ਜਲੰਧਰ ਛਾਉਣੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਮਜ਼ਬੂਤ ਕਰਨਾ ਹਲਕਾ ਇੰਚਾਰਜ ਹਰਜਾਪ ਸੰਘਾ ਲਈ ਵੱਡੀ ਚੁਣੌਤੀ
Tuesday, Nov 21, 2023 - 04:47 PM (IST)
ਜਲੰਧਰ (ਮਹੇਸ਼)- ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਵਿਚ ਸਾਲ 2007 ਅਤੇ 2012 ’ਚ ਸ਼੍ਰੋਮਣੀ ਅਕਾਲੀ ਦਲ ਆਪਣੇ ਵਿਧਾਇਕ ਬਣਾਉਣ ’ਚ ਸਫਲ ਰਿਹਾ ਸੀ ਪਰ ਉਸ ਤੋਂ ਪਹਿਲਾਂ ਇਹ ਹਲਕਾ ਕਈ ਸਾਲਾਂ ਤੋਂ ਕਾਂਗਰਸ ਦੇ ਹੀ ਕਬਜ਼ੇ ’ਚ ਰਿਹਾ ਹੈ ਤੇ ਸਾਲ 2012 ਤੋਂ ਬਾਅਦ ਕਾਂਗਰਸ ਨੇ ਇਸ ਹਲਕੇ ’ਤੇ ਮੁੜ ਕਬਜ਼ਾ ਕਰ ਲਿਆ। ਇਸ ਹਲਕੇ ਵਿਚ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਹੁਤ ਕਮਜ਼ੋਰ ਸਥਿਤੀ ’ਚ ਹੈ ਕਿਉਂਕਿ 2007, 2012 ਅਤੇ 2017 ਵਿਚ ਇਸ ਹਲਕੇ ਤੋਂ ਚੋਣ ਲੜਨ ਵਾਲੇ ਉਮੀਦਵਾਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ‘ਆਪ’, ਕਾਂਗਰਸ ਅਤੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਸਮੇਂ ਇਸ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਇੰਚਾਰਜ ਦੀ ਕਮਾਨ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਸੀਨੀਅਰ ਆਗੂ ਅਤੇ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਗੁਰਦੇਵ ਕੌਰ ਸੰਘਾ ਦੇ ਪੁੱਤਰ ਹਰਜਾਪ ਸਿੰਘ ਸੰਘਾ (ਕਾਦੀਆਂਵਾਲੀ) ਨੂੰ ਸੌਂਪੀ ਹੈ ਅਤੇ ਉਨ੍ਹਾਂ ਲਈ ਮੁੜ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਵੱਡੀ ਚੁਣੌਤੀ ਹੈ। ਸਮਾਂ ਹੀ ਦੱਸੇਗਾ ਕਿ ਉਹ ਇਸ ਚੁਣੌਤੀ ਨੂੰ ਕਿਸ ਹੱਦ ਤੱਕ ਪੂਰਾ ਕਰ ਪਾਉਂਦੇ ਹਨ। ਪਿਛਲੇ ਦਿਨਾਂ ਤੋਂ ਸੰਘਾ ਨੇ ਪਾਰਟੀ ਦੀ ਮਜ਼ਬੂਤੀ ਲਈ ਹਲਕੇ ਅੰਦਰ ਆਪਣੀਆਂ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ- ਮੰਡੀ ਤੋਂ ਘਰ ਜਾ ਰਹੇ ਕਿਸਾਨ 'ਤੇ ਲੁਟੇਰਿਆਂ ਨੇ ਕੀਤਾ ਹਮਲਾ, ਖੋਹੀ ਨਕਦੀ ਤੇ ਐਕਟਿਵਾ, ਪੁਲਸ ਨੇ ਕੀਤੇ ਗ੍ਰਿਫ਼ਤਾਰ
ਜਗਬੀਰ ਸਿੰਘ ਬਰਾੜ ਨੂੰ 2007 ’ਚ ਮਿਲੀਆਂ ਸਨ 52 ਹਜ਼ਾਰ ਤੋਂ ਵੱਧ ਵੋਟਾਂ- 2006 ਵਿਚ ਬੀ. ਡੀ. ਪੀ. ਓ. ਦੀ ਸਰਕਾਰੀ ਨੌਕਰੀ ਛੱਡ ਕੇ 2007 ਵਿਚ ਸਰਗਰਮ ਸਿਆਸਤ ਵਿਚ ਆਏ ਜਗਬੀਰ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਤੋਂ ਚੋਣ ਲੜਦਿਆਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੁੱਤਰੀ ਗੁਰਕੰਵਲ ਕੌਰ ਸਾਬਕਾ ਕੈਬਨਿਟ ਮੰਤਰੀ ਨੂੰ ਕਰੀਬ 20 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾ ਕੇ 52 ਹਜ਼ਾਰ ਵੋਟਾਂ ਹਾਸਲ ਕੀਤੀਆਂ ਸਨ। 2012 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਉਹ ਅਕਾਲੀ ਦਲ ਛੱਡ ਕੇ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀ. ਪੀ. ਪੀ. ਵਿਚ ਸ਼ਾਮਲ ਹੋ ਗਏ ਸਨ ਅਤੇ ਫਿਰ ਕਾਂਗਰਸ ਵਿਚ ਚਲੇ ਗਏ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਜੇਕਰ ਉਹ ਅਕਾਲੀ ਦਲ ਵਿਚ ਹੀ ਰਹਿੰਦੇ ਤਾਂ ਕਦੇ ਵੀ ਜਲੰਧਰ ਕੈਂਟ ਹਲਕੇ ਤੋਂ ਹਾਰ ਨਹੀਂ ਸਕਦੇ ਸਨ ਪਰ ਉਨ੍ਹਾਂ ਕਈ ਸਿਆਸੀ ਪਾਰਟੀਆਂ ਬਦਲੀਆਂ, ਜਿਸ ਕਾਰਨ ਉਨ੍ਹਾਂ ਨੂੰ ਮੁੜ ਵਿਧਾਇਕ ਬਣਨ ਦਾ ਮੌਕਾ ਨਹੀਂ ਮਿਲਿਆ। ਅਗਸਤ 2021 ਵਿਚ ਬਰਾੜ ਮੁੜ ਅਕਾਲੀ ਦਲ ਵਿਚ ਵਾਪਸ ਆ ਗਏ ਤੇ ਚੋਣ ਲੜੀ ਪਰ ਉਹ ਸਿਰਫ 26 ਹਜ਼ਾਰ ਦੇ ਕਰੀਬ ਵੋਟਾਂ ਲੈ ਕੇ ਤੀਜੇ ਨੰਬਰ ’ਤੇ ਰਹੇ। ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਂਦੇ ਹੀ ਬਰਾੜ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ।
ਪਰਗਟ ਸਿੰਘ ਨੇ 2012 ਵਿਚ ਅਕਾਲੀ ਦਲ ਦੀ ਸੀਟ ’ਤੇ ਚੋਣ ਲੜੀ- ਡਾਇਰੈਕਟਰ ਸਪੋਰਟਸ ਪੰਜਾਬ ਅਤੇ ਪੰਜਾਬ ਪੁਲਸ ਦੇ ਐੱਸ. ਪੀ. ਰਹੇ ਪਰਗਟ ਸਿੰਘ ਨੇ ਆਪਣਾ ਅਹੁਦਾ ਛੱਡ ਕੇ 2012 ਵਿਚ ਰਾਜਨੀਤੀ ਵਿਚ ਪ੍ਰਵੇਸ਼ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਨ੍ਹਾਂ ਵਿਧਾਨ ਸਭਾ ਚੋਣ ਲੜੀ ਅਤੇ ਕਾਂਗਰਸ ਦੇ ਜਗਬੀਰ ਸਿੰਘ ਬਰਾੜ ਨੂੰ ਕਰੀਬ 7 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾ ਕੇ ਅਕਾਲੀ ਦਲ ਦੇ ਵਿਧਾਇਕ ਬਣੇ। ਉਸ ਸਮੇਂ ਪ੍ਰਗਟ ਸਿੰਘ ਨੂੰ 48 ਹਜ਼ਾਰ ਅਤੇ ਜਗਬੀਰ ਬਰਾੜ ਨੂੰ 41 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ। ਪਰਗਟ ਸਿੰਘ ਵੀ ਅਕਾਲੀ ਦਲ ਨੂੰ ਪਸੰਦ ਨਹੀਂ ਕਰਦੇ ਸਨ ਅਤੇ ਉਹ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਛੱਡ ਕੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ, ਜੋ ਭਾਜਪਾ ਛੱਡ ਕੇ ਕਾਂਗਰਸ ਵਿਚ ਆਏ ਸਨ ਅਤੇ ਜਗਬੀਰ ਸਿੰਘ, ਜੋ ਕਿ ਉਸ ਸਮੇਂ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਸਨ, ਦੀ ਟਿਕਟ ਵੀ ਕਟਾ ਦਿੱਤੀ । ਕਾਂਗਰਸੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ ਅਤੇ ਜਿੱਤ ਕੇ ਕਾਂਗਰਸੀ ਵਿਧਾਇਕ ਬਣ ਗਏ ਤੇ ਸਰਕਾਰ ਦੇ ਅਖੀਰਲੇ ਸਮੇਂ ਵਿਚ ਕੁਝ ਮਹੀਨੇ ਪੰਜਾਬ ਚਾਰ-ਪੰਜ ਅਹਿਮ ਵਿਭਾਗਾਂ ਦੇ ਕੈਬਨਿਟ ਮੰਤਰੀ ਵੀ ਬਣੇ | ਕਾਂਗਰਸ ਸਰਕਾਰ ਦੇ ਆਖਰੀ ਸਮੇਂ ਦੌਰਾਨ 2022 ’ਚ ‘ਆਪ’ ਦੀ ਲਹਿਰ ਦੇ ਬਾਵਜੂਦ ਪਰਗਟ ਸਿੰਘ ਕਾਂਗਰਸ ਦੀ ਟਿਕਟ ’ਤੇ ਤੀਜੀ ਵਾਰ ਕੈਂਟ ਹਲਕੇ ਤੋਂ ਵਿਧਾਇਕ ਬਣਨ ’ਚ ਕਾਮਯਾਬ ਰਹੇ।
ਇਹ ਵੀ ਪੜ੍ਹੋ- ਸੜਕਾਂ 'ਤੇ ਛਲਾਂਗਾਂ ਮਾਰਦੇ ਸਾਂਬਰ ਨੇ ਮਾਰੀ ਕਈ ਵਾਹਨਾਂ ਨੂੰ ਟੱਕਰ, ਫੜਨ ਵਾਲਿਆਂ ਦੇ ਛੁਡਾਏ ਪਸੀਨੇ
2017 ਵਿਚ ਸਰਬਜੀਤ ਸਿੰਘ ਮੱਕੜ ਨੂੰ ਬਣਾਇਆ ਉਮੀਦਵਾਰ- ਪਰਗਟ ਸਿੰਘ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਆਦਮਪੁਰ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੂੰ ਜਲੰਧਰ ਕੈਂਟ ਹਲਕੇ ਦਾ ਪਾਰਟੀ ਇੰਚਾਰਜ ਬਣਾਇਆ। ਮੱਕੜ ਨੇ ਇਸ ਹਲਕੇ ਤੋਂ 2017 ਦੀ ਚੋਣ ਲੜੀ ਅਤੇ ਪਰਗਟ ਸਿੰਘ ਤੋਂ ਚੋਣ ਹਾਰ ਗਏ। ਉਸ ਤੋਂ ਬਾਅਦ ਉਨ੍ਹਾਂ ਲਗਾਤਾਰ 5 ਸਾਲ ਇਸ ਹਲਕੇ ਵਿਚ ਅਕਾਲੀ ਦਲ ਦੀ ਮਜ਼ਬੂਤੀ ਲਈ ਮਿਹਨਤ ਕੀਤੀ ਅਤੇ ਜਦੋਂ ਉਹ 2022 ਦੀਆਂ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਜਗਬੀਰ ਸਿੰਘ ਬਰਾੜ ਨੂੰ ਮੁੜ ਅਕਾਲੀ ਦਲ ਵਿਚ ਸ਼ਾਮਲ ਕਰ ਕੇ ਟਿਕਟ ਦੇ ਦਿੱਤੀ, ਜਿਸ ਕਾਰਨ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਵਿਚੋਂ ਜਾਣੇ ਜਾਂਦੇ ਮੱਕੜ ਬਹੁਤ ਨਾਰਾਜ਼ ਹੋਏ ਤੇ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਭਾਜਪਾ ਵੱਲੋਂ ਕੈਂਟ ਹਲਕੇ ਤੋਂ 2022 ਦੀ ਚੋਣ ਲੜੀ ਪਰ ਉਹ ਜਿੱਤ ਨਾ ਸਕੇ। ਇਸ ਦਾ ਮੁੱਖ ਕਾਰਨ ਇਹ ਸੀ ਕਿ ਕੈਂਟ ਖੇਤਰ ਵਿਚ ਭਾਜਪਾ ਦਾ ਵੋਟ-ਬੈਂਕ ਬਹੁਤ ਘੱਟ ਹੈ। ਇਸ ਦੇ ਬਾਵਜੂਦ ਉਹ ਕੁਝ ਦਿਨ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋ ਕੇ ਕਰੀਬ 16 ਹਜ਼ਾਰ ਵੋਟਾਂ ਲੈ ਗਏ ਸਨ।
ਸੰਘਾ ਅਕਾਲੀ ਦਲ ਛੱਡ ਚੁੱਕੇ ਵਰਕਰਾਂ ਨੂੰ ਵਾਪਸ ਲਿਆਉਣ ਵਿਚ ਜੁਟੇ- ਪਾਰਟੀ ਦੇ ਮੌਜੂਦਾ ਜਲੰਧਰ ਛਾਉਣੀ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਜਲੰਧਰ ਛਾਉਣੀ ਹਲਕੇ ਨਾਲ ਸਬੰਧਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਵਾਪਸ ਲਿਆਉਣ ਵਿਚ ਲੱਗੇ ਹੋਏ ਹਨ। ‘ਆਪ’ ’ਚ ਸ਼ਾਮਲ ਹੋਏ ਅਕਾਲੀ ਵਰਕਰ ਉਥੇ ਵੀ ਖੁਸ਼ ਨਹੀਂ ਹਨ, ਜਿਸ ਕਾਰਨ ਉਹ ਅਕਾਲੀ ਦਲ ’ਚ ਵਾਪਸ ਆ ਸਕਦੇ ਹਨ। ਸੰਘਾ ਕੁਝ ਦਿਨ ਪਹਿਲਾਂ ਹੋਈ ਅਕਾਲੀ ਦਲ ਦੀ ਯੂਥ ਰੈਲੀ ਵਿਚ ਕੈਂਟ ਹਲਕੇ ਤੋਂ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਲੈ ਕੇ ਗਏ ਸਨ। ਉਹ ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਤਾਲਮੇਲ ਵਧਾ ਰਿਹਾ ਹੈ। ਸੰਘਾ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ।
ਇਹ ਵੀ ਪੜ੍ਹੋ- ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਪੁਲਸ ਨੇ ਦਿਖਾਈ ਸਖ਼ਤੀ, 6 ਖ਼ਿਲਾਫ਼ ਕੀਤਾ ਮਾਮਲਾ ਦਰਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8