ਮੱਕੜ-ਮੰਨਣ ਦੇ ਵਿਵਾਦ ਨੂੰ ਅਣਗੌਲਿਆ ਕਰ ਗਏ ਬਿਕਰਮ ਮਜੀਠੀਆ

12/16/2019 11:12:02 AM

ਜਲੰਧਰ (ਬੁਲੰਦ)— ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਜਲੰਧਰ ਦੌਰੇ ਦੌਰਾਨ ਬੀਤੇ ਦਿਨ ਕੁਲਵੰਤ ਸਿੰਘ ਮੰਨਣ ਅਤੇ ਸਰਬਜੀਤ ਸਿੰਘ ਮੱਕੜ ਵਿਚਾਲੇ ਹੋਏ ਵਿਵਾਦ ਨੂੰ ਅਣਗੌਲਿਆਂ ਕਰ ਗਏ। ਉਹ ਰਾਮਨੌਮੀ ਉਤਸਵ ਕਮੇਟੀ ਦੇ ਵਜ਼ੀਫਾ ਵੰਡ ਸਮਾਗਮ 'ਚ ਐਤਵਾਰ ਨੂੰ ਜਲੰਧਰ ਆਏ ਸਨ। ਇਸ ਦੌਰਾਨ ਕੁਝ ਅਕਾਲੀ ਆਗੂਆਂ ਨੇ ਉਨ੍ਹਾਂ ਨਾਲ ਮੰਨਣ-ਮੱਕੜ ਵਿਵਾਦ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਇਸ ਨੂੰ ਪਾਰਟੀ ਆਪਣੇ-ਆਪ ਹੈਂਡਲ ਕਰੇਗੀ।

ਮੱਕੜ ਨੂੰ ਮਿਲੇ ਮਜੀਠੀਆ, ਮੰਨਣ ਨੂੰ ਬੁਲਾਇਆ ਤਕ ਨਹੀਂ
ਉਥੇ ਹੀ ਪਾਰਟੀ ਦੇ ਹੀ ਕੁਝ ਨੇਤਾਵਾਂ ਨੇ ਮਜੀਠੀਆ ਦੀ ਚੁੱਪੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਿਸ ਮਾਮਲੇ ਨੂੰ ਲੈ ਕੇ ਪਿਛਲੇ 1 ਹਫਤੇ ਤੋਂ ਜਲੰਧਰ 'ਚ ਅਕਾਲੀ ਦਲ ਦੀ ਸ਼ਹਿਰੀ ਸਾਰੀ ਇਕਾਈ ਨਾਰਾਜ਼ ਹੈ। ਇਸ ਮਾਮਲੇ 'ਚ ਮਜੀਠੀਆ ਦਾ ਕੁਝ ਨਾ ਕਹਿਣਾ ਸਵਾਲ ਖੜ੍ਹੇ ਕਰਦਾ ਹੈ ਕਿ ਕੀ ਪਾਰਟੀ ਇਸ ਮਾਮਲੇ ਨੂੰ ਲੈ ਕੇ ਗੰਭੀਰ ਵੀ ਹੈ ਜਾਂ ਨਹੀਂ। ਇੰਨਾ ਹੀ ਨਹੀਂ, ਮਜੀਠੀਆ ਬਾਅਦ ਦੁਪਹਿਰ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਘਰ ਅਫਸੋਸ ਕਰਨ ਗਏ ਤਾਂ ਉਥੇ ਉਨ੍ਹਾਂ ਦੀ ਮੁਲਾਕਾਤ ਸਰਬਜੀਤ ਸਿੰਘ ਮੱਕੜ ਨਾਲ ਵੀ ਹੋਈ।

ਮਜੀਠੀਆ ਮੱਕੜ ਨੂੰ ਖੂਬ ਗਰਮਜੋਸ਼ੀ ਨਾਲ ਮਿਲੇ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ ਪਰ ਇਸ ਦੌਰਾਨ ਉਨ੍ਹਾਂ ਨੇ ਨਾ ਤਾਂ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ ਨਾਲ ਫੋਨ 'ਤੇ ਹੀ ਕੋਈ ਗੱਲ ਕੀਤੀ ਅਤੇ ਨਾ ਹੀ ਕੋਈ ਮੁਲਾਕਾਤ ਕੀਤੀ, ਜਿਸ ਨਾਲ ਇਕ ਵਾਰ ਫਿਰ ਅਕਾਲੀ ਦਲ ਦੀ ਸ਼ਹਿਰੀ ਇਕਾਈ 'ਚ ਨਾਰਾਜ਼ਗੀ ਵਧ ਗਈ ਹੈ। ਜਾਣਕਾਰੀ ਅਨੁਸਾਰ ਸ਼ਹਿਰੀ ਇਕਾਈ ਦਾ ਕੋਈ ਵੀ ਨੇਤਾ ਮਜੀਠੀਆ ਨਾਲ ਮਿਲਣ ਵੀ ਨਹੀਂ ਗਿਆ। ਜਦੋਂ ਮਾਮਲੇ ਬਾਰੇ ਕੁਲਵੰਤ ਸਿੰਘ ਮੰਨਣ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਜੀਠੀਆ ਵੱਲੋਂ ਕੋਈ ਸੁਨੇਹਾ ਨਾ ਤਾਂ ਮਿਲਣ ਦਾ ਆਇਆ ਅਤੇ ਨਾ ਹੀ ਉਨ੍ਹਾਂ ਦੀ ਫੋਨ 'ਤੇ ਕੋਈ ਗੱਲ ਹੋਈ ਹੈ।


shivani attri

Content Editor

Related News