ਭੁਲੱਥ ''ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਰਥੀ ਫੂਕ ਮੁਜ਼ਾਹਰਾ

02/12/2019 7:10:18 PM

ਭੁਲੱਥ,(ਰਜਿੰਦਰ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਅਧਿਆਪਕਾਂ 'ਤੇ ਬੀਤੇ ਦਿਨੀਂ ਹੋਏ ਤਸ਼ੱਦਦ ਦੇ ਵਿਰੋਧ 'ਚ ਅੱਜ ਅਧਿਆਪਕ ਸੰਘਰਸ਼ ਕਮੇਟੀ ਬਲਾਕ ਭੁਲੱਥ ਵਲੋਂ ਸ਼ਹਿਰ ਦੇ ਥਾਣੇ ਵਾਲੇ ਚੌਂਕ ਵਿਖੇ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ 250 ਦੇ ਕਰੀਬ ਅਧਿਆਪਕ ਭੁਲੱਥ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰ ਦੇ ਬਾਹਰ ਇਕੱਠ ਹੋਏ। ਜਿਥੇ ਅਧਿਆਪਕਾਂ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਥੋਂ ਅਧਿਆਪਕਾਂ ਦਾ ਕਾਫਲਾ ਰੋਸ ਮਾਰਚ ਕਰਦਾ ਹੋਇਆ ਭੁਲੱਥ ਦੇ ਖੱਸਣ ਰੋਡ ਬਾਈਪਾਸ ਤੋਂ ਹੁੰਦਾ ਹੋਇਆ ਨਡਾਲਾ ਅੱਡੇ 'ਤੇ ਪੁੱਜਾ। ਜਿਥੋਂ ਅਧਿਆਪਕ ਸਰਕਾਰ ਤੇ ਸਿੱਖਿਆ ਸਕੱਤਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਭੁਲੱਥ ਦੇ ਥਾਣੇ ਵਾਲੇ ਚੌਂਕ ਵਿਖੇ ਪੁੱਜੇ। ਜਿਥੇ ਅਧਿਆਪਕਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਫੂਕੀ ਗਈ ਤੇ ਮੁਜ਼ਾਹਰਾ ਕੀਤਾ ਗਿਆ।  ਦੱਸਣਯੋਗ ਹੈ ਕਿ ਰੋਸ ਮਾਰਚ ਦੌਰਾਨ ਅਧਿਆਪਕਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਅਰਥੀਆਂ ਨੂੰ ਸਫੇਦ ਕੱਪੜੇ 'ਚ ਬਣਾ ਕੇ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਸੀ। ਇਸ ਮੌਕੇ ਸੰਬੋਧਨ ਕਰਦਿਆਂ ਰੋਸ਼ਨ ਲਾਲ ਤੇ ਸਰਤਾਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਟਿਆਲੇ ਵਿਚ ਅਧਿਆਪਕਾਂ 'ਤੇ ਕੀਤੇ ਗਏ ਤਸ਼ੱਦਦ ਦੀ ਅਸੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਐੱਸ. ਐੱਸ. ਏ. ਤੇ ਰਮਸਾ ਅਧਿਆਪਕਾਂ ਸਮੇਤ ਹੋਰ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬੰਦ ਕੀਤੀ ਗਈ ਹੈ, ਉਸ ਨੂੰ ਲਾਗੂ ਕੀਤਾ ਜਾਵੇ। ਡੀ. ਏ. ਦੀ 6 ਫੀਸਦੀ ਦਿੱਤੀ ਗਈ ਕਿਸ਼ਤ ਨੂੰ ਬੰਦ ਕਰਕੇ ਪੂਰੀ 20 ਫੀਸਦੀ ਕਿਸ਼ਤ ਦਿੱਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਜੇਕਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ 'ਤੇ ਗੌਰ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਸੱਦਾ ਦਿੱਤਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਪ੍ਰੋਜੈਕਟ 'ਪੜੋ ਪੰਜਾਬ-ਪੜਾਓ ਪੰਜਾਬ' ਦਾ ਪੂਰਨ ਰੂਪ ਵਿਚ ਬਾਈਕਾਟ ਕੀਤਾ ਜਾਵੇ ਤੇ ਜੇਕਰ ਕੋਈ ਸਿੱਖਿਆ ਅਧਿਕਾਰੀ ਵੀ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰੇਗਾ ਤਾਂ ਉਸ ਨਾਲ ਵੀ ਸਖਤੀ ਨਾਲ ਨਜਿੱਠਿਆ ਜਾਵੇਗਾ। ਇਸ ਮੌਕੇ ਗੁਰਦੇਵ ਸਿੰਘ ਬਾਗੜੀਆਂ, ਬੀਰ ਸਿੰਘ ਸਿੱਧੂ, ਮਾ. ਰਾਜਪਾਲ, ਮਹਿੰਦਰ ਪਾਲ, ਮੋਹਨ ਸਿੰਘ, ਮਨੋਜ ਕੁਮਾਰ, ਦਵਿੰਦਰ ਕੁਮਾਰ, ਐੱਮ. ਪੀ. ਸਿੰਘ, ਬਲਜਿੰਦਰ ਕੁਮਾਰ, ਕੰਵਲਜੀਤ ਸਿੰਘ, ਜਬਰਜੰਗ ਸਿੰਘ, ਗੁਰਵਿੰਦਰ ਕੌਰ, ਸੁਰਿੰਦਰ ਕੌਰ, ਪਵਨ ਕੁਮਾਰ, ਰਜਿੰਦਰ ਸਿੰਘ, ਡੈਨੀਅਲ ਮਸੀਹ, ਜਾਰਜ ਮਸੀਹ, ਮੰਗਲ ਸਿੰਘ, ਨਿਸ਼ਾਨ ਸਿੰਘ, ਮਲਕੀਤ ਸਿੰਘ, ਸਵਰਨ ਸਿੰਘ, ਰਜਿੰਦਰ ਸ਼ਰਮਾ, ਰਾਜਪਾਲ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।


Related News