ਫਗਵਾੜਾ ਬਾਈਪਾਸ ''ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਕੁੜੀ-ਮੁੰਡੇ ਦੀ ਮੌਤ, ਇਕ ਗੰਭੀਰ ਜ਼ਖ਼ਮੀ
Tuesday, Nov 08, 2022 - 11:28 PM (IST)

ਫਗਵਾੜਾ (ਜਲੋਟਾ) : ਫਗਵਾੜਾ ਬਾਈਪਾਸ 'ਤੇ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ 'ਚ ਜਵਾਨ ਕੁੜੀ-ਮੁੰਡੇ ਦੀ ਮੌਤ ਹੋ ਗਈ ਅਤੇ ਇਕ ਕੁੜੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਖੰਗੂੜਾ ਦੇ ਲਾਗੇ ਫਗਵਾੜਾ ਬਾਈਪਾਸ 'ਤੇ ਵਾਪਰੇ ਸੜਕ ਹਾਦਸੇ 'ਚ ਥਾਰ ਜੀਪ ਦੇ ਬੇਕਾਬੂ ਹੋ ਜਾਣ ਤੋਂ ਬਾਅਦ ਜੀਪ ਸਵਾਰ ਨੌਜਵਾਨ ਅਰਸ਼ ਅਤੇ ਲੜਕੀ ਸ਼ਿਵਾਨੀ ਦੋਨੋਂ ਵਾਸੀ ਮੋਹਾਲੀ ਦੀ ਮੌਤ ਹੋ ਗਈ ਹੈ। ਪੁਲਸ ਅਧਿਕਾਰੀਆਂ ਮੁਤਾਬਕ ਹਾਦਸੇ 'ਚ ਜੀਪ ਸਵਾਰ ਇਕ ਹੋਰ ਲੜਕੀ ਚੇਤਨਾ ਵਾਸੀ ਮੋਹਾਲੀ ਗੰਭੀਰ ਰੂਪ 'ਚ ਜ਼ਖ਼ਮੀ ਹੋਈ ਹੈ, ਜਿਸ ਨੂੰ ਸਥਾਨਕ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਜਿਥੇ ਸਰਕਾਰੀ ਡਾਕਟਰਾਂ ਵੱਲੋਂ ਉਸ ਦੀ ਬਣੀ ਹੋਈ ਗੰਭੀਰ ਹਾਲਤ ਨੂੰ ਮੁੱਖ ਰੱਖ ਉਸ ਨੂੰ ਅਗੇਤੇ ਇਲਾਜ ਲਈ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਵੰਦੇ ਭਾਰਤ ਐਕਸਪ੍ਰੈੱਸ ਨਾਲ ਹਾਦਸਿਆਂ ਦਾ ਸਿਲਸਿਲਾ ਜਾਰੀ, ਹੁਣ ਔਰਤ ਦੀ ਹੋਈ ਦਰਦਨਾਕ ਮੌਤ
ਫਗਵਾੜਾ ਪੁਲਸ ਮੁਤਾਬਕ ਜੀਪ ਸਵਾਰ ਲੜਕੀਆਂ ਅਤੇ ਲੜਕਾ ਥਾਰ ਜੀਪ 'ਚ ਸਵਾਰ ਹੋ ਕੇ ਮੋਹਾਲੀ ਤੋਂ ਜਲੰਧਰ ਜਾ ਰਹੇ ਸਨ ਅਤੇ ਜਦੋਂ ਉਹ ਫਗਵਾੜਾ ਦੇ ਲਾਗੇ ਬਾਈਪਾਸ 'ਤੇ ਪੁੱਜੇ ਤਾਂ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲਸ ਨੇ ਹਾਦਸੇ 'ਚ ਮਾਰੇ ਗਏ ਨੌਜਵਾਨ ਅਰਸ਼ ਅਤੇ ਲੜਕੀ ਸ਼ਿਵਾਨੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿਤਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।