ਖੁਲਾਸਾ: ਦਿਲਕੁਸ਼ਾ ਮਾਰਕੀਟ ''ਚ ਲੋਕਾਂ ਨੂੰ ਲੁੱਟਣ ਲਈ ਸਰਗਰਮ ਹਨ ਦਲਾਲ
Saturday, Apr 11, 2020 - 01:04 PM (IST)
ਜਲੰਧਰ (ਖੁਰਾਣਾ)— ਸਥਾਨਕ ਦਿਲਕੁਸ਼ਾ ਮਾਰਕੀਟ ਨੂੰ ਦਵਾਈਆਂ ਅਤੇ ਸਰਜੀਕਲ ਸਾਮਾਨ ਦੀ ਹੋਲਸੇਲ ਮਾਰਕੀਟ ਮੰਨਿਆ ਜਾਂਦਾ ਹੈ ਅਤੇ ਇਥੇ ਰੋਜ਼ਾਨਾ ਲੱਖਾਂ-ਕਰੋੜਾਂ ਰੁਪਏ ਦਾ ਵਪਾਰ ਹੁੰਦਾ ਹੈ। ਇਨ੍ਹੀਂ ਦਿਨੀਂ ਪੂਰੇ ਵਿਸ਼ਵ 'ਚ ਕੋਰੋਨਾ ਦਾ ਸੰਕਟ ਚੱਲ ਰਿਹਾ ਹੈ ਅਤੇ ਭਾਰਤ ਅਤੇ ਪੰਜਾਬ 'ਚ ਵੀ ਇਹ ਮਹਾਮਾਰੀ ਆਪਣੇ ਪੈਰ ਲਗਾਤਾਰ ਪਸਾਰ ਰਹੀ ਹੈ। ਇਸ ਮਾਹੌਲ 'ਚ ਜਿੱਥੇ ਕਈ ਲੋਕ ਦੂਜਿਆਂ ਲਈ ਰੱਬ ਬਣ ਕੇ ਮਦਦ ਦੀ ਮੁਹਿੰਮ ਚਲਾ ਰਹੇ ਹਨ, ਉਥੇ ਹੀ ਕਈ ਅਨਸਰ ਅਜਿਹੇ ਵੀ ਹਨ ਜੋ ਇਸ ਆੜ ਵਿਚ ਮੁਨਾਫਾਖੋਰੀ ਕਰਨ ਵਿਚ ਲੱਗੇ ਹਨ। ਪਹਿਲਾਂ ਵੀ ਖਬਰਾਂ ਮਿਲਦੀਆਂ ਰਹੀਆਂ ਹਨ ਕਿ ਦਿਲਕੁਸ਼ਾ ਮਾਰਕੀਟ 'ਚ ਕਈ ਦੁਕਾਨਦਾਰ ਸੈਨੇਟਾਈਜ਼ਰ ਅਤੇ ਮਾਸਕ ਦੀ ਕਾਲਾਬਾਜ਼ਾਰੀ ਕਰ ਰਹੇ ਹਨ ਅਤੇ ਹੁਣ ਦੋਸ਼ ਲੱਗ ਰਿਹਾ ਹੈ ਕਿ ਦਿਲਕੁਸ਼ਾ ਮਾਰਕੀਟ 'ਚ ਕਈ ਅਜਿਹੇ ਦਲਾਲ ਹੁਣ ਵੀ ਸਰਗਰਮ ਹਨ ਜੋ ਥਰਮਲ ਥਰਮਾਮੀਟਰ, ਮਾਸਕ ਅਤੇ ਸੈਨੇਟਾਈਜ਼ਰ ਦੀ ਭਰਪੂਰ ਕਾਲਾਬਾਜ਼ਾਰੀ ਕਰ ਰਹੇ ਹਨ।
ਇਹ ਵੀ ਪੜ੍ਹੋ: ਵਿਆਹ ਦੇ ਚਾਅ ਰਹਿ ਗਏ ਅਧੂਰੇ, ਮੰਗਣੀ ਦੇ 10 ਦਿਨਾਂ ਬਾਅਦ ਕੁੜੀ ਨੇ ਲਾਇਆ ਮੌਤ ਨੂੰ ਗਲੇ
ਇਸ ਦਾ ਖੁਲਾਸਾ ਸ਼ੁੱਕਰਵਾਰ ਨਗਰ ਨਿਗਮ ਦੇ ਡਿਪਟੀ ਮੇਅਰ ਅਤੇ ਕਾਂਗਰਸੀ ਆਗੂ ਹਰਸਿਮਰਨਜੀਤ ਸਿੰਘ ਬੰਟੀ ਨੇ ਕੀਤਾ। ਸ਼੍ਰੀ ਬੰਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਸਾਮਾਨ ਲੈਣ ਦਿਲਕੁਸ਼ਾ ਮਾਰਕੀਟ ਗਏ ਤਾਂ ਉਥੇ ਉਨ੍ਹਾਂ ਇਕ ਥਰਮਲ ਥਰਮਾਮੀਟਰ ਬਾਰੇ ਪਤਾ ਕੀਤਾ ਤਾਂ ਦੁਕਾਨਦਾਰ ਨੇ ਦੱਸਿਆ ਕਿ ਇਹ ਸਾਮਾਨ ਤੁਹਾਨੂੰ ਦਲਾਲਾਂ ਰਾਹੀਂ ਮਿਲ ਸਕੇਗਾ। ਬੰਟੀ ਨੇ ਦੱਸਿਆ ਕਿ ਉਹ ਅਜੇ ਮਾਰਕੀਟ ਵਿਚ ਖੜ੍ਹੇ ਹੀ ਸਨ ਕਿ ਇਕ ਦਲਾਲ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਨੇ ਉਸ ਨੂੰ ਥਰਮਲ ਥਰਮਾਮੀਟਰ ਦਾ ਭਾਅ ਪੁੱਛਿਆ ਤਾਂ ਉਸਨੇ 1500 ਰੁਪਏ ਵਾਲੇ ਥਰਮਾਮੀਟਰ ਦਾ ਰੇਟ 7500 ਦੱਸਿਆ ਅਤੇ ਕਿਹਾ ਕਿ ਇਸ ਦੇ ਉਪਰ 18 ਫੀਸਦੀ ਜੀ. ਐੱਸ. ਟੀ. ਵੀ ਲੱਗੇਗਾ।
ਇਹ ਵੀ ਪੜ੍ਹੋ: ਬਲਦੇਵ ਸਿੰਘ ਦੇ ਸੰਪਰਕ ''ਚ ਰਹੇ ਇਨ੍ਹਾਂ ਲੋਕਾਂ ਨੇ ਦਿੱਤੀ ''ਕੋਰੋਨਾ'' ਨੂੰ ਮਾਤ, ਇੰਝ ਕੀਤਾ ਘਰਾਂ ਨੂੰ ਰਵਾਨਾ
ਬੰਟੀ ਨੇ ਤੁਰੰਤ ਕਾਲਾਬਾਜ਼ਾਰੀ ਦੀ ਸੂਚਨਾ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਐੱਸ. ਡੀ. ਐੱਮ. ਜੈਇੰਦਰ ਸਿੰਘ ਨੂੰ ਦਿੱਤੀ। ਐੱਸ. ਡੀ. ਐੱਮ. ਜੈਇੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਸਿਹਤ ਦੀ ਇਕ ਟੀਮ ਨੂੰ ਦਿਲਕੁਸ਼ਾ ਮਾਰਕੀਟ ਭੇਜਿਆ ਵੀ ਗਿਆ ਪਰ ਉਸ ਟੀਮ ਨੇ ਮਾਰਕੀਟ ਵਿਚ ਜਾ ਕੇ ਕੀ ਕੀਤਾ, ਇਸ ਬਾਰੇ ਕੋਈ ਸੂਚਨਾ ਨਹੀਂ ਮਿਲੀ। ਸ਼੍ਰੀ ਬੰਟੀ ਨੇ ਕਿਹਾ ਕਿ ਆਫਤ ਦੀ ਇਸ ਘੜੀ ਵਿਚ ਕਾਲਾਬਾਜ਼ਾਰੀ ਕਰਨ ਵਾਲਿਆਂ 'ਤੇ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਰੋਕ ਲਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਕੋਰੋਨਾ ਦੀ ਦਹਿਸ਼ਤ : MLA ਬਾਵਾ ਹੈਨਰੀ ਸਮੇਤ ਕਈ ਲੀਡਰ ਸੈਲਫ ਕੁਆਰੰਟਾਈਨ