ਪੇਠੇ ਵਾਲੇ ਕੋਲੋਂ ਨਕਦੀ ਲੁੱਟਣ ਵਾਲੇ 2 ਲੁਟੇਰੇ ਕਾਬੂ, 1 ਫਰਾਰ

11/27/2018 2:06:11 AM

ਹੁਸ਼ਿਆਰਪੁਰ,   (ਅਸ਼ਵਨੀ)-   ਥਾਣਾ ਬੁੱਲ੍ਹੋਵਾਲ ਅਧੀਨ ਪਿੰਡ ਚਾਂਦਪੁਰ ਨੇੜੇ ਇਕ ਪੇਠਾ ਵੇਚਣ ਵਾਲੇ ਰਮੇਸ਼ ਕੁਮਾਰ ਪੁੱਤਰ ਫੂਲਨ ਸਿੰਘ ਵਾਸੀ ਹਰੀਆ, ਥਾਣਾ ਨਸ਼ੀਲਪੁਰ, ਜ਼ਿਲਾ ਫਿਰੋਜ਼ਾਬਾਦ (ਯੂ. ਪੀ.) ਕੋਲੋਂ 3 ਲੁਟੇਰਿਆਂ ਨੇ ਨਕਦੀ ਖੋਹ ਲਈ। ਰਮੇਸ਼ ਕੁਮਾਰ  ਜੋ ਕਿ ਭੰਗੀ ਚੋਅ ਨੇੜੇ ਬੰਟੀ ਪੇਠਾ ਭੰਡਾਰ ਨਾਂ ਦੀ ਦੁਕਾਨ ਕਰਦਾ ਹੈ, ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਬੀਤੀ ਸ਼ਾਮ ਆਪਣੇ ਸਾਈਕਲ ’ਤੇ ਪੇਠਾ ਵੇਚਣ ਲਈ ਪਿੰਡ ਸਾਂਧਰਾ ਗਿਆ ਸੀ। ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਚਾਂਦਪੁਰ ਨੇੜੇ ਇਕ ਮੋਟਰਸਾਈਕਲ ’ਤੇ ਸਵਾਰ 3 ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਜੇਬ ਵਿਚੋਂ 580 ਰੁਪਏ ਕੱਢ ਕੇ ਫਰਾਰ ਹੋ ਗਏ। 
ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਇਸ ਘਟਨਾ ਸਬੰਧੀ  ਧਾਰਾ 379-ਬੀ, 34 ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਕਮਲਜੀਤ ਸਿੰਘ ਅਤੇ ਏ. ਐੱਸ. ਆਈ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਘਟਨਾ ’ਚ ਸ਼ਾਮਲ 2 ਲੁਟੇਰਿਆਂ ਵਿਸ਼ਾਲ ਪੁੱਤਰ ਮਦਨ ਲਾਲ  ਵਾਸੀ ਪੰਡੋਰੀ ਭਵਾਂ ਅਤੇ ਪ੍ਰੀਤਮ ਪੁੱਤਰ ਬਲਵਿੰਦਰ ਕੁਮਾਰ ਵਾਸੀ ਕਡਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੁਟੇਰਿਆਂ ਦੇ ਤੀਸਰੇ ਸਾਥੀ ਸ਼ੌਂਕੀ ਪੁੱਤਰ ਮੁਹੰਮਦ ਸ਼ਰੀਫ ਵਾਸੀ ਪਿੰਡ ਸਾਂਧਰਾ ਥਾਣਾ ਬੁੱਲ੍ਹੋਵਾਲ, ਜੋ ਕਿ ਫਰਾਰ ਹੈ, ਦੀ ਵੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 
ਗ੍ਰਿਫ਼ਤਾਰ ਦੋਸ਼ੀਆਂ ਦਾ ਇਕ ਦਿਨ ਦਾ ਪੁਲਸ ਰਿਮਾਂਡ : ਉਨ੍ਹਾਂ ਦੱਸਿਆ ਕਿ ਦੋਵੇਂ ਗ੍ਰਿਫ਼ਤਾਰ ਦੋਸ਼ੀਆਂ ਨੂੰ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਸੁਸ਼੍ਰੀ ਪ੍ਰਭਜੋਤ ਕੌਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਨ੍ਹਾਂ ਦੋਵਾਂ ਦੋਸ਼ੀਆਂ ਦਾ ਇਕ ਦਿਨ ਦਾ ਰਿਮਾਂਡ ਦੇ ਦਿੱਤਾ। ਪੁਲਸ ਦੋਸ਼ੀਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ।


Related News