ਕਰਤਾਰਪੁਰ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਨ ਜਾ ਰਿਹਾ ਨੌਜਵਾਨ CIA ਨੇ ਕੀਤਾ ਕਾਬੂ, ਗੱਡੀ ਤੇ ਪਿਸਤੌਲ ਵੀ ਬਰਾਮਦ
Wednesday, Jan 31, 2024 - 01:28 AM (IST)
ਜਲੰਧਰ (ਵਰੁਣ)– ਸੀ.ਆਈ.ਏ. ਸਟਾਫ਼ ਨੇ ਸੰਤ ਨਗਰ ਨਜ਼ਦੀਕ ਰੇਲਵੇ ਕਰਾਸਿੰਗ ਨੇੜੇ ਟ੍ਰੈਪ ਲਾ ਕੇ ਵੈਨਿਊ ਗੱਡੀ ਵਿਚ ਸਵਾਰ ਇਕ ਸਮੱਗਲਰ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਤੋਂ 32 ਬੋਰ ਦੀ ਪਿਸਤੌਲ ਅਤੇ ਗੋਲੀਆਂ ਵੀ ਬਰਾਮਦ ਹੋਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕੁਨਾਲ ਉਰਫ ਵਿਸ਼ੂ ਪੁੱਤਰ ਸੁਰਿੰਦਰ ਕੁਮਾਰ ਨਿਵਾਸੀ ਗੋਲਡਨ ਐਵੇਨਿਊ ਫੇਜ਼-1 ਵਜੋਂ ਹੋਈ ਹੈ।
ਏ.ਸੀ.ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੰਤ ਨਗਰ ਵਿਚ ਟ੍ਰੈਪ ਲਾਇਆ ਹੋਇਆ ਸੀ। ਸੂਚਨਾ ਦੇ ਤਹਿਤ ਚਿੱਟੇ ਰੰਗ ਦੀ ਵੈਨਿਊ ਕਾਰ ਨੂੰ ਰੋਕਿਆ ਗਿਆ। ਕਾਰ ਦੇ ਡਰਾਈਵਰ ਕੁਨਾਲ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਮੁਲਜ਼ਮ ਨੰਗਲਸ਼ਾਮਾ ਦੇ ਰਹਿਣ ਵਾਲੇ ਆਪਣੇ ਜਾਣਕਾਰ ਬਲਜੀਤ ਜ਼ਰੀਏ ਕਰਤਾਰਪੁਰ ਦੇ ਬਦਮਾਸ਼ ਵਿਜੇ ਦੇ ਸਾਥੀਆਂ ਦੇ ਨਾਲ ਮਿਲਿਆ ਸੀ, ਜੋ ਹੈਰੋਇਨ ਦਾ ਧੰਦਾ ਕਰਦਾ ਸੀ। ਉਸੇ ਨੈੱਟਵਰਕ ਤੋਂ ਮੁਲਜ਼ਮ ਕੁਨਾਲ ਹੈਰੋਇਨ ਖਰੀਦ ਕੇ ਆਪਣੇ ਪੱਕੇ ਗਾਹਕਾਂ ਨੂੰ ਵੇਚਦਾ ਸੀ। ਪੁਲਸ ਨੇ ਉਸ ਕੋਲੋਂ ਪਿਸਤੌਲ ਅਤੇ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਉਹ ਵੀ ਇਸੇ ਨੈੱਟਵਰਕ ਤੋਂ ਖਰੀਦੀਆਂ ਗਈਆਂ ਸਨ।
ਇਹ ਵੀ ਪੜ੍ਹੋ- 63 ਲੱਖ ਦੀ ਇਲੈਕਟ੍ਰਿਕ ਕਾਰ ਨੂੰ ਚੱਲਦੇ-ਚੱਲਦੇ ਲੱਗ ਗਈ ਅੱਗ, ਕੰਪਨੀ ਨੇ ਕਿਹਾ- 'ਟੈਕਨੀਕਲ ਟੀਮ ਕਰ ਰਹੀ ਜਾਂਚ'
ਕੁਨਾਲ ਦੇ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਵਿਚ ਕੇਸ ਦਰਜ ਕਰ ਕੇ ਉਸ ਦਾ 2 ਦਿਨ ਦਾ ਰਿਮਾਂਡ ਲੈ ਕੇ ਸੀ.ਆਈ.ਏ. ਸਟਾਫ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕੁਨਾਲ ਕਾਫੀ ਵੱਡੇ ਹੈਰੋਇਨ ਵੇਚਣ ਵਾਲੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਪੁਲਸ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਇਸੇ ਨੈੱਟਵਰਕ ਦੇ ਕਈ ਹੋਰ ਸਮੱਗਲਰਾਂ ਦੀ ਵੀ ਗ੍ਰਿਫ਼ਤਾਰੀ ਕਰ ਕੇ ਉਨ੍ਹਾਂ ਕੋਲੋਂ ਡਰੱਗ ਬਰਾਮਦ ਹੋ ਸਕਦੀ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਦੇ ਖ਼ਿਲਾਫ਼ ਥਾਣਾ ਕੈਂਟ ਵਿਚ ਵੀ ਹੱਤਿਆ ਕਰਨ ਦੀ ਕੋਸ਼ਿਸ਼ ਦਾ ਕੇਸ ਦਰਜ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8