ਬਹਿਬਲ ਕਲਾਂ ਗੋਲੀ ਕਾਂਡ ਲਈ ਬਾਦਲ ਸਰਕਾਰ ਹੀ ਜ਼ਿੰਮੇਵਾਰ ਸੀ : ਰਿਟਾ. ਜਸਟਿਸ ਜ਼ੋਰਾ ਸਿੰਘ

04/01/2019 1:43:40 AM

ਜਲੰਧਰ, (ਬੁਲੰਦ)- ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਅਸਲ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੀ ਸਰਕਾਰ ਸੀ ਤੇ ਇਸ ਮਾਮਲੇ ਵਿਚ ਅਕਾਲੀ ਦਲ ਬਾਦਲ ਤੇ ਕੈਪਟਨ ਆਪਸ ਵਿਚ ਮਿਲੇ ਹੋਏ ਹਨ। ਇਸ ਕਾਰਨ ਮੇਰੀ ਰਿਪੋਰਟ ਨਾ ਤਾਂ ਜਨਤਕ ਕੀਤੀ ਗਈ ਤੇ ਨਾ ਹੀ ਉਸ ਨੂੰ ਵਿਧਾਨ ਸਭਾ ਵਿਚ ਪੇਸ਼ ਕਰ ਕੇ ਉਸ ’ਤੇ ਬਹਿਸ ਕੀਤੀ ਗਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਰਿਟਾ. ਜਸਟਿਸ ਜ਼ੋਰਾ ਸਿੰਘ ਨੇ ਕੀਤਾ। ਜ਼ੋਰਾ ਸਿੰਘ ਹਾਈ ਕੋਰਟ ਤੋਂ ਜੱਜ ਰਿਟਾਇਰ ਹੋਏ ਹਨ ਤੇ ਉਨ੍ਹਾਂ ਦੀ ਅਗਵਾਈ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਇਕ ਕਮਿਸ਼ਨ ਬਣਾ ਕੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਵਾਈ ਗਈ ਸੀ।

ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਤੁਹਾਡੇ ’ਤੇ ਦੋਸ਼ ਲੱਗਦੇ ਰਹੇ ਹਨ ਕਿ ਤੁਸੀਂ ਆਪਣੀ ਰਿਪੋਰਟ ਵਿਚ ਬਾਦਲ ਪਰਿਵਾਰ ਤੇ ਪੰਜਾਬ ਦੇ ਤਤਕਾਲੀਨ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਕਲੀਨ ਚਿੱਟ ਦਿੱਤੀ ਸੀ ਤਾਂ ਇਸ ’ਤੇ ਜ਼ੋਰਾ ਸਿੰਘ ਨੇ ਕਿਹਾ ਕਿ ਮੈਂ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਪੁਲਸ ਅਧਿਕਾਰੀਆਂ ਨੂੰ ਕਲੀਨ ਚਿੱਟ ਦਿੱਤੀ ਹੁੰਦੀ ਤਾਂ ਉਸ ਸਮੇਂ ਮੁੱਖ ਮੰਤਰੀ ਬਾਦਲ ਨੇ ਮੇਰੀ ਰਿਪੋਰਟ ਮਨਜ਼ੂਰ ਕਰ ਕੇ ਉਸ ਨੂੰ ਜਨਤਕ ਕਰ ਦਿੱਤਾ ਹੁੰਦਾ। ਉਨ੍ਹਾਂ ਕਿਹਾ ਕਿ ਨਾ ਤਾਂ ਅਕਾਲੀ ਸਰਕਾਰ ਨੇ ਹੀ ਉਨ੍ਹਾਂ ਦੀ ਰਿਪੋਰਟ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤਾ ਤੇ ਨਾ ਹੀ ਕਾਂਗਰਸ ਨੇ ਅਜਿਹਾ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਵੀ ਬਾਦਲ ਦੇ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਲਈ ਬਾਦਲ ਦੋਸ਼ੀ ਹਨ ਤੇ ਉਨ੍ਹਾਂ ਆਪਣੀ ਰਿਪੋਰਟ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਦੀ ਮੰਗ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਜਲੰਧਰ ਨਾਲ ਉਨ੍ਹਾਂ ਦਾ ਕਰੀਬੀ ਰਿਸ਼ਤਾ ਹੈ ਤੇ ਜੇਕਰ ਉਹ ਚੋਣ ਜਿੱਤਦੇ ਹਨ ਤਾਂ ਜਲੰਧਰ ਵਿਚ ਸਿਹਤ ਤੇ ਸਿੱਖਿਆ ਸਹੂਲਤਾਂ ਵੱਲ ਖਾਸ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦਾ ਮਾਡਲ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਡਰੱਗਜ਼ ਨੂੰ ਰੋਕਣ ਲਈ ਸਰਕਾਰ ਬਿਲਕੁਲ ਫੇਲ ਸਾਬਿਤ ਹੋਈ ਹੈ ਤੇ ਇਥੇ ਤਾਂ ਡਰੱਗਜ਼ ਰੋਕਣ ਵਾਲੇ ਅਧਿਕਾਰੀਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ’ਤੇ ਹਰ ਵਰਗ ਨਾਲ ਵਾਅਦਾ-ਖਿਲਾਫੀ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਡਾ. ਸੰਜੀਵ ਸ਼ਰਮਾ ਤੇ ਡਾ. ਸ਼ਿਵ ਦਿਆਲ ਮਾਲੀ ਵੀ ਮੌਜੂਦ ਸਨ।


Bharat Thapa

Content Editor

Related News