ਭਾਰੀ ਮਾਤਰਾ ’ਚ ਸ਼ਰਾਬ ਸਮੇਤ 2 ਕਾਬੂ, ਇਕ ਫਰਾਰ

05/20/2024 2:02:21 PM

ਮੋਗਾ (ਆਜ਼ਾਦ) : ਲੋਕ ਸਭਾ ਚੋਣਾਂ ਸਬੰਧੀ ਮੋਗਾ ਪੁਲਸ ਵੱਲੋਂ ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਦੇ ਨਿਰਦੇਸ਼ਾਂ ’ਤੇ ਸ਼ਰਾਬ ਸਮੱਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਟੀ ਮੋਗਾ ਪੁਲਸ ਨੇ 27 ਪੇਟੀਆਂ ਸ਼ਰਾਬ ਦੇ ਇਲਾਵਾ 32 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੇ ਇਲਾਵਾ ਦੋ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਜਸਵੀਰ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਅਜੀਤ ਸਿੰਘ ਰੰਧਾਵਾ ਪੁਲਸ ਪਾਰਟੀ ਸਮੇਤ ਐੱਮ. ਪੀ. ਬਸਤੀ ਲੰਢੇਕੇ ਕੋਲ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਬਲਵਿੰਦਰ ਸਿੰਘ ਉਰਫ਼ ਗੋਲਡੀ ਨਿਵਾਸੀ ਬੇਅੰਤ ਨਗਰ ਮੋਗਾ ਨੂੰ ਗੱਡੀ ਸਮੇਤ ਕਾਬੂ ਕਰ ਕੇ ਉਸ ਕੋਲੋਂ 18 ਪੇਟੀਆਂ ਸ਼ਰਾਬ ਖਾਸਾ, ਇਕ ਪੇਟੀ ਗਰੀਨ ਵੋਧਕਾ ਠੇਕਾ, 3 ਪੇਟੀਆਂ ਗ੍ਰੇਡ ਅਫੇਅਰ ਠੇਕਾ, ਪੰਜ ਪੇਟੀਆਂ 999 ਵਿਸਕੀ ਮਾਰਕਾ ਚੰਡੀਗੜ੍ਹ ਸਮੇਤ 27 ਪੇਟੀਆਂ ਬਰਾਮਦ ਕੀਤੀਆਂ, ਜਦਕਿ ਉਕਤ ਮਾਮਲੇ ਵਿਚ ਅੰਕੁਸ਼ ਕੰਧਾਰੀ ਸ਼ਰਮਾ ਨਿਵਾਸੀ ਬਾਘਾ ਪੁਰਾਣਾ ਨੂੰ ਵੀ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਖ਼ਿਲਾਫ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਮੋਹਕਮ ਸਿੰਘ ਦੀ ਅਗਵਾਈ ਵਿਚ ਹੌਲਦਾਰ ਮਨਜਿੰਦਰ ਸਿੰਘ ਨੇ ਮਹਿਮੇਵਾਲਾ ਰੋਡ ’ਤੇ ਗਸ਼ਤ ਦੌਰਾਨ ਜਸਵੰਤ ਸਿੰਘ ਨਿਵਾਸੀ ਬੁੱਘੀਪੁਰਾ ਨੂੰ ਕਾਬੂ ਕਰ ਕੇ ਉਸ ਕੋਲੋਂ 32 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ। ਕਥਿਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Gurminder Singh

Content Editor

Related News