ਕੈਪਟਨ ਨੇ ਬਾਦਲਾਂ ਨੂੰ ਬਚਾਉਣ ਲਈ ਬਣਾਈ ਐੱਸ. ਆਈ. ਟੀ. : ਸਚਦੇਵਾ

Sunday, Sep 02, 2018 - 02:20 AM (IST)

ਕੈਪਟਨ ਨੇ ਬਾਦਲਾਂ ਨੂੰ ਬਚਾਉਣ ਲਈ ਬਣਾਈ ਐੱਸ. ਆਈ. ਟੀ. : ਸਚਦੇਵਾ

ਹੁਸ਼ਿਆਰਪੁਰ,   (ਘੁੰਮਣ)-  ਹੁਸ਼ਿਆਰਪੁਰ ਦੇ ਮਾਹਿਲਪੁਰ ਅੱਡੇ ’ਤੇ ਆਮ ਆਦਮੀ ਪਾਰਟੀ  (ਆਪ) ਦੇ ਆਗੂਆਂ ਅਤੇ ਵਰਕਰਾਂ ਨੇ ਸੀਨੀਅਰ ਆਗੂ ਪਰਮਜੀਤ ਸਿੰਘ ਸਚਦੇਵਾ ਦੀ ਅਗਵਾਈ ’ਚ ਕਾਂਗਰਸ  ਅਤੇ ਅਕਾਲੀ  ਦਲ ਦੇ ਪੁਤਲੇ ਫੂਕੇ ਗਏ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ  ਦੇ ਵਰਕਰਾਂ ਨੇ ਪਾਰਟੀ ਦਫਤਰ ਤੋਂ ਰੋਸ ਮਾਰਚ ਕੱਢਿਆ ਅਤੇ ਮਾਹਿਲਪੁਰ ਅੱਡੇ ਵਿਚ ਪਹੁੰਚ ਕੇ ਕਾਂਗਰਸ ਅਤੇ ਅਕਾਲੀ ਆਗੂਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। 
ਸ.  ਸਚਦੇਵਾ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਸੀ, ਜਿਸ ਅਨੁਸਾਰ  ਦੋਸ਼ੀਆਂ  ’ਤੇ  ਕਾਰਵਾਈ ਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਬਚਾਉਣ ਲਈ ਐੱਸ. ਆਈ. ਟੀ. ਬਣਾ ਦਿੱਤੀ ਅਤੇ ਮਾਮਲੇ  ਦੀ ਜਾਂਚ ਦੁਬਾਰਾ ਕਰਵਾਉਣ ਦੇ ਹੁਕਮ  ਦੇ ਦਿੱਤੇ ਹਨ। ਇਸ ਪੂਰੀ ਕਾਰਵਾਈ ਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ ਅਤੇ ਇਸ ਦੇ ਵਿਰੋਧ ਵਿਚ ਹੀ ਅੱਜ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੋਸ਼  ਲਾਇਆ  ਕਿ ਕੈਪਟਨ ਅਮਰਿੰਦਰ ਸਿੰਘ ਜਿੱਥੇ ਬਾਦਲਾਂ ਨੂੰ ਬਚਾਅ ਰਹੇ ਹਨ, ਉਥੇ ਹੀ ਨਵਜੋਤ ਸਿੰਘ ਸਿੱਧੂ ਵੀ ਸਿਰਫ ਬਿਆਨਬਾਜ਼ੀ ’ਤੇ ਹੀ ਜ਼ੋਰ ਦੇ  ਰਹੇ ਹਨ। ਉਨ੍ਹਾਂ ਵੱਲੋਂ ਕੈਪਟਨ ਅੱਗੇ ਝੋਲੀ ਅੱਡ ਕੇ ਬਾਦਲਾਂ ਖਿਲਾਫ਼ ਕਾਰਵਾਈ ਦੀ ਮੰਗ ਕਰਨਾ ਉਨ੍ਹਾਂ ਦੀ ਅਸਮਰੱਥਾ ਨੂੰ ਜ਼ਾਹਰ  ਕਰਦਾ  ਹੈ। ਜੇਕਰ ਸਿੱਧੂ ਬਾਦਲਾਂ ਖਿਲਾਫ ਕਾਰਵਾਈ ਮਾਮਲੇ ਵਿਚ  ਖੁਦ ਨੂੰ ਲਾਚਾਰ ਪਾ ਰਹੇ ਹਨ ਤਾਂ ਉਹ ਵਜ਼ਾਰਤ ਤੋਂ ਅਸਤੀਫਾ ਕਿਉਂ ਨਹੀਂ ਦਿੰਦੇ?  ਉਹ ਅਸਤੀਫਾ ਨਹੀਂ ਦੇਣਗੇ ਕਿਉਂਕਿ ਉਨ੍ਹਾਂ  ਨੂੰ ਵੀ ਕੁਰਸੀ 
ਨਾਲ ਮੋਹ ਹੈ। 
‘ਆਪ’ ਆਗੂ  ਨੇ ਕਿਹਾ ਕਿ ਅਕਾਲੀ-ਕਾਂਗਰਸੀ ਆਗੂ ਇਕ-ਦੂਜੇ  ਦੇ ਪੁਤਲੇ ਫੂਕ ਕੇ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿਉਂਕਿ ਕੈਪਟਨ ਅਤੇ ਬਾਦਲ ਰਲੇ ਹੋਏ ਹਨ ਅਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਜਦੋਂ ਜਸਟਿਸ ਰਣਜੀਤ ਸਿੰਘ  ਕਮਿਸ਼ਨ ਦੀ ਰਿਪੋਰਟ ਆ ਚੁੱਕੀ ਹੈ ਪਰ ਫਿਰ ਵੀ ਕਾਂਗਰਸ ਵੱਡੇ ਅਕਾਲੀ ਆਗੂਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਐੱਸ. ਆਈ. ਟੀ. ਬਣਾ ਕੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ  ਹੈ,  ਜਿਸ  ਤੋਂ  ਇਨ੍ਹਾਂ  ਦੀ  ਸਾਂਝ  ਭਿਆਲੀ  ਜਗ-ਜ਼ਾਹਰ  ਹੁੰਦੀ  ਹੈ।  
ਰੋਸ ਪ੍ਰਦਰਸ਼ਨ ’ਚ ਮਦਨ ਲਾਲ ਸੂਦ, ਪ੍ਰਭਜੋਤ ਸਿੰਘ, ਅਮਰਜੀਤ ਸਿੰਘ, ਅਮਿਤ ਨਾਗੀ, ਦਵਿੰਦਰ ਸ਼ਰਮਾ, ਰਾਜਵੀਰ, ਪਵਨ ਸੈਣੀ, ਹਰਵਿੰਦਰ ਸਿੰਘ ਖਾਲਸਾ, ਵਿੱਕੀ  ਤੋਂ ਇਲਾਵਾ ‘ਆਪ’  ਆਗੂ ਅਤੇ ਵਾਲੰਟੀਅਰ ਮੌਜੂਦ ਸਨ।


Related News