ਡੀ. ਸੀ. ਦਫ਼ਤਰ ’ਚ ਕਾਂਗਰਸ ਕੌਂਸਲਰ ਤੇ ਪਾਰਕਿੰਗ ਠੇਕੇਦਾਰ ਵਿਚਾਲੇ ਵਿਵਾਦ, ਹੋਈ ਹੱਥੋਪਾਈ

01/27/2021 4:45:03 PM

ਜਲੰਧਰ (ਚੋਪੜਾ)— ਪ੍ਰਸ਼ਾਸਕੀ ਕੰਪਲੈਕਸ ਵਿਚ ਪਾਰਕਿੰਗ ਠੇਕੇਦਾਰ, ਉਸ ਦੇ ਕਰਿੰਦਿਆਂ ਅਤੇ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਵਿਚਕਾਰ ਵਿਵਾਦ ਹੋਇਆ । ਪਾਰਕਿੰਗ ਫ਼ੀਸ ਦੀ ਵਸੂਲੀ ਤੋਂ ਸ਼ੁਰੂ ਹੋਇਆ ਵਿਵਾਦ ਹੱਥੋਪਾਈ ਤੱਕ ਪਹੁੰਚ ਗਿਆ ਸੀ ਅਤੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਨੇ ਕੌਂਸਲਰ ਜੱਸਲ ਨਾਲ ਬਦਤਮੀਜ਼ੀ ਕਰਦੇ ਹੋਏ ਉਨ੍ਹਾਂ ਦੇ ਡਰਾਈਵਰ ਨਾਲ ਧੱਕਾ-ਮੁੱਕੀ ਵੀ ਕੀਤੀ, ਜਿਸ ’ਤੇ ਗੁੱਸੇ ’ਚ ਆਏ ਕੌਂਸਲਰ ਜੱਸਲ ਨੇ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੇ ਧਿਆਨ ਵਿਚ ਲਿਆਂਦਾ ਸੀ। ਜਿਸ ਉਪਰੰਤ ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਐੱਸ. ਡੀ. ਐੱਮ.-1 ਡਾ. ਜੈਇੰਦਰ ਸਿੰਘ, ਜ਼ਿਲ੍ਹਾ ਨਾਜ਼ਿਰ ਅਸ਼ੋਕ ਕੁਮਾਰ ਸਮੇਤ ਥਾਣਾ ਬਾਰਾਦਰੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ। 
PunjabKesari

ਕੌਂਸਲਰ ਜੱਸਲ ਨੇ ਦੱਸਿਆ ਕਿ ਉਹ ਜਨ-ਪ੍ਰਤੀਨਿਧੀ ਹੈ, ਜਿਸ ਕਾਰਨ ਉਨ੍ਹਾਂ ਨੇ ਅਨੇਕਾਂ ਵਾਰ ਲੋਕਾਂ ਦੇ ਕੰਮਾਂ ਸਬੰਧੀ ਪ੍ਰਸ਼ਾਸਕੀ ਕੰਪਲੈਕਸ ਵਿਚ ਆਉਣਾ-ਜਾਣਾ ਹੁੰਦਾ ਹੈ। ਅੱਜ ਜਦੋਂ ਉਹ ਕੰਪਲੈਕਸ ਤੋਂ ਵਾਪਸ ਪਰਤਣ ਲੱਗੇ ਤਾਂ ਠੇਕੇਦਾਰ ਦੇ ਕਰਿੰਦਿਆਂ ਨੇ ਉਨ੍ਹਾਂ ਦੇ ਵਾਹਨ ਨੂੰ ਵਸੂਲੀ ਲਈ ਜਬਰੀ ਰੋਕ ਲਿਆ ਜਦਕਿ ਉਨ੍ਹਾਂ ਨੇ ਆਪਣੇ ਵਾਹਨ ਨੂੰ ਪਾਰਕਿੰਗ ਵਿਚ ਨਹੀਂ ਲਗਾਇਆ ਸੀ। ਜਦੋਂ ਠੇਕੇਦਾਰ ਅਤੇ ਕਰਿੰਦਿਆਂ ਵੱਲੋਂ ਉਨ੍ਹਾਂ ਦੇ ਡਰਾਈਵਰ ਨਾਲ ਕੀਤੀ ਜਾਣ ਵਾਲੀ ਬਦਤਮੀਜ਼ੀ ’ਤੇ ਇਤਰਾਜ਼ ਜਤਾਇਆ ਤਾਂ ਉਹ ਉਨ੍ਹਾਂ ਨਾਲ ਮਾਰ-ਕੁੱਟ ਤੱਕ ਕਰਨ ਨੂੰ ਉਤਾਰੂ ਹੋ ਗਏ। ਕਰੀਬ ਡੇਢ ਘੰਟਾ ਚੱਲੇ ਇਸ ਵਿਵਾਦ ਦੌਰਾਨ ਕੌਂਸਲਰ ਜੱਸਲ ਨੇ ਠੇਕੇਦਾਰ ਅਤੇ ਕਰਿੰਦਿਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੈ ਕੇ ਸਖ਼ਤ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਕਸਰ ਵਿਵਾਦਾਂ ਵਿਚ ਰਹਿਣ ਵਾਲਾ ਠੇਕੇਦਾਰ ਜੇਕਰ ਕੌਂਸਲਰ ਨਾਲ ਅਜਿਹਾ ਦੁਰਵਿਵਹਾਰ ਕਰ ਰਿਹਾ ਹੈ ਤਾਂ ਆਮ ਜਨਤਾ ਦਾ ਕੀ ਹਾਲ ਹੁੰਦਾ ਹੋਵੇਗਾ।

ਇਹ ਵੀ ਪੜ੍ਹੋ: ਅਮਰੀਕਾ ਰਹਿੰਦੇ ਬੇਗੋਵਾਲ ਵਾਸੀ ਦੀ ਸੜਕ ਹਾਦਸੇ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਕੌਂਸਲਰ ਜੱਸਲ ਨੇ ਅਧਿਕਾਰੀਆਂ ਨੂੰ ਕੰਪਲੈਕਸ ਵਿਚ ਮੌਕਾ ਵੀ ਵਿਖਾਇਆ, ਜਿੱਥੇ ਠੇਕੇਦਾਰ ਮਨਮਰਜ਼ੀਆਂ ਕਰਕੇ ਕੰਪਲੈਕਸ ਦੀ ਸੜਕ ਵਿਚਕਾਰ ਬੈਰੀਕੇਡਸ ਲਾ ਕੇ ਨਾਜਾਇਜ਼ ਤੌਰ ’ਤੇ ਵਾਹਨ ਪਾਰਕ ਕਰਵਾ ਕੇ ਵਸੂਲੀ ਕਰ ਰਿਹਾ ਹੈ, ਜਿਸ ਕਾਰਣ ਅੱਧੇ ਤੋਂ ਜ਼ਿਆਦਾ ਰਸਤਾ ਬਲਾਕ ਹੋ ਚੁੱਕਾ ਹੈ। ਇਸ ਤੋਂ ਇਲਾਵਾ ਗੇਟ ਨੰਬਰ 4 ਦੇ ਨਾਲ ਪਾਰਕਿੰਗ ਸਥਾਨ ’ਤੇ ਪ੍ਰਾਈਵੇਟ ਏਜੰਟਾਂ ਦੇ ਨਾਜਾਇਜ਼ ਤੌਰ ’ਤੇ ਬੈਂਚ ਲਗਾ ਕੇ ਮਹੀਨਾ ਵਸੂਲੀ ਕੀਤੀ ਜਾ ਰਹੀ ਹੈ। ਕੌਂਸਲਰ ਜੱਸਲ ਨੇ ਸਹਾਇਕ ਕਮਿਸ਼ਨਰ ਨੂੰ ਕਿਹਾ ਕਿ ਕੰਪਲੈਕਸ ਦੇ 2 ਨੰਬਰ ਗੇਟ ਦੇ ਬਾਹਰ ਨਗਰ ਨਿਗਮ ਦੀ ਜ਼ਮੀਨ ’ਤੇ ਨਾਜਾਇਜ਼ ’ਤੇ ਵਾਹਨ ਪਾਰਕ ਕਰਵਾ ਕੇ ਰੋਜ਼ਾਨਾ ਹਜ਼ਾਰਾਂ ਰੁਪਏ ਦੀ ਨਾਜਾਇਜ਼ ਉਗਰਾਹੀ ਕੀਤੀ ਜਾ ਰਹੀ ਹੈ। ਜੋ ਵੀ ਵਾਹਨ ਚਾਲਕ ਪੈਸੇ ਦੇਣ ਤੋਂ ਮਨ੍ਹਾ ਕਰਦਾ ਹੈ, ਉਸ ਨਾਲ ਠੇਕੇਦਾਰ ਦੇ ਰੱਖੇ ਗੁੰਡੇ ਮਾਰਕੁੱਟ ਤੱਕ ਕਰਨ ਨੂੰ ਉਤਾਰੂ ਹੋ ਜਾਂਦੇ ਹਨ।

PunjabKesari

ਕੌਂਸਲਰ ਜੱਸਲ ਨੇ ਦੋਸ਼ ਲਾਇਆ ਕਿ ਸਾਰਾ ਨਾਜਾਇਜ਼ ਧੰਦਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਜੇਕਰ ਇਸ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਆਪਣੇ ਸਾਥੀਆਂ ਸਮੇਤ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਨਾਜਾਇਜ਼ ਪਾਰਕਿੰਗ ਅਤੇ ਵਸੂਲੀ ਕਰਨ ਨੂੰ ਲੈ ਕੇ ਸਹਾਇਕ ਕਮਿਸ਼ਨਰ ਅਤੇ ਆਪਣੇ ਨਾਲ ਹੋਈ ਬਦਤਮੀਜ਼ੀ ਨੂੰ ਲੈ ਕੇ ਥਾਣਾ ਬਾਰਾਦਰੀ ਦੀ ਪੁਲਸ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਦਿੱਤੀ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਉਹ ਇਸ ਸ਼ਿਕਾਇਤ ਦੇ ਆਧਾਰ ’ਤੇ ਕੱਲ ਹੀ ਸਮੁੱਚੀ ਫਾਈਲ ਤਲਬ ਕਰਕੇ ਪਾਰਕਿੰਗ ਠੇਕੇਦਾਰ ਵਿਰੁੱਧ ਬਣਦੀ ਕਾਰਵਾਈ ਕਰਨਗੇ।

ਜ਼ਿਲ੍ਹਾ ਨਾਜ਼ਰ ਅਤੇ ਐੱਸ. ਐੱਚ. ਓ. ਨੂੰ ਮਹੀਨਾ ਜਾਂਦਾ, ਸਾਨੂੰ ਕਿਸੇ ਦੀ ਨਹੀਂ ਪ੍ਰਵਾਹ
ਕੌਂਸਲਰ ਜੱਸਲ ਨਾਲ ਹੋ ਰਹੇ ਵਿਵਾਦ ਦੌਰਾਨ ਠੇਕੇਦਾਰ ਨੇ ਤੈਸ਼ ਵਿਚ ਆਉਂਦੇ ਹੋਏ ਕਿਹਾ ਕਿ ਜਦੋਂ ਤੱਕ ਪਾਰਕਿੰਗ ਦੇ ਪੈਸੇ ਨਹੀਂ ਮਿਲਣਗੇ,ਉਦੋਂ ਤੱਕ ਉਨ੍ਹਾਂ ਦੀ ਗੱਡੀ ਨੂੰ ਕੰਪਲੈਕਸ ਦੇ ਗੇਟ ਤੋ ਬਾਹਰ ਨਹੀਂ ਜਾਣ ਦੇਣਗੇ। ਕੌਂਸਲਰ ਜੱਸਲ ਨੇ ਜਦੋਂ ਅਜਿਹੀਆਂ ਧਮਕੀਆਂ ਦਾ ਵਿਰੋਧ ਜਤਾਉਂਦੇ ਹੋਏ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੀ ਗੱਲ ਕੀਤੀ ਤਾਂ ਠੇਕੇਦਾਰ ਦਾ ਕਹਿਣਾ ਸੀ ਕਿ ਜਦੋਂ ਅਧਿਕਾਰੀਆਂ ਅਤੇ ਐੱਸ. ਐੱਚ. ਓ. ਨੂੰ ਮਹੀਨਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ, ਉਹ ਹਰ ਹਾਲਤ ਵਿਚ ਪਾਰਕਿੰਗ ਫੀਸ ਲੈ ਕੇ ਹੀ ਰਹੇਗਾ।

ਜ਼ਿਲ੍ਹਾ ਨਾਜ਼ਰ ਠੇਕੇਦਾਰ ਨੂੰ ਅਲਾਟ ਪਾਰਕਿੰਗ ਸਥਾਨਾਂ ਦੀ ਨਹੀਂ ਵਿਖਾ ਸਕੇ ਮਨਜ਼ੂਰੀ
ਕੌਂਸਲਰ ਮਨਦੀਪ ਜੱਸਲ ਨੇ ਜਦੋਂ ਜ਼ਿਲਾ ਨਾਜ਼ਰ ਅਸ਼ੋਕ ਕੁਮਾਰ ਤੋਂ ਪੁੱਛਿਆ ਕਿ ਪ੍ਰਸ਼ਾਸਨ ਨੇ ਕੰਪਲੈਕਸ ਵਿਚ ਕਿਹੜੇ-ਕਿਹੜੇ ਸਥਾਨ ’ਤੇ ਠੇਕੇਦਾਰ ਨੂੰ ਪਾਰਕਿੰਗ ਕਰਵਾਉਣ ਦੀ ਮਨਜ਼ੂਰੀ ਦਿੱਤੀ ਹੈ ਤਾਂ ਨਾਜ਼ਰ ਇਸ ਸੰਦਰਭ ਵਿਚ ਕੁਝ ਨਹੀਂ ਦੱਸ ਸਕਿਆ। ਠੇਕੇਦਾਰ ਦਾ ਬਚਾਅ ਕਰਦੇ ਦਿਸੇ ਅਸ਼ੋਕ ਕੁਮਾਰ ਨੇ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਨੂੰ ਦੱਸਿਆ ਕਿ ਉਹ ਠੇਕੇ ਸਬੰਧੀ ਫਾਈਲ ਦੇਖ ਕੇ ਹੀ ਇਸ ਬਾਰੇ ਸਥਿਤੀ ਕਲੀਅਰ ਕਰ ਸਕਣਗੇ।

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News