27 ਦੇ ਬੰਦ ਨੂੰ ਸਫਲ ਬਣਾਉਣ ਲਈ BKU ਏਕਤਾ (ਉਗਰਾਹਾਂ) ਵੱਲੋਂ ਪਿੰਡਾਂ ’ਚ ਮੋਟਰਸਾਈਕਲ ਮਾਰਚ
Friday, Sep 24, 2021 - 11:18 PM (IST)

ਨਕੋਦਰ (ਬਿਊਰੋ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਅੱਜ ਤਹਿਸੀਲ ਨਕੋਦਰ ਦੇ ਪਿੰਡਾਂ ’ਚ ਮੋਟਰਸਾਈਕਲ ਮਾਰਚ ਕੀਤਾ। ਮਾਰਚ ਦੌਰਾਨ ਸਮੂਹ ਕਿਰਤੀਆਂ ਨੂੰ 27 ਸਤੰਬਰ ਦੇ ਭਾਰਤ ਬੰਦ ’ਚ ਅਤੇ 28 ਸਤੰਬਰ ਨੂੰ ਬਰਨਾਲਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਕੀਤੀ ਜਾ ਰਹੀ ਸਾਮਰਾਜ ਵਿਰੋਧੀ ਕਾਨਫਰੰਸ ’ਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ । ਪਿੰਡਾਂ ’ਚ ਹੋਏ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਨਵੀਨਰ ਮੋਹਨ ਸਿੰਘ ਬੱਲ, ਵਿੱਤ ਸਕੱਤਰ ਹਰਨੇਕ ਸਿੰਘ ਮਾਲੜੀ, ਜ਼ਿਲ੍ਹਾ ਕਮੇਟੀ ਮੈਂਬਰ ਨਿਰਮਲ ਸਿੰਘ ਜਹਾਂਗੀਰ ਅਤੇ ਸੁੱਖਪਾਲ ਸਿੰਘ ਰਾਈਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਕਾਲੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਦੇਸ਼ ਦਾ ਹਰ ਕਿਰਤੀ ਪ੍ਰਭਾਵਿਤ ਹੋਵੇਗਾ। ਬੇਰੁਜ਼ਗਾਰੀ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਵੇਗੀ।
ਇਸ ਕਰਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 27 ਸਤੰਬਰ ਨੂੰ ਟੁੱਟ ਕਲਾਂ ਦੇ ਬੱਸ ਅੱਡੇ ’ਤੇ ਲਗਾਏ ਜਾ ਰਹੇ ਜਾਮ ’ਚ ਭਰਵੀ ਸਮੂਲੀਅਤ ਕਰਨ। ਉਨ੍ਹਾਂ ਕਿਸਾਨਾਂ ਨੂੰ 28 ਸਤੰਬਰ ਦੀ ਬਰਨਾਲਾ ਵਿਖੇ ਸਾਮਰਾਜ ਵਿਰੋਧੀ ਕਾਨਫਰੰਸ ’ਚ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ। ਕਿਸਾਨ ਚੇਤਨਾ ਮੋਟਰਸਾਈਕਲ ਮਾਰਚ ’ਚ ਪਿੰਡ ਇਕਾਈਆਂ ਦੇ ਪ੍ਰਧਾਨ ਕਸ਼ਮੀਰ ਸਿੰਘ ਹੁਸੈਨਪੁਰ, ਦਲਬੀਰ ਸਿੰਘ ਗਿੱਲ, ਹਰਜਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ ਸਿਹਾਰੀਵਾਲ, ਮਹਿੰਦਰ ਸਿੰਘ ਤਲਵੰਡੀ ਸਲੇਮ, ਮਨਜੀਤ ਸਿੰਘ ਸਾਬੀ ਤੇ ਮਨਜਿੰਦਰ ਸਿੰਘ ਸ਼ਾਮਿਲ ਸਨ।