STF ਦੀ ਵੱਡੀ ਕਾਰਵਾਈ, ਜਲੰਧਰ ਨਗਰ ਨਿਗਮ ਦੇ ਕਰਮਚਾਰੀ ਸਮੇਤ 7 ਨਸ਼ਾ ਸਮੱਗਲਰ ਗ੍ਰਿਫ਼ਤਾਰ
Friday, Sep 20, 2024 - 04:41 PM (IST)
ਜਲੰਧਰ (ਵੈੱਬ ਡੈਸਕ, ਮਹੇਸ਼)- ਜਲੰਧਰ ਨਗਰ ਨਿਗਮ ਤੋਂ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਐੱਸ. ਟੀ. ਐੱਫ਼. ਟੀਮ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸਪੈਸ਼ਲ ਟਾਰਕ ਫੋਰਸ (ਐੱਸ. ਟੀ. ਐੱਫ਼.) ਜਲੰਧਰ ਰੇਂਜ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਨਗਰ ਨਿਗਮ ਜਲੰਧਰ ਦੇ ਇਕ ਕਰਮਚਾਰੀ ਸਮੇਤ 7 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 381 ਗ੍ਰਾਮ ਚਰਸ, 262 ਗ੍ਰਾਮ ਸੋਨਾ, 48 ਲੱਖ 71 ਹਜ਼ਾਰ 990 ਰੁਪਏ ਦੀ ਡਰੱਗ ਮਨੀ, 3 ਪਿਸਟਲ, 54 ਜ਼ਿੰਦਾ ਕਾਰਤੂਸ ਅਤੇ 2 ਨੋਟ ਗਿਣਨ ਵਾਲੀ ਮਸ਼ੀਨਾਂ ਬਰਾਮਦ ਹੋਈਆਂ ਹਨ।
ਸੂਤਰਾਂ ਮੁਤਾਬਕ ਜਲੰਧਰ ਨਗਰ ਨਿਗਮ ਦੇ ਕਲਰਕ ਨੂੰ ਡਰੱਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨਗਰ ਨਿਗਮ ਦੇ ਕਲਰਕ ਕੋਲੋਂ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਲਰਕ ਨੂੰ ਅੱਜ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਉਸ ਕੋਲੋਂ ਚਿਤਾ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ।
ਏ. ਆਈ. ਜੀ. ਐੱਸ. ਟੀ. ਐੱਫ਼. ਜਲੰਧਰ ਜਗਜੀਤ ਸਿੰਘ ਸਰੋਆ ਤੋਂ ਮਿਲੀ ਜਾਣਕਾਰੀ ਮੁਤਾਬਕ ਐੱਸ. ਟੀ. ਐੱਫ਼. ਦੇ ਡੀ. ਐੱਸ. ਪੀ. ਇੰਦਰਜੀਤ ਸਿੰਘ ਸੈਣੀ ਦੀ ਅਗਵਾਈ ਵਿਚ ਐੱਸ. ਆਈ. ਸੰਜੀਵ ਕੁਮਾਰ ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਗੁਰੂ ਅਮਰਦਾਸ ਨਗਰ ਮਾਡਲ ਟਾਊਨ ਜਲੰਧਰ ਅਤੇ ਅੰਮ੍ਰਿਤਸਰ ਤੋਂ ਕਾਬੂ ਕੀਤੇ ਗਏ ਉਕਤ ਨਸ਼ਾ ਸਮੱਗਲਰਾਂ ਦੀ ਪਛਾਣ ਨਿਗਮ ਕਰਮਚਾਰੀ ਰਿੰਕੂ ਥਾਪਰ ਪੁੱਤਰ ਕਿਸ਼ਨ ਲਾਲ ਨਿਵਾਸੀ 55-ਏ ਮਾਡਲ ਟਾਊਨ ਜਲੰਧਰ, ਭਰਤ ਪੁੱਤਰ ਧਰਮੇਂਦਰ ਨਿਵਾਸੀ 1130/12 ਗਵਾਲ ਮੰਡੀ ਰਾਮ ਤੀਰਥ ਰੋਡ ਅੰਮ੍ਰਿਤਸਰ, ਦਿਵਯਮ ਪੁੱਤਰ ਸ਼ਿਵ ਕੁਮਾਰ ਨਿਵਾਸੀ ਮਕਾਨ ਨੰਬਰ 547 ਕੋਹਲੂ ਵਾਲੀ ਗਲੀ ਆਬਾਦਪੁਰਾ, ਅੰਕੁਸ਼ ਭੱਟੀ ਪੁੱਤਰ ਬਲਦੇਵ ਰਾਜ ਨਿਵਾਸੀ ਮਕਾਨ ਨੰਬਰ 1582/12 ਗਵਾਲ ਮੰਡੀ ਰਾਮ ਤੀਰਥ ਰੋਡ ਅੰਮ੍ਰਿਤਸਰ ਅਤੇ ਪ੍ਰਥਮ ਪੁੱਤਰ ਭਾਰਤ ਭੂਸ਼ਨ ਨਿਵਾਸੀ ਮਕਾਨ ਨੰਬਰ 546 ਕੋਹਲੂ ਵਾਲੀ ਗਲੀ ਆਬਾਦਪੁਰਾ ਜਲੰਧਰ, ਲਵਪ੍ਰੀਤ ਸਿੰਘ ਲਵੀ ਪੁੱਤਰ ਸੁਖਚੈਨ ਸਿੰਘ ਨਿਵਾਸੀ ਪਿੰਡ ਕੋਟ ਮਿੱਤ ਸਿੰਘ ਥਾਣਾ ਸੁਲਤਾਨਵਿੰਡ (ਅੰਮ੍ਰਿਤਸਰ) ਅਤੇ ਵਿਸ਼ਾਲ ਸਿੰਘ ਰਾਜਾ ਪੁੱਤਰ ਨਿਸ਼ਾਨ ਸਿੰਘ ਨਿਵਾਸੀ ਭਿਖੀਵਿੰਡ ਜ਼ਿਲਾ ਤਰਨਤਾਰਨ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਸ਼ਹਿਰ 'ਤੇ ਬਲੈਕਆਊਟ ਦਾ ਖ਼ਤਰਾ, ਜਾਣੋ ਕੀ ਹੈ ਕਾਰਨ
ਮੁਲਜ਼ਮਾਂ ਖ਼ਿਲਾਫ਼ ਐੱਸ. ਟੀ. ਐੱਫ਼. ਥਾਣਾ ਮੋਹਾਲੀ ਵਿਚ ਅੰਡਰ ਸੈਕਸ਼ਨ 20, 21 (ਸੀ), 29 ਐੱਨ. ਡੀ. ਪੀ. ਐੱਸ. ਐਕਟ ਅਤੇ 25/54/59 ਆਰਮਜ਼ ਐਕਟ ਤਹਿਤ 147 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਨੂੰ ਕੱਲ ਸਵੇਰੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲੈ ਕੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਪਤਾ ਲੱਗਾ ਹੈ ਕਿ ਐੱਸ. ਟੀ. ਐੱਫ਼. ਜਲੰਧਰ ਰੇਂਜ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਿੰਕੂ ਥਾਪਰ ਆਪਣੇ ਸਾਥੀਆਂ ਨਾਲ ਮਿਲ ਕੇ ਕਾਫ਼ੀ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਏ. ਆਈ. ਜੀ. ਐੱਸ. ਟੀ. ਐੱਫ਼. ਜਲੰਧਰ ਜਗਜੀਤ ਸਿੰਘ ਸਰੋਆ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡੀ. ਐੱਸ. ਪੀ. ਇੰਦਰਜੀਤ ਸਿੰਘ ਸੈਣੀ ਦੀ ਟੀਮ ਨੇ ਰਿੰਕੂ ਅਤੇ ਹੋਰਨਾਂ ਨੂੰ ਕਾਬੂ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ