ਕੈਪਟਨ ਸਰਕਾਰ 'ਤੇ ਸਿਮਰਜੀਤ ਸਿੰਘ ਬੈਂਸ ਦਾ ਵੱਡਾ ਹਮਲਾ

10/04/2018 8:14:27 PM

ਸੁਲਤਾਨਪੁਰ ਲੋਧੀ,(ਸੋਢੀ)— ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਸੁਲਤਾਨਪੁਰ ਲੋਧੀ ਦੇ ਹੋਟਲ ਗ੍ਰੈਂਡ ਕਿੰਗਜ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਸਰਕਾਰ 'ਤੇ ਵੱਡਾ ਹਮਲਾ ਬੋਲਿਆ ਹੈ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬੇਈਮਾਨਾਂ ਦੀ ਸਰਕਾਰ ਹੈ, ਜਿਵੇ ਪਿਛਲੇ 10 ਸਾਲ ਬਾਦਲਾਂ ਦੀ ਸਰਕਾਰ ਸਮਂੇ ਆਮ ਜਨਤਾ ਨੂੰ ਲੁੱਟਿਆ ਅਤੇ ਕੁੱਟਿਆ ਗਿਆ। ਉਸੇ ਹੀ ਤਰਜ 'ਤੇ ਪਿਛਲੇ ਡੇਢ ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਆਮ ਜਨਤਾ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ।

ਬੈਂਸ ਨੇ ਕਿਹਾ ਕਿ 2022 'ਚ ਕਾਂਗਰਸ ਦਾ ਹਸ਼ਰ ਵੀ ਬਾਦਲਾਂ ਵਾਲਾ ਹੋਵੇਗਾ । ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਇੱਕ ਅਧਿਆਪਕ ਨਾਲ ਫੋਨ ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਸੁਣਾਉਂਦੇ ਹੋਏ ਬੈਂਸ ਨੇ ਕਿਹਾ ਕਿ ਕੈਪਟਨ ਸਰਕਾਰ 'ਚ ਆਮ ਬੰਦੇ ਦੀ ਕੋਈ ਸੁਣਵਾਈ ਤਾਂ ਕੀ ਹੋਣੀ ਹੈ, ਉੱਥੇ ਤਾਂ ਕੈਬਨਿਟ ਮੰਤਰੀ ਸਿੱਧੂ ਦੀ ਵੀ ਕੋਈ ਮੰਨਣ ਨੂੰ ਤਿਆਰ ਨਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦਾ ਖੁਲਾਸਾ ਖੁਦ ਸਿੱਧੂ ਦੀ ਧਰਮ ਪਤਨੀ ਮੈਡਮ ਸਿੱਧੂ ਨੇ ਹੀ ਕੀਤਾ ਹੈ । ਉਨ੍ਹਾਂ ਮੈਡਮ ਸਿੱਧੂ ਵਲੋਂ ਕੈਪਟਨ ਸਰਕਾਰ ਨੂੰ 10 'ਚੋਂ 4 ਨੰਬਰ ਦੇਣ 'ਤੇ ਪ੍ਰਤੀਕਰਮ ਕਰਦੇ ਹੋਏ ਕਿਹਾ ਕਿ ਮੈਡਮ ਸਿੱਧੂ ਨੇ ਵੱਧ ਨੰਬਰ ਦਿੱਤੇ ਹਨ, ਜਦਕਿ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਇਸ ਤੋਂ ਵੀ ਬਹੁਤ ਮਾੜੀ ਹੈ।

ਉਨ੍ਹਾਂ ਪੰਜਾਬ ਪੁਲਸ ਦੇ ਡੀ. ਜੀ. ਪੀ. 'ਤੇ ਦੋਸ਼ ਲਗਾਉਦੇ ਹੋਏ ਕਿਹਾ ਕਿ ਜਿਸ ਪੁਲਸ ਦੇ ਮੁਖੀ ਦੇ ਹੀ ਚਿੱਟਾ ਵੇਚਣ ਵਾਲਿਆਂ ਨਾਲ ਸੰਬੰਧ ਹੋਣਗੇ। ਉਸ ਦੇ ਹੇਠਲੇ ਪੁਲਸ ਅਫਸਰ ਕਿਵੇਂ ਨਸ਼ਿਆਂ ਨੂੰ ਨਕੇਲ ਪਾਉਣਗੇ । ਸਰਕਾਰ ਅਤੇ ਪੁਲਸ ਦੀ ਕਾਰਗੁਜਾਰੀ 'ਤੇ ਤਾਬੜਤੋੜ ਹਮਲੇ ਕਰਦੇ ਹੋਏ ਬੈਂਸ ਨੇ ਕਿਹਾ ਕਿ ਪਹਿਲਾਂ ਅੱਤਵਾਦ ਦੀ ਆੜ 'ਚ ਲੋਕਾਂ ਨੂੰ ਲੁੱਟਿਆ ਅਤੇ ਮਾਰਿਆ ਗਿਆ ਤੇ ਹੁਣ ਚਿੱਟੇ ਦੀ ਆੜ 'ਚ ਭਾਰੀ ਲੁੱਟ ਹੋ ਰਹੀ ਹੈ। ਬੈਂਸ ਨੇ ਦੱਸਿਆ ਕਿ ਉਨ੍ਹਾਂ ਕੋਲ ਹਰ ਰੋਜ਼ ਕਈ ਸ਼ਿਕਾਇਤਾਂ ਪੁਲਸ ਵਲੋਂ ਕੀਤੀਆਂ ਵਧੀਕੀਆਂ ਦੀਆਂ ਆ ਰਹੀਆਂ ਹਨ ਅਤੇ ਬਹੁਤ ਜਲਦੀ ਹੀ ਲੋਕਾਂ 'ਤੇ ਝੂਠੇ ਕੇਸ ਬਣਾ ਕੇ ਲੁੱਟਮਾਰ ਕਰਨ ਵਾਲੇ ਭ੍ਰਿਸ਼ਟ ਪੁਲਸ ਵਾਲਿਆਂ ਖਿਲਾਫ ਸ਼ਿਕੰਜਾ ਸਖ਼ਤ ਹੋਵੇਗਾ ।

ਬਾਦਲਾਂ 'ਤੇ ਵੀ ਵਰੇ ਸਿਮਰਜੀਤ ਬੈਂਸ
ਇਸ ਸਮੇਂ ਉਨ੍ਹਾਂ ਬਾਦਲਾਂ ਨੂੰ ਵੀ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਬਾਦਲ ਤੇ ਮਜੀਠੀਆ ਦੋਵੇਂ ਨਾਟੰਕੀਬਾਜ਼ ਹਨ, ਜਦੋਂ ਵੀ ਇਨ੍ਹਾਂ ਦੀ ਕੁਰਸੀ ਖੁੱਸਦੀ ਹੈ ਤਾਂ ਇਹ ਪੰਥ ਖਤਰੇ 'ਚ ਹੋਣ ਦੀ ਦੁਹਾਈ ਪਾਉਂਦੇ ਹਨ ਅਤੇ ਕਦੇ ਚੰਡੀਗੜ੍ਹ ਦਾ ਮਸਲਾ ਅਤੇ ਕਦੇ ਪਾਣੀਆਂ ਦਾ ਮਸਲੇ ਦਾ ਰੌਲਾ ਪਾਉਦੇ ਹਨ, ਜਦੋਂ ਕੁਰਸੀ ਮਿਲ ਜਾਂਦੀ ਹੈ ਤਾਂ ਸਾਰੇ ਮਸਲੇ ਭੁੱਲ ਕੇ ਪੰਜਾਬੀਆਂ ਨੂੰ ਲੁੱਟਣ ਲੱਗ ਪੈਂਦੇ ਹਨ । ਉਨ੍ਹਾਂ ਸਮੂਹ ਸੰਗਤਾਂ ਨੂੰ 7 ਅਕਤੂਬਰ ਨੂੰ ਕੋਟਕਪੁਰਾ ਤੋਂ ਬਰਗਾੜੀ ਤੱਕ ਕੱਢੇ ਜਾ ਰਹੇ ਰੋਸ ਮਾਰਚ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਗੁਰੂ ਨਾਲ ਮੱਥਾ ਲਾਇਆ ਹੈ, ਉਨ੍ਹਾਂ ਦਾ ਰਿਹਾ ਕੁਝ ਨਹੀਂ । ਚੰਡੀਗੜ੍ਹ ਮਸਲੇ 'ਤੇ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਫੋਕੀ ਡਰਾਮੇਬਾਜੀ ਛੱਡ ਕੇ ਕੇਂਦਰ ਸਰਕਾਰ ਤੋਂ ਅਸਤੀਫਾ ਦੇ ਕੇ ਮੋਦੀ ਸਰਕਾਰ ਖਿਲਾਫ ਡੱਟ ਜਾਣਾ ਚਾਹੀਦਾ ਹੈ ।

ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਤੇ ਬਾਦਲ ਆਪਸ 'ਚ ਰਲੇ ਹੋਏ ਹਨ ਤੇ ਲੋਕਾਂ ਦਾ ਧਿਆਨ ਬਰਗਾੜੀ ਕਾਂਡ ਤੋਂ ਪਾਸੇ ਕਰਨ ਲਈ ਰੈਲੀ-ਰੈਲੀ ਖੇਡ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 7 ਅਕਤੂਬਰ ਦੇ ਬਰਗਾੜੀ ਰੋਸ ਮਾਰਚ 'ਚ ਲੱਖਾਂ ਸੰਗਤਾਂ ਸ਼ਾਮਲ ਹੋਣਗੀਆਂ । ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿੱਕੀ ਜੈਨਪੁਰੀ ਨੂੰ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਕੀਤਾ ਗਿਆ। ਇਸ ਸਮੇਂ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ , ਕੁਲਵੰਤ ਸਿੰਘ ਨੂਰੋਵਾਲ ਇੰਚਾਰਜ ਸੁਲਤਾਨਪੁਰ ਲੋਧੀ, ਨਛੱਤਰ ਸਿੰਘ, ਅਮਨਦੀਪ ਸਹੋਤਾ, ਭਾਈ ਸਤਿੰਦਰਪਾਲ ਸਿੰਘ, ਸੁਰਜੀਤ ਸਿੰਘ ਮਨਿਆਲਾ ਨੰਬਰਦਾਰ, ਸੁਖਪ੍ਰੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ ।


Related News