ਮੁੱਖ ਮੰਤਰੀ ਨੇ ਬਾਦਲਾਂ ਵੱਲੋਂ ਖੇਤੀ ਕਾਨੂੰਨਾਂ 'ਤੇ ਦੋਹਰੇ ਮਾਪਦੰਡਾਂ ਲਈ ਅਕਾਲੀ ਦਲ ਨੂੰ ਘੇਰਿਆ

09/13/2021 9:59:21 PM

ਬੱਲੋਵਾਲ ਸੌਂਖੜੀ (ਸ਼ਹੀਦ ਭਗਤ ਸਿੰਘ ਨਗਰ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕਿਸਾਨਾਂ ਨੂੰ ਧੋਖਾ ਦੇਣ ਲਈ ਬਾਦਲ ਪਰਿਵਾਰ 'ਤੇ ਤਿੱਖਾ ਹਮਲੇ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਅਕਾਲੀ ਦਲ ਦੀ ਮਰਜ਼ੀ ਨਾਲ ਹੀ ਅਮਲ 'ਚ ਲਿਆਂਦੇ ਗਏ ਸੀ ਅਤੇ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਹੁੰਦਿਆਂ ਕੇਂਦਰੀ ਕੈਬਨਿਟ ਨੇ ਆਰਡੀਨੈਂਸ ਪਾਸ ਕੀਤੇ ਸਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਪਰ ਜਦੋਂ ਉਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਅਕਾਲੀ ਦਲ ਨੇ ਸੁਰ ਬਦਲ ਲਈ। ਕਾਂਗਰਸ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਦਾ ਪਹਿਲੇ ਹੀ ਦਿਨ ਤੋਂ ਇਨ੍ਹਾਂ ਦਾ ਵਿਰੋਧ ਕਰਨ ਵਾਲੀ ਪਾਰਟੀ ਦੱਸਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਸਰਵ ਪਾਰਟੀ ਮੀਟਿੰਗ ਸੱਦੀ ਤੇ ਉਸ ਤੋਂ ਪਿੱਛੋਂ ਕਿਸਾਨ ਜਥੇਬੰਦੀਆਂ ਨਾਲ ਵੀ ਮੀਟਿੰਗ ਕੀਤੀ। ਇਸ ਮਗਰੋਂ ਸੂਬਾ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਦਨ ਸੱਦ ਕੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਬਿੱਲ ਪਾਸ ਕੀਤੇ।

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਨੇ ਕੀਤਾ ਸੰਨਿਆਸ ਦਾ ਐਲਾਨ


ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1950 ਤੋਂ ਲੈ ਕੇ ਹੁਣ ਤੱਕ 127 ਵਾਰ ਸੰਵਿਧਾਨ 'ਚ ਸੋਧ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ, ''ਤਾਂ ਫੇਰ ਕਿਉਂ ਨਹੀਂ, ਇਕ ਵਾਰ ਹੋਰ ਸੋਧ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਖੇਤੀ ਕਾਨੂੰਨ ਰੱਦ ਕੀਤੇ ਜਾਣ ਜੋ ਕਿਸਾਨ ਸਿੰਘੂ ਅਤੇ ਟਿਕਰੀ ਸਰਹੱਦਾਂ 'ਤੇ ਧਰਨਾ ਦੇ ਰਹੇ ਹਨ।'' ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਪ੍ਰਤੀ ਕਿਸਾਨ ਪਰਿਵਾਰ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਪ੍ਰਦਾਨ ਕਰ ਰਹੀ ਹੈ। ਮੁੱਖ ਮੰਤਰੀ ਨੇ ਇਹ ਗੱਲ ਅੱਜ ਬੱਲੋਵਾਲ ਸੌਂਖੜੀ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ। ਇਸ ਮੌਕੇ ਉਨ੍ਹਾਂ ਇਸ ਕਾਲਜ ਦੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਵੀ ਕੀਤੀ ਜਿਸ ਤਹਿਤ 1 ਅਕਤੂਬਰ, 2021 ਤੋਂ ਜਮਾਤਾਂ ਸ਼ੁਰੂ ਹੋਣਗੀਆਂ। ਬੀ.ਐੱਸ.ਸੀ. (ਖੇਤੀਬਾੜੀ) ਵਿੱਚ 60 ਸੀਟਾਂ ਭਰੀਆਂ ਗਈਆਂ ਹਨ। ਇਹ ਪਹਿਲੀ ਵਾਰ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕੈਂਪਸ ਤੋਂ ਬਾਹਰ ਖੇਤੀਬਾੜੀ ਦਾ ਕੋਈ ਕਾਲਜ ਸਥਾਪਤ ਕੀਤਾ ਗਿਆ ਹੈ।

ਇਹ ਖ਼ਬਰ ਪੜ੍ਹੋ- ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੇ ਖੁੱਲ੍ਹਣ ਨਾਲ ਕੰਢੀ ਖੇਤਰ 'ਚ ਖੇਤੀਬਾੜੀ ਵਿਕਸਤ ਹੋਵੇਗੀ ਅਤੇ ਇਸ ਖੇਤਰ ਦੀਆਂ ਫਸਲਾਂ ਅਤੇ ਉਨ੍ਹਾਂ ਸਬੰਧੀ ਸਮੱਸਿਆਵਾਂ ਉਤੇ ਖੋਜ ਕਰਨ ਤੋਂ ਇਲਾਵਾ ਇਥੋਂ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਮਿਲੇਗੀ। ਕਾਲਜ 'ਚ ਇਸ ਪੱਖੋਂ ਵੀ ਖੋਜ ਕਾਰਜ ਕੀਤੇ ਜਾਣਗੇ ਕਿ ਜ਼ਮੀਨ ਦੀ ਘਾਟ ਅਤੇ ਖੇਤਰ 'ਚ ਪਾਣੀ ਦੀ ਕਮੀ ਨੂੰ ਦੇਖਦਿਆਂ ਕਿਵੇਂ ਪਾਣੀ ਦੇ ਸੀਮਤ ਵਸੀਲਿਆਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਜ਼ਿਆਦਾ ਪੈਦਾਵਾਰ ਹਾਸਲ ਕੀਤੀ ਜਾਵੇ। ਨਵਾਂਸ਼ਹਿਰ ਵਿਖੇ ਇਕ ਬਾਗਬਾਨੀ ਖੋਜ ਕੇਂਦਰ ਦੀ ਸਥਾਪਨਾ ਦਾ ਐਲਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਫਸਲੀ ਵਿਭਿੰਨਤਾ ਪੱਖੋਂ ਸੇਬ ਦੀ ਫਸਲ ਉਤੇ ਵੀ ਖੋਜ ਕੀਤੇ ਜਾਣ ਉਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਹੁਣ ਛੋਟੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਆਪਣੇ ਖੇਤਾਂ ਦੁਆਲੇ ਕੀਤੀ ਜਾਂਦੀ ਤਾਰਬੰਦੀ ਲਈ ਸਬਸਿਡੀ ਦੀ ਰਾਸ਼ੀ 60 ਫੀਸਦੀ ਤੋਂ ਵਧਾ ਕੇ 90 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਵਿੱਚ ਪੰਜ ਬਾਗਬਾਨੀ ਅਸਟੇਟ ਵੀ ਸਥਾਪਤ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਮੱਦਦ ਮਿਲ ਸਕੇ।
ਸੂਬਾ ਸਰਕਾਰ ਵੱਲੋਂ ਮੰਡੀਆਂ ਦੇ ਬੁਨਿਆਦੀ ਢਾਂਚੇ ਅਤੇ ਪ੍ਰੋਸੈਸਿੰਗ ਸੁਵਿਧਾਵਾਂ ਨੂੰ ਹੋਰ ਸੁਧਾਰਨ ਲਈ ਦੋ ਨਵੇਂ ਮੈਗਾ ਫੂਡ ਪਾਰਕ ਸਥਾਪਤ ਕੀਤੇ ਗਏ ਅਤੇ ਇਸ ਤੋਂ ਇਲਾਵਾ ਖੇਤੀਬਾੜੀ ਮੰਡੀਕਰਨ ਨਵਾਂ ਉਦਮ, ਖੋਜ ਅਤੇ ਚੌਕਸੀ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ ਤਾਂ ਜੋ ਉਤਪਾਦਨ ਵਿੱਚ ਮੱਦਦ ਮਿਲ ਸਕੇ ਅਤੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੰਗ ਅਤੇ ਕੀਮਤਾਂ ਨੂੰ ਵੇਖਦੇ ਹੋਏ ਬਜ਼ਾਰੀ ਯੋਜਨਾਬੰਦੀ ਦੀ ਵਿਉਂਤ ਬਣਾਈ ਜਾ ਸਕੇ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News