jan 29, 2021 - 11:54 AM (IST)

ਕੌਂਸਲਰ ਜੱਸਲ ਤੇ ਪਾਰਕਿੰਗ ਠੇਕੇਦਾਰ ਝਗੜੇ ’ਤੇ ਨਿਯਮਾਂ ਮੁਤਾਬਕ ਹੋਵੇਗੀ ਕਾਰਵਾਈ : ਹਰਦੀਪ ਸਿੰਘ

ਜਲੰਧਰ(ਚੋਪੜਾ)–ਪ੍ਰਸ਼ਾਸਕੀ ਕੰਪਲੈਕਸ ਵਿਚ ਬੀਤੇ ਦਿਨੀਂ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਤੇ ਕੰਪਲੈਕਸ ਵਿਚ ਪਾਰਕਿੰਗ ਦੇ ਠੇਕੇਦਾਰ ਅਤੇ ਉਸਦੇ ਕਰਿੰਦਿਆਂ ਵਿਚਕਾਰ ਹੋਏ ਝਗੜੇ ਸਬੰਧੀ ਮਿਲੀ ਸ਼ਿਕਾਇਤ ਨੂੰ ਲੈ ਕੇ ਅੱਜ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਨੇ ਦੋਵਾਂ ਧਿਰਾਂ ਨੂੰ ਆਪਣੇ ਦਫ਼ਤਰ ਵਿਚ ਬੁਲਾ ਕੇ ਉਨ੍ਹਾਂ ਦੀਆਂ ਦਲੀਲਾਂ ਸੁਣੀਆਂ। ਇਸ ਦੌਰਾਨ ਜ਼ਿਲਾ ਨਾਜ਼ਰ ਅਸ਼ੋਕ ਕੁਮਾਰ ਵੀ ਮੌਜੂਦ ਸਨ।ਕੌਂਸਲਰ ਜੱਸਲ ਨੇ ਸਹਾਇਕ ਕਮਿਸ਼ਨਰ ਨੂੰ ਦੱਸਿਆ ਕਿ ਪ੍ਰਸ਼ਾਸਕੀ ਕੰਪਲੈਕਸ ਵਿਚ ਠੇਕੇਦਾਰ ਵੱਲੋਂ ਪਾਰਕਿੰਗ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕੰਪਲੈਕਸ ਦੇ ਬਿਲਕੁਲ ਵਿਚਕਾਰ ਬੈਰੀਕੇਡ ਲਾ ਕੇ ਵਾਹਨਾਂ ਦੀ ਪਾਰਕਿੰਗ ਕਰਵਾਈ ਜਾ ਰਹੀ ਹੈ, ਜਿਸ ਨਾਲ ਕੰਪਲੈਕਸ ਵਿਚ ਵੱਖ-ਵੱਖ ਕੰਮਾਂ ਸਬੰਧੀ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੌਂਸਲਰ ਜੱਸਲ ਨੇ ਦੱਸਿਆ ਕਿ ਗੇਟ ਨੰਬਰ 4 ਦੇ ਨਾਲ ਲੱਗਦੇ ਪਾਰਕਿੰਗ ਸਥਾਨ ’ਤੇ ਠੇਕੇਦਾਰ ਨੇ ਨਾਜਾਇਜ਼ ਤੌਰ ’ਤੇ ਕੁਝ ਏਜੰਟਾਂ ਦੇ ਸਟਾਲ ਲਾਏ ਹੋਏ ਹਨ, ਜਿਸ ਦੇ ਬਦਲੇ ਉਨ੍ਹਾਂ ਕੋਲੋਂ ਮਹੀਨਾ ਵਸੂਲਿਆ ਜਾ ਰਿਹਾ ਹੈ, ਜਦੋਂ ਕਿ ਵਾਹਨਾਂ ਲਈ ਢੁਕਵੀਂ ਥਾਂ ਨਾ ਹੋਣ ਕਾਰਣ ਪੂਰੇ ਕੰਪਲੈਕਸ ਵਿਚ ਅਵਿਵਸਥਾ ਦਾ ਆਲਮ ਬਣਿਆ ਰਹਿੰਦਾ ਹੈ।

ਕੌਂਸਲਰ ਜੱਸਲ ਨੇ ਕੰਪਲੈਕਸ ਦੇ ਗੇਟ ਨੰਬਰ 2 ਦੇ ਬਾਹਰ ਨਗਰ ਨਿਗਮ ਦੀ ਜ਼ਮੀਨ ’ਤੇ ਠੇਕੇਦਾਰ ਅਤੇ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਕਰਵਾਈ ਜਾ ਰਹੀ ਨਾਜਾਇਜ਼ ਪਾਰਕਿੰਗ ਅਤੇ ਵਾਹਨ ਚਾਲਕਾਂ ਕੋਲੋਂ ਕੀਤੀ ਜਾ ਰਹੀ ਵਸੂਲੀ ’ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕੋਲੋਂ ਇਸ ਸੜਕ ’ਤੇ ਪਾਰਕਿੰਗ ਕਰਵਾਉਣ ਦੀ ਕੋਈ ਮਨਜ਼ੂਰੀ ਨਹੀਂ ਲਈ ਗਈ। ਇਸ ਦੇ ਬਾਵਜੂਦ ਠੇਕੇਦਾਰ ਲੋਕਾਂ ਕੋਲੋਂ ਧੜੱਲੇ ਨਾਲ ਪੈਸੇ ਬਟੋਰ ਰਿਹਾ, ਜਿਸ ਦੇ ਬਦਲੇ ਨਾ ਤਾਂ ਨਗਰ ਨਿਗਮ ਤੇ ਨਾ ਹੀ ਪ੍ਰਸ਼ਾਸਨ ਨੂੰ ਵਾਧੂ ਰੈਵੇਨਿਊ ਪ੍ਰਾਪਤ ਹੋ ਰਿਹਾ ਹੈ। ਉਹ ਕੱਲ ਹੀ ਨਗਰ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੂੰ ਮਿਲ ਕੇ ਕੰਪਲੈਕਸ ਦੇ ਨਾਜਾਇਜ਼ ਪਾਰਕਿੰਗ ਏਰੀਆ ਨੂੰ ਖਾਲੀ ਕਰਵਾਉਣ ਦੀ ਮੰਗ ਕਰਨਗੇ। ਜੇਕਰ ਪਾਰਕਿੰਗ ਕਰਵਾਉਣੀ ਹੋਵੇਗੀ ਤਾਂ ਨਿਗਮ ਸ਼ਹਿਰ ਵਿਚ ਹੋਰ ਪਾਰਕਿੰਗ ਸਥਾਨਾਂ ਵਾਂਗ ਇਸ ਪਾਰਕਿੰਗ ਏਰੀਆ ਦਾ ਵੀ ਬੋਲੀ ਲਾ ਕੇ ਠੇਕਾ ਅਲਾਟ ਕਰੇਗਾ।

ਕੌਂਸਲਰ ਜੱਸਲ ਨੇ ਸਹਾਇਕ ਕਮਿਸ਼ਨਰ ਨੂੰ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਆਪਣੀ ਗੱਡੀ ਨੂੰ ਨਿਰਧਾਰਿਤ ਪਾਰਕਿੰਗ ਸਥਾਨ ਤੋਂ ਬਾਹਰ ਖੜ੍ਹਾ ਕੀਤਾ ਸੀ। ਇਸ ਦੇ ਬਾਵਜੂਦ ਵਾਪਸ ਪਰਤਣ ’ਤੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਨੇ ਪਾਰਕਿੰਗ ਫੀਸ ਦੀ ਵਸੂਲੀ ਨੂੰ ਲੈ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰਦਿਆਂ ਕੁੱਟਮਾਰ ਤੱਕ ਦੀ ਨੌਬਤ ਬਣਾ ਦਿੱਤੀ ਸੀ। ਉਨ੍ਹਾਂ ਕੰਪਲੈਕਸ ਵਿਚ ਲੱਗੀ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਅੱਗੇ ਵਾਹਨ ਖੜ੍ਹੇ ਕਰਵਾਉਣ ’ਤੇ ਵੀ ਇਤਰਾਜ਼ ਜਤਾਇਆ। ਠੇਕੇਦਾਰ ਨੇ ਕਿਹਾ ਕਿ ਵਾਹਨ ਗੇਟ ਵਿਚੋਂ ਬਾਹਰ ਨਿਕਲਦਾ ਦੇਖ ਕੇ ਉਸਦੇ ਕਰਿੰਦੇ ਨੇ ਚਾਲਕ ਕੋਲੋਂ ਪਾਰਕਿੰਗ ਫੀਸ ਦੇ 30 ਰੁਪਏ ਮੰਗੇ ਸਨ, ਜਿਸ ’ਤੇ ਡਰਾਈਵਰ ਨੇ ਪੈਸੇ ਦੇਣ ਦੀ ਥਾਂ ਉਲਟਾ ਉਨ੍ਹਾਂ ’ਤੇ ਹੀ ਧੌਂਸ ਜਮਾਉਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਇਹ ਝਗੜਾ ਹੋਇਆ।

ਉਨ੍ਹਾਂ ਕਿਹਾ ਕਿ ਕਰਿੰਦਿਆਂ ਨੇ ਕੌਂਸਲਰ ਜੱਸਲ ਸਮੇਤ ਕਿਸੇ ਵੀ ਵਿਅਕਤੀ ਨਾਲ ਕੋਈ ਬਦਤਮੀਜ਼ੀ ਨਹੀਂ ਕੀਤੀ, ਉਲਟਾ ਕੌਂਸਲਰ ਜੱਸਲ ਨੇ ਹੀ ਮਾਮਲੇ ਨੂੰ ਤੂਲ ਦਿੱਤਾ ਹੈ। ਕੌਂਸਲਰ ਜੱਸਲ ਅਤੇ ਠੇਕੇਦਾਰ ਦੀ ਗੱਲ ਸੁਣਨ ਉਪਰੰਤ ਸਹਾਇਕ ਕਮਿਸ਼ਨਰ ਨੇ ਜ਼ਿਲਾ ਨਾਜ਼ਰ ਕੋਲੋਂ ਪਾਰਕਿੰਗ ਠੇਕੇ ਦੀ ਸਮੁੱਚੀ ਫਾਈਲ ਦੇਖੀ ਅਤੇ ਐੱਸ. ਡੀ. ਐੱਮ. ਡਾ. ਜੈਇੰਦਰ ਸਿੰਘ ਨੂੰ ਲਿਖਤੀ ਹੁਕਮ ਜਾਰੀ ਕੀਤੇ ਹਨ ਕਿ ਉਹ ਕੱਲ ਤੱਕ ਗੇਟ ਦੇ ਨਾਲ ਲੱਗੇ ਨਾਜਾਇਜ਼ ਸਟਾਲਾਂ ਨੂੰ ਉਥੋਂ ਹਟਾ ਕੇ ਵਾਹਨਾਂ ਦੀ ਪਾਰਕਿੰਗ ਦੀ ਵਿਵਸਥਾ ਕਰਵਾਉਣ। ਇਸ ਤੋਂ ਇਲਾਵਾ ਰਸਤੇ ਵਿਚ ਲਾਏ ਬੈਰੀਕੇਡਾਂ ਨੂੰ ਹਟਵਾ ਕੇ ਨਿਯਮਾਂ ਦੇ ਮੁਤਾਬਕ ਠੇਕੇਦਾਰ ਨੂੰ ਠੇਕੇ ਿਵਚ ਮਿਲੇ ਪਾਰਕਿੰਗ ਏਰੀਏ ਦੀ ਨਿਸ਼ਾਨਦੇਹੀ ਕਰਵਾਉਣ ਤਾਂ ਕਿ ਜਿਸ ਤਰ੍ਹਾਂ ਉਨ੍ਹਾਂ ਨਾਲ ਝਗੜਾ ਹੋਇਆ, ਉਸ ਤਰ੍ਹਾਂ ਹੋਰ ਕਿਸੇ ਨਾਲ ਦੁਬਾਰਾ ਨਾ ਹੋਵੇ।


author

Aarti dhillon

Content Editor

Related News