ਡਿਲਿਵਰੀ ਮਗਰੋਂ ਧੱਕੇ ਨਾਲ ਵਧਾਈ ਲੈਣ ਦਾ ਮਾਮਲਾ: ਐਕਸ਼ਨ ’ਚ ਆਏ ਸੀਨੀਅਰ ਅਧਿਕਾਰੀ, ਜਾਂਚ ਹੋਈ ਸ਼ੁਰੂ
Thursday, Nov 03, 2022 - 03:29 PM (IST)
ਜਲੰਧਰ (ਸ਼ੋਰੀ)– ਸਿਵਲ ਹਸਪਤਾਲ ਵਿਚ ਜੱਚਾ-ਬੱਚਾ ਹਸਪਤਾਲ ਵਿਚ ਡਿਲਿਵਰੀ ਤੋਂ ਬਾਅਦ ਔਰਤਾਂ ਦੇ ਪਰਿਵਾਰਕ ਮੈਂਬਰਾਂ ਤੋਂ ਧੱਕੇ ਨਾਲ ਵਧਾਈ ਮੰਗਣ ਦੀ ਖ਼ਬਰ ‘ਜਗ ਬਾਣੀ’ ਵਿਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਮਾਮਲਾ ਚੰਡੀਗੜ੍ਹ ਤੱਕ ਪਹੁੰਚ ਚੁੱਕਾ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਬੁੱਧਵਾਰ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਡਾ. ਰਾਜੀਵ ਸ਼ਰਮਾ, ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਅਤੇ ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ ਡਾ. ਰਮਨ ਗੁਪਤਾ ਸੱਚਾਈ ਜਾਣਨ ਲਈ ਖ਼ੁਦ ਜੱਚਾ-ਬੱਚਾ ਹਸਪਤਾਲ ਪਹੁੰਚੇ। ਉਨ੍ਹਾਂ ਨੇ ਵਾਰਡ ਵਿਚ ਇਲਾਜ ਅਧੀਨ ਔਰਤਾਂ ਦੇ ਪਰਿਵਾਰਕ ਮੈਂਬਰਾਂ ਤੋਂ ਖ਼ੁਦ ਪੁੱਛਗਿੱਛ ਕੀਤੀ ਤਾਂ ਜ਼ਿਆਦਾਤਰ ਨੇ ਦੱਸਿਆ ਕਿ ਉਨ੍ਹਾਂ ਤੋਂ ਧੱਕੇ ਨਾਲ ਵਧਾਈ ਲਈ ਗਈ ਅਤੇ ਨਾ ਦੇਣ ਦੀ ਸੂਰਤ ਵਿਚ ਉਨ੍ਹਾਂ ਦੇ ਬੈੱਡ ਦੀਆਂ ਗੰਦੀਆਂ ਚਾਦਰਾਂ ਨਹੀਂ ਹਟਾਈਆਂ ਗਈਆਂ ਅਤੇ ਸਾਫ਼-ਸਫ਼ਾਈ ਤੱਕ ਨਹੀ ਕੀਤੀ ਗਈ, ਹਾਲਾਂਕਿ ਪਹਿਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਸਫ਼ਾਈ ਕਰਮਚਾਰੀ ਹੀ ਵਧਾਈ ਲੈਂਦੇ ਸਨ ਅਤੇ ਵਧਾਈ ਨਾ ਮਿਲਣ ’ਤੇ ਲੋਕਾਂ ਨੂੰ ਤੰਗ ਕਰਦੇ ਸਨ।
ਮੈਡੀਕਲ ਸੁਪਰਿੰਟੈਂਡੈਂਟ ਡਾ. ਰਾਜੀਵ ਨੇ ਸਫ਼ਾਈ ਕਰਮਚਾਰੀਆਂ ਦੇ ਠੇਕੇਦਾਰ ਨੂੰ ਆਪਣੇ ਦਫ਼ਤਰ ਬੁਲਾਇਆ ਅਤੇ ਇਸ ਸਬੰਧੀ ਫਟਕਾਰ ਵੀ ਲਗਾਈ ਅਤੇ ਕਿਹਾ ਕਿ ਦੋਬਾਰਾ ਅਜਿਹਾ ਹੋਇਆ ਤਾਂ ਉਹ ਉਸ ਦੇ ਠੇਕੇ ਨੂੰ ਰੱਦ ਕਰਦੇ ਹੋਏ ਚੰਡੀਗੜ੍ਹ ਵਿਚ ਸੀਨੀਅਰ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਭੇਜਣਗੇ। ਠੇਕੇਦਾਰ ਦਾ ਫਰਜ਼ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਫ਼ਾਈ ਕਰਮਚਾਰੀਆਂ ਨੂੰ ਸਮਝਾਵੇ ਤਾਂ ਕਿ ਉਹ ਵਧਾਈ ਨਾ ਮੰਗਣ।
ਇਹ ਵੀ ਪੜ੍ਹੋ : NRI ਪਤੀ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼, ਭੇਸ ਬਦਲ ਕੇ ਰਚਾ ਚੁੱਕੈ 3 ਵਿਆਹ, ਇੰਝ ਖੁੱਲ੍ਹਿਆ ਭੇਤ
ਉਥੇ ਹੀ, ਪਤਾ ਲੱਗਾ ਹੈ ਕਿ ਸੁਭਾਅ ਤੋਂ ਈਮਾਨਦਾਰ ਅਤੇ ਆਪਣੀ ਸਖ਼ਤੀ ਤੋਂ ਜਾਣੇ ਜਾਂਦੇ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਵੀ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮਨ ਗੁਪਤਾ ਅਤੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਨੂੰ ਪੂਰੇ ਮਾਮਲੇ ਦੀ ਰਿਪੋਰਟ ਤਿਆਰ ਕਰਨ ਲਈ ਕਿਹਾ ਤਾਂ ਜੋ ਉਹ ਰਿਪੋਰਟ ਨੂੰ ਚੰਡੀਗੜ੍ਹ ਤੱਕ ਪਹੁੰਚਾ ਸਕਣ। ਦੇਰ ਸ਼ਾਮ ਤੱਕ ਰਿਪੋਰਟ ਤਿਆਰ ਹੋ ਰਹੀ ਸੀ। ਦੂਜੇ ਪਾਸੇ ਮੈਡੀਕਲ ਸੁਪਰਿੰਟੈਂਡੈਂਟ ਡਾ. ਰਾਜੀਵ ਨੇ ਵੀ ਇਸ ਭ੍ਰਿਸ਼ਟਾਚਾਰ ਵਿਚ ਸ਼ਾਮਲ ਬਾਕੀ ਲੋਕਾਂ ਦੇ ਨਾਂ ਸਾਹਮਣੇ ਲਿਆਉਣ ਲਈ ਸੀਨੀਅਰ ਮੈਡੀਕਲ ਅਫ਼ਸਰ ਡਾ. ਜੋਤੀ ਅਤੇ ਨਰਸਿੰਗ ਸੁਪਰਿੰਟੈਂਡੈਂਟ ਨਰਿੰਦਰ ਕੌਰ ਦੀ ਡਿਊਟੀ ਲਗਾਈ ਹੈ।
ਸਫ਼ਾਈ ਕਰਮਚਾਰੀਆਂ ਤੋਂ ਬਾਅਦ ਹੁਣ ਹੌਲੀ-ਹੌਲੀ ਬਦਲੇਗਾ ਬਾਕੀ ਸਟਾਫ਼
ਉਥੇ ਹੀ, ਮੈਡੀਕਲ ਸੁਪਰਿੰਟੈਂਡੈਂਟ ਡਾ. ਰਾਜੀਵ ਦੇ ਹੁਕਮਾਂ ਤੋਂ ਬਾਅਦ ਜੱਚਾ-ਬੱਚਾ ਹਸਪਤਾਲ ਵਿਚ ਤਾਇਨਾਤ ਸਾਰੇ ਸਫਾਈ ਕਰਮਚਾਰੀਆਂ ਨੂੰ ਦੂਜੇ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ ਤਾਂ ਜੋ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਪੈਸੇ ਮੰਗਣ ਦੀ ਸ਼ਿਕਾਇਤ ਨਾ ਆਵੇ। ਹਸਪਤਾਲ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ’ਚ ਵੀ ਹੌਲੀ-ਹੌਲੀ ਜੱਚਾ-ਬੱਚਾ ਹਸਪਤਾਲ ਵਿਚ ਲੰਮੇ ਸਮੇਂ ਤੋਂ ਬੈਠਾ ਸਟਾਫ ਦੂਸਰੇ ਵਾਰਡ ਜਾਂ ਫਿਰ ਦੂਸਰੀਆਂ ਸਿਹਤ ਸੰਸਥਾਵਾਂ ’ਚ ਬਦਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਰੂਪਨਗਰ 'ਚ ਅਕਾਲੀ-ਕਾਂਗਰਸੀਆਂ ਦੇ ਝਗੜੇ ਦਾ ਭਿਆਨਕ ਰੂਪ, ਕੌਂਸਲਰ ਦੇ ਦਿਓਰ ਦਾ ਬੇਰਹਿਮੀ ਨਾਲ ਕਤਲ
ਗੱਲਬਾਤ ਦੌਰਾਨ ਡਾ. ਰਾਜੀਵ ਨੇ ਦੱਸਿਆ ਕਿ ਸਟਾਫ਼ ਨੂੰ ਹਸਪਤਾਲ ਵਿਚ ਮਰੀਜ਼ਾਂ ਦੀ ਸੇਵਾ ਹੀ ਕਰਨੀ ਹੈ, ਫਿਰ ਭਾਵੇਂ ਉਹ ਜੱਚਾ-ਬੱਚਾ ਹਸਪਤਾਲ ਹੋਵੇ ਜਾਂ ਕੋਈ ਹੋਰ ਵਾਰਡ। ਡਾ. ਰਾਜੀਵ ਨੇ ਕਿਹਾ ਕਿ ਹਸਪਤਾਲ ਵਿਚ ਵਧਾਈ ਮੰਗਣ ਵਿਰੋਧੀ ਪੋਸਟਰ ਲਗਾ ਦਿੱਤੇ ਗਏ ਹਨ ਅਤੇ ਉਨ੍ਹਾਂ ’ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੋਤੀ ਦਾ ਨੰਬਰ ਲਿਖ ਦਿੱਤਾ ਗਿਆ ਹੈ। ਜੇਕਰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੋਵੇ ਤਾਂ ਲੋਕ ਇਸ ਨੰਬਰ ’ਤੇ ਫੋਨ ਕਰ ਸਕਦੇ ਹਨ। ਡਾ. ਰਾਜੀਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਲੋਕ ਸਰਕਾਰੀ ਹਸਪਤਾਲਾਂ ਵਿਚ ਆ ਕੇ ਆਪਣਾ ਇਲਾਜ ਕਰਵਾਉਣ। ਜੇਕਰ ਫਿਰ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਲੋਕ ਦੂਸਰੀ ਮੰਜ਼ਿਲ ’ਤੇ ਸਥਿਤ ਮੈਡੀਕਲ ਸੁਪਰਿੰਟੈਂਡੈਂਟ ਦਫਤਰ ਵਿਚ ਆ ਕੇ ਉਨ੍ਹਾਂ ਨੂੰ ਸ਼ਿਕਾਇਤ ਕਰ ਸਕਦੇ ਹਨ।
ਇਹ ਵੀ ਪੜ੍ਹੋ : 6 ਨਵੰਬਰ ਨੂੰ ਹੋਣ ਵਾਲਾ ਕਥਿਤ ਰੈਫਰੈਂਡਮ ਓਂਟਾਰੀਓ ’ਚ, ਭਾਰਤ ਸਰਕਾਰ ਨੇ ਟਰੂਡੋ ਨੂੰ ਫਿਰ ਕੀਤਾ ਆਗਾਹ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।