ਮਾਹਿਲਪੁਰ ਵਿਖੇ BDPO ਸਾਹਮਣੇ ਧਾਹੀਂ ਰੋਇਆ ਚੌਂਕੀਦਾਰ, ਜਾਣੋ ਕੀ ਹੈ ਪੂਰਾ ਮਾਮਲਾ

Wednesday, Feb 08, 2023 - 01:00 PM (IST)

ਮਾਹਿਲਪੁਰ ਵਿਖੇ BDPO ਸਾਹਮਣੇ ਧਾਹੀਂ ਰੋਇਆ ਚੌਂਕੀਦਾਰ, ਜਾਣੋ ਕੀ ਹੈ ਪੂਰਾ ਮਾਮਲਾ

ਮਾਹਿਲਪੁਰ (ਅਗਨੀਹੋਤਰੀ)-ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦਫ਼ਤਰ ਮਾਹਿਲਪੁਰ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਡੇਢ ਸਾਲ ਤੋਂ ਪੈਨਸ਼ਨ ਲੈਣ ਲਈ ਦਫ਼ਤਰ ਦੇ ਚੱਕਰ ਕੱਟ ਰਹੇ ਦਰਜ ਚਾਰ ਕਰਮਚਾਰੀ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਸਾਹਮਣੇ ਧਾਹੀਂ ਰੋ ਪਿਆ। ਚੌਂਕੀਦਾਰ ਨੇ ਮਹਿਲਾ ਲੇਖਾਕਾਰ ਵੱਲੋਂ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਵੀ ਉਸ ਦਾ ਕੰਮ ਨਾ ਕਰਨ ਦੀ ਵੀਡੀਓ ਵੀ ਜਨਤਕ ਕਰ ਦਿੱਤੀ। ਉਸ ਨੇ ਦੋਸ਼ ਲਗਾਇਆ ਪੰਜ ਹਜ਼ਾਰ ਨਕਦ ਤੋਂ ਇਲਾਵਾ ਇਕ ਸੂਟ, ਲੱਡੂਆਂ ਦਾ ਡੱਬਾ ਅਤੇ ਪੰਜ ਸੌ ਰੁਪਏ ਹੋਰ ਉਸ ਕੋਲੋਂ ਵਸੂਲ ਕੇ ਵੀ ਉਸ ਦੇ ਸੇਵਾਮੁਕਤੀ ਲਾਭ ਲੈਣ ਦੀ ਫਾਈਲ ਉੱਚ ਅਧਿਕਾਰੀਆਂ ਨੂੰ ਨਹੀਂ ਭੇਜ ਰਹੀ।

ਪ੍ਰਾਪਤ ਜਾਣਕਾਰੀ ਅਨੁਸਾਰ 30 ਸਤੰਬਰ 2021 ਨੂੰ ਸਥਾਨਕ ਬੀ. ਡੀ. ਪੀ. ਓ. ਦਫ਼ਤਰ ਤੋਂ ਦਰਜਾ ਚਾਰ ਵਜੋਂ ਸੇਵਾਮੁਕਤ ਹੋਏ ਰਾਮ ਦੇਵ ਨੇ ਬੀਤੇ ਦਫ਼ਤਰ ਦੇ ਸਮੂਹ ਕਰਮਚਾਰੀਆਂ ਦੇ ਸਾਹਮਣੇ ਰੋਂਦੇ ਹੋਏ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਡਾਇਰੈਕਟਰ ਪੇਂਡੂ ਵਿਕਾਸ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ ਨੂੰ ਦਿੱਤੀਆਂ ਸ਼ਿਕਾਇਤਾਂ ਵਿਚ ਦੱਸਿਆ ਕਿ ਉਸ ਨੇ ਸੇਵਾਮੁਕਤੀ ਤੋਂ ਬਾਅਦ 15 ਦਿਨਾਂ ਅੰਦਰ ਹੀ ਆਪਣੇ ਪੈਨਸ਼ਨ ਅਤੇ ਸੇਵਾ ਦੇ ਲਾਭ ਲੈਣ ਲਈ ਸਾਰੀ ਫਾਈਲ ਤਿਆਰ ਕਰਕੇ ਦਫ਼ਤਰ ਦੀ ਲੇਖਾਕਾਰ ਨੂੰ ਦੇ ਦਿੱਤੀ ਸੀ।

ਇਹ ਵੀ ਪੜ੍ਹੋ :ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ

PunjabKesari

ਸੱਤ ਮਹੀਨੇ ਤੱਕ ਉਸ ਨੇ ਉਸ ਦੀ ਫਾਈਲ ਅੱਗੇ ਨਾ ਤੋਰੀ ਅਤੇ ਤਰ੍ਹਾਂ-ਤਰਾਂ ਦੇ ਬਹਾਨੇ ਲਗਾ ਕੇ ਉਸ ਨੂੰ ਘਰ ਤੋਰਦੀ ਰਹੀ। ਉਸ ਨੇ ਦੱਸਿਆ ਕਿ ਸੱਤ ਮਈ 2022 ਨੂੰ ਲੇਖਾਕਾਰ ਜਸਵੀਰ ਕੌਰ ਨੇ ਉਸ ਨੂੰ ਫਾਈਲ ਅੱਗੇ ਤੋਰਨ ਅਤੇ ਸੇਵਾਮੁਕਤੀ ਦੇ ਲਾਭ ਜਲਦੀ ਦੁਆਉਣ ਲਈ ਉਸ ਕੋਲੋਂ ਪੈਸਿਆਂ ਦੀ ਮੰਗ ਕਰ ਲਈ ਅਤੇ ਸੌਦਾ ਪੰਜ ਹਜ਼ਾਰ ਵਿਚ ਤੈਅ ਕਰਕੇ ਉਸ ਨੇ ਪੈਸੇ ਲੈ ਲਏ। ਉਸ ਨੇ ਦੱਸਿਆ ਕਿ ਲੇਖਾਕਾਰ ਦੀ ਨੀਅਤ ’ਤੇ ਉਸ ਨੂੰ ਸ਼ੱਕ ਸੀ, ਜਿਸ ਕਰਕੇ ਉਸ ਨੇ ਉਸ ਦੀ ਪੈਸੇ ਲੈਂਦਿਆਂ ਦੀ ਸਾਰੀ ਵੀਡੀਓ ਬਣਾ ਲਈ | ਉਸ ਤੋਂ ਬਾਅਦ ਉਸ ਨੇ ਸੀ. ਪੀ. ਐੱਫ. ਦੀ ਅਦਾਇਗੀ ਕਰ ਦਿੱਤੀ ਅਤੇ ਉਸ ਸਮੇਂ ਵਧਾਈ ਮੰਗ ਕੇ ਉਸ ਕੋਲੋਂ ਪੰਜ ਸੌ ਰੁਪਏ, ਇਕ ਸੂਟ ਅਤੇ ਇਕ ਲੱਡੂਆਂ ਦਾ ਡੱਬਾ ਲੈ ਲਿਆ। ਉਸ ਤੋਂ ਬਾਅਦ ਉਸ ਦੀ ਪੈਨਸ਼ਨ, ਗਰੈਚੁਟੀ ਅਤੇ ਬਕਾਏ ਦੁਆਉਣ ਲਈ ਇਹ ਪਿਛਲੇ ਇਕ ਸਾਲ ਤੋਂ ਉਸ ਨੂੰ ਲਾਰੇ ਲਾ ਕੇ ਤੋਰ ਦਿੰਦੀ ਹੈ। ਉਸ ਨੇ ਦੱਸਿਆ ਕਿ ਇਸ ਮੈਡਮ ਤੋਂ ਦੁਖੀ ਹੋ ਕੇ ਉਹ ਬੀਮਾਰ ਹੋ ਗਿਆ ਅਤੇ ਉਸ ਦੀ ਦਵਾਈ ਸ਼ੁਰੂ ਹੋ ਗਈ। ਉਸ ਨੇ ਦੱਸਿਆ ਕਿ ਦੁਖ਼ੀ ਹੋ ਕੇ ਉਹ ਮੁੜ ਦਫ਼ਤਰ ਗਿਆ ਤਾਂ ਪੈਸੇ ਲੈਣ ਵਾਲੀ ਜਸਵੀਰ ਕੌਰ ਨੇ ਉਸ ਨੂੰ ਦਬਕੇ ਮਾਰ ਕੇ ਭਜਾ ਦਿੱਤਾ। ਜਿਸ ਕਾਰਨ ਉਹ ਦੁਖ਼ੀ ਹੋਇਆ ਬੀ. ਡੀ. ਪੀ. ਓ. ਸਾਹਮਣੇ ਧਾਹੀਂ ਰੋ ਪਿਆ।

ਉਸ ਨੇ ਦੋਸ਼ ਲਗਾਇਆ ਕਿ ਪੈਸੇ ਲੈਣ ਦੇ ਬਾਵਜੂਦ ਉਸ ਨਾਲ ਆਪਣੇ ਹੀ ਵਿਭਾਗ ਦਾ ਹੁੰਦੇ ਹੋਏ ਮਤਰੇਆਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਅਗਰ ਉਸ ਨੂੰ ਕੁੱਝ ਹੋ ਜਾਵੇ ਤਾਂ ਉਸ ਦੀ ਜ਼ਿੰਮੇਵਾਰੀ ਜਸਵੀਰ ਕੌਰ ਲੇਖਾਕਾਰ ਦੀ ਹੋਵੇਗੀ। ਇਸ ਸਬੰਧੀ ਲੇਖਾਕਾਰ ਜਸਵੀਰ ਕੌਰ ਨੇ ਕਿਹਾ ਕਿ ਉਸ ਨੇ ਇਹ ਪੈਸੇ ਇਸ ਦੇ ਬਕਾਇਆ ਅਤੇ ਪੈਨਸ਼ਨ ਕੇਸ ਤਿਆਰ ਕਰਨ ਲਈ ਬਾਹਰਲੇ ਵਿਅਕਤੀ ਨੂੰ ਦੇਣ ਲਈ ਲਏ ਸਨ। ਉਸ ਨੇ ਕਿਹਾ ਕਿ ਉਸ ਨੇ ਕੋਈ ਪੈਸੇ ਨਹੀਂ ਲਏ। ਜਦੋਂ ਉਨ੍ਹਾਂ ਨੂੰ ਪੈਸਿਆਂ ਲੈਂਦਿਆਂ ਦੀ ਵੀਡੀਓ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀਬਖਸ਼ ਉੱਤਰ ਨਾ ਦੇ ਸਕੀ।  ਇਸ ਸਬੰਧੀ ਬੀ. ਡੀ. ਪੀ. ਓ. ਧਰਮਪਾਲ ਨੇ ਕਿਹਾ ਕਿ ਉਨ੍ਹਾਂ ਵੀ ਕਈ ਵਾਰ ਕਲਰਕ ਨੂੰ ਉਸ ਦਾ ਕੇਸ ਤਿਆਰ ਕਰਨ ਲਈ ਆਖਿਆ ਸੀ। ਉਸ ਦੇ ਕਾਗਜ਼ ਭੇਜੇ ਸਨ, ਉਨ੍ਹਾਂ ’ਤੇ ਇਤਰਾਜ਼ ਲੱਗ ਗਿਆ ਸੀ। ਪੈਸਿਆਂ ਦੇ ਲੈਣ-ਦੇਣ ਦਾ ਅੱਜ ਹੀ ਪਤਾ ਲੱਗਾ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣਗੇ।

ਇਹ ਵੀ ਪੜ੍ਹੋ : ਬਿਜਲੀ ਬੋਰਡ ਦੇ ਬਕਾਏ ਨੂੰ ਲੈ ਕੇ ਸੁਖਬੀਰ ਬਾਦਲ ਦਾ ਨਵਾਂ ਖ਼ੁਲਾਸਾ, 'ਆਪ' 'ਤੇ ਲਾਏ ਵੱਡੇ ਇਲਜ਼ਾਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News