62ਵਾਂ ਸਰਸਵਤੀ ਜੋਤਿਸ਼ ਸੰਮੇਲਨ ਤੇ ਪ੍ਰਦਰਸ਼ਨੀ ਸੰਪੰਨ

Tuesday, Dec 25, 2018 - 06:35 AM (IST)

62ਵਾਂ ਸਰਸਵਤੀ ਜੋਤਿਸ਼ ਸੰਮੇਲਨ ਤੇ ਪ੍ਰਦਰਸ਼ਨੀ ਸੰਪੰਨ

ਜਲੰਧਰ,   (ਰਾਹੁਲ)-  ਭਾਰਤੀ ਸੰਸਕ੍ਰਿਤੀ ’ਚ ਜੋਤਿਸ਼ ਨੂੰ ਸਨਮਾਨਜਨਕ ਥਾਂ ਪ੍ਰਾਪਤ  ਹੈ। ਰਿਸ਼ੀਅਾਂ ਮੁਨੀਆਂ ਦੀ ਸਾਧਨਾਂ ਤੇ ਸੋਧ ਕਾਰਜਾਂ ਕਾਰਨ ਜੋਤਿਸ਼ ਮੌਜੂਦਾ ਸਮੇਂ ’ਚ ਅਣਗਿਣਤ  ਨੌਜਵਾਨਾਂ ਨੂੰ ਰੋਜ਼ਗਾਰ ਦਿਵਾ ਸਕਦਾ ਹੈ। ਇਹ ਸ਼ਬਦ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਅਖਿਲ ਭਾਰਤੀ ਸਰਸਵਤੀ ਜੋਤਿਸ਼ ਸੰਮੇਲਨ ਦੇ  ਮੰਚ ਵਲੋਂ ਸਥਾਨਕ ਜਲਵਿਲਾਸ ਪੈਲੇਸ ’ਚ ਆਯੋਜਿਤ 62ਵੇਂ ਜੋਤਿਸ਼ ਸੰਮੇਲਨ ਦੌਰਾਨ ਦੇਸ਼ ਦੇ  ਵੱਖ-ਵੱਖ ਸੂਬਿਆਂ ਤੋਂ ਆਏ ਜੋਤਿਸ਼ੀਆਂ, ਜੋਤਿਸ਼ ਜਿਗਿਆਸੂਆਂ, ਬੁੱਧੀਜੀਵੀਆਂ ਨੂੰ ਸੰਬੋਧਨ  ਕਰਦੇ ਹੋਏ ਕਹੇ। 
ਉਨ੍ਹਾਂ ਕਿਹਾ ਕਿ ਜੋਤਿਸ਼ ਕਾਰਜਾਂ ਪ੍ਰਤੀ ਪੜ੍ਹੇ-ਲਿਖੇ ਨੌਜਵਾਨਾਂ ਦਾ  ਰੁਝਾਨ ਵਧਿਆ ਹੈ, ਕਿਉਂਕਿ ਇਹ ਇਕ ਚੰਗਾ ਤੇ ਸਨਮਾਨਜਨਕ ਕਿੱਤਾ ਹੈ। ਉਨ੍ਹਾਂ ਅਖਿਲ ਭਾਰਤੀ  ਜੋਤਿਸ਼ ਮੰਚ ਵਲੋਂ ਜੋਤਿਸ਼ ਉਤਸ਼ਾਹਿਤ ਕਾਰਜਾਂ ਵਿਚ ਨਿਰੰਤਰਤਾ ਬਣਾਈ ਰੱਖਣ ਲਈ ਸੰਸਥਾਪਕ  ਪ੍ਰਧਾਨ ਤੇ ਸੰਚਾਲਕ ਪੰਡਿਤ ਰਾਜੀਵ ਸ਼ਰਮਾ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ  ਉਨ੍ਹਾਂ ਨੂੰ ਇਹ ਪੁਨੀਤ ਕੰਮ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਜਿਹੇ  ਰੋਜ਼ਗਾਰ ਮੁਖੀ ਕਾਰਜਾਂ ’ਚ ਸਰਕਾਰ ਕੋਲੋਂ ਵੀ ਸਹਿਯੋਗ ਮੰਗਿਆ। ਸ਼੍ਰੀ ਵਿਜੇ ਚੋਪੜਾ ਨੇ  ਜੋਤਿਸ਼ ਕਾਰਜਾਂ ਵਿਚ ਨਾਰੀ ਸ਼ਕਤੀ ਦੇ ਵਧਦੇ ਦਬਦਬੇ ਦੀ ਵੀ ਸ਼ਲਾਘਾ ਕੀਤੀ।
ਮੰਚ ਦੇ  ਪ੍ਰਧਾਨ ਤੇ ਸੰਚਾਲਕ ਪੰ. ਰਾਜੀਵ ਸ਼ਰਮਾ, ਸਰਪ੍ਰਸਤ ਵਿਕਰਾਂਤ ਸ਼ਰਮਾ, ਪੰ. ਆਰ. ਕੇ.  ਭਾਰਦਵਾਜ, ਮੇਅਰ ਜਲੰਧਰ ਜਗਦੀਸ਼ ਰਾਜਾ, ਗੌਤਮ ਦਿਵੇਦੀ, ਇੰਕਾ ਆਗੂ ਸੁਦੇਸ਼ ਵਿਜ, ਪੰ.  ਅਕਸ਼ੇ ਸ਼ਰਮਾ ਵਲੋਂ ਸ਼੍ਰੀ ਵਿਜੇ ਚੋਪੜਾ ਜੀ ਨੂੰ ਦੋਸ਼ਾਲਾ ਤੇ ਸਨਮਾਨ ਚਿੰਨ੍ਹ ਦੇ ਕੇ  ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਬਿੱਟੂ ਪੰਡਿਤ, ਲਾਲ ਕਿਤਾਬ ਮਾਹਿਰ ਪੰ. ਓਮ  ਪ੍ਰਕਾਸ ਸ਼ਾਸਤਰੀ, ਪੰ. ਵਿਪਨ ਸ਼ਰਮਾ (ਜਵਾਲੀ), ਪ੍ਰੀਤਮ ਲਾਲ ਭਾਰਦਵਾਜ, ਬ੍ਰਿਜ ਮੋਹਨ  ਕਪੂਰ, ਰਾਕੇਸ਼ ਜੈਨ, ਜਤਿੰਦਰ ਕਪੂਰ, ਸੰਨੀ ਸਾਹਨੀ, ਅਵਧੇਸ਼ ਪਾਠਕ, ਸੁਨੀਲ ਸ਼ਰਮਾ ਤੇ ਹੋਰ  ਪਤਵੰਤੇ ਹਾਜ਼ਰ ਸਨ। 
ਜੋਤਿਸ਼ ਉਤਸ਼ਾਹ ਕਾਰਜਾਂ ’ਚ ਪੰਜਾਬ ਕੇਸਰੀ ਪੱਤਰ ਸਮੂਹ ਦਾ ਯੋਗਦਾਨ ਸ਼ਲਾਘਾਯੋਗ : ਪੰ. ਰਾਜੀਵ ਸ਼ਰਮਾ
ਮੰਚ  ਦੇ ਸੰਸਥਾਪਕ ਪ੍ਰਧਾਨ ਤੇ ਸੰਚਾਲਕ ਪੰ. ਰਾਜੀਵ ਸ਼ਰਮਾ ਨੇ ਕਿਹਾ ਕਿ ਜੋਤਿਸ਼ ਉਤਸ਼ਾਹ  ਕਾਰਜਾਂ ’ਚ ‘ਪੰਜਾਬ ਕੇਸਰੀ ਗਰੁੱਪ’ ਦਾ ਯੋਗਦਾਨ ਸ਼ਲਾਘਾਯੋਗ ਹੈ। ਇਸ ਸਮੂਹ ਵਲੋਂ  ਜੋਤਿਸ਼ ਸਬੰਧੀ ਵੱਖ-ਵੱਖ ਭੁਲੇਖਿਆਂ ਦੇ ਹੱਲ ਲਈ ਆਪਣੀ ਅਖਬਾਰ ’ਚ ਤਰਕ-ਸੰਗਤ ਢੰਗ ਨਾਲ  ਜੋਤਿਸ਼ ਵਿਸ਼ਿਆਂ ਨੂੰ ਉਭਾਰਿਆ ਜਾ ਰਿਹਾ ਹੈ। ਉਥੇ ਹਫਤੇ ’ਚ ਇਕ ਦਿਨ ਪੂਰਾ ਪੇਜ ਜੋਤਿਸ਼  ਸਬੰਧੀ ਲੇਖਾਂ, ਵੱਖ-ਵੱਖ ਵਿਦਵਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੋਜਾਂ ਨੂੰ ਪ੍ਰਕਾਸ਼ਿਤ  ਕਰ ਕੇ ਜੋਤਿਸ਼ ਉਤਸ਼ਾਹ ਕਾਰਜਾਂ ਵਿਚ ਸਰਗਰਮ ਯੋਗਦਾਨ ਦਿੱਤਾ ਜਾ ਰਿਹਾ ਹੈ। 
ਜੋਤਿਸ਼ ਗਣਨਾ ਆਧਾਰਤ ਵਿਗਿਆਨ  : ਭਾਰਤ ਭੂਸ਼ਣ ਭਾਰਦਵਾਜ
ਜੋਤਿਸ਼  ਗਣਨਾ ਆਧਾਰਿਤ ਵਿਗਿਆਨ ਹੈ, ਜਿਸ ਦੇ ਨਿਯਮਾਂ, ਉਪਨਿਯਮਾਂ, ਦੇਸ਼ ਕਾਲ, ਸਥਾਨ, ਸਥਿਤੀ,  ਜਾਤਕ ਦੇ ਮੁਤਾਬਿਕ ਸਮਝਣ ਦੀ ਲੋੜ ਹੈ। ਉਨ੍ਹਾਂ  ਗਣਨਾ ਤੋਂ ਬਾਅਦ ਮਿਲੇ ਨਤੀਜਿਆਂ  ਮੁਤਾਬਕ ਦੱਸੇ ਜਾਣ ਵਾਲੇ ਉਪਾਵਾਂ ’ਚ ਵਾਤਾਵਰਨ ਸੁਰੱਖਿਆ, ਗਊ ਸੇਵਾ, ਮਾਤਾ-ਪਿਤਾ,  ਲੋੜਵੰਦਾਂ ਦੀ ਸਹਾਇਤਾ, ਲੜਕੀਆਂ ਦੀ ਭਲਾਈ ਤੇ ਸਿੱਖਿਆ ਸਬੰਧੀ ਉਪਾਵਾਂ ਦੀ ਵੱਧ ਤੋਂ ਵੱਧ  ਵਰਤੋਂ ਕਰਨ ਦਾ ਸੁਝਾਅ ਦਿੱਤਾ। 
ਸੈਲਫੀ ਤੇ ਆਧੁਨਿਕ ਸੰਚਾਰ ਸਾਧਨਾਂ ਦੀ ਖੁੱਲ੍ਹ ਕੇ ਹੋਈ ਵਰਤੋਂ 
 ਇਸ ਦੌਰਾਨ  ਕਈ ਲੋਕ ਜਿੱਥੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕੁੰਡਲੀਆਂ, ਜਨਮ ਪੱਤਰੀਆਂ ਦਿਖਾ ਰਹੇ  ਸਨ, ਉਥੇ ਲੋੜ ਮੁਤਾਬਿਕ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਕੁੰਡਲੀਆਂ ਨੂੰ ਮੰਗਵਾਉਣ ਲਈ  ਵਟਸਐਪ, ਈ-ਮੇਲ ਤੇ ਹੋਰ ਸੰਚਾਰ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰਦੇ ਨਜ਼ਰ ਆਏ।
 ਇਸ ਦੌਰਾਨ ਲੋਕਾਂ ਨੇ ਆਪਣੇ ਪਸੰਦ ਦੇ ਬੁੱਧੀਜੀਵੀਆਂ ਨਾਲ ਸੈਲਫੀਅਾਂ ਵੀ ਲਈਅਾਂ।
ਜੋਤਿਸ਼ ਉਪਾਵਾਂ ਦੇ ਸਾਮਾਨ ਖਰੀਦਣ ਪ੍ਰਤੀ ਲੋਕਾਂ ਨੇ ਵਿਖਾਈ ਰੁਚੀ
ਸੰਮੇਲਨ  ਦੌਰਾਨ ਵੱਖ-ਵੱਖ ਲੋਕਾਂ ਵਲੋਂ ਜੋਤਿਸ਼ੀਆਂ ਵਲੋਂ ਸੁਝਾਏ ਗਏ  ਉਪਾਵਾਂ ਮੁਤਾਬਕ ਸੰਮੇਲਨ ਵਿਚ ਲੱਗੀ ਪ੍ਰਦਰਸ਼ਨੀ ਦਾ ਭਰਪੂਰ ਲਾਭ ਲਿਆ। ਪ੍ਰਦਰਸ਼ਨੀ ਦੌਰਾਨ  ਵੱਖ-ਵੱਖ ਉਪਾਵਾਂ ਦੇ ਸਾਮਾਨ ਪੁਸਤਕਾਂ, ਸਾਫਟਵੇਅਰ, ਫੇਂਗਸ਼ੂਈ ਸਮੱਗਰੀ, ਮਾਲਾਵਾਂ,  ਰੁਦਰਾਕਸ਼, ਰਤਨ, ਲਾਕੇਟ, ਅੰਗੂਠੀਆਂ, ਸ਼ੰਖ, ਸਫਟਿਕ, ਪਿਰਾਮਿਡ,  ਆਯੁਰਵੈਦਿਕ ਦਵਾਈਆਂ, ਇਤਰ, ਗਊ ਆਧਾਰਿਤ  ਉਤਪਾਦਾਂ, ਵਾਸਤੂ ਮੁਤਾਬਕ ਵਸਤਾਂ ਪ੍ਰਤੀ ਵੀ  ਭਰਪੂਰ ਰੁਚੀ ਦਿਖਾਈ।
 


Related News