ਬਾਬਾ ਸਾਹਿਬ ਵਲੋਂ ਦਿੱਤਾ "ਪੜ੍ਹੋ, ਸੰਘਰਸ਼ ਕਰੋ,ਜੁੜੋ" ਹੀ ਦੇਸ਼ ਦੇ ਅਸਲ ਵਿਕਾਸ ਦੀ ਪੂੰਜੀ: ਦਮਨਵੀਰ ਸਿੰਘ ਫਿਲੌਰ

04/14/2021 4:30:02 PM

ਗੁਰਾਇਆ (ਮੁਨੀਸ਼): ਅੱਜ ਬਾਬਾ ਸਾਹਿਬ ਅੰਬੇਡਕਰ ਦੇ 130ਵਾਂ ਜਨਮ ਦਿਵਸ ਫਿਲੌਰ ਆਪਣੀ ਰਿਹਾਇਸ਼ ਵਿਖੇ ਮਨਾਉਂਦੇ ਹੋਏ ਸਰਦਾਰ ਸਰਵਣ ਸਿੰਘ ਫਿਲੌਰ ਨੇ ਉਨ੍ਹਾਂ ਦੇ ਜੀਵਨ ਤੇ ਝਾਤ ਪਾਈ। ਉਨ੍ਹਾਂ ਆਖਿਆ ਕਿ ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਜੀਵਨ ਦੇ ਵਿਚ ਕਰੜੀ ਮਿਹਨਤ ਅਤੇ ਸੰਘਰਸ਼ ਕੀਤਾ ਜੋ ਕਿ ਅਜੋਕੇ ਸਮੇ ਵਿੱਚ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸ੍ਰੋਤ ਹੈ।ਉਨ੍ਹਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਬਾਬਾ ਸਾਹਿਬ ਜਿਥੇ ਮੁੱਢ ਤੋ ਹੀ ਵਿਤਕਰੇ ਦਾ ਸਾਹਮਣਾ ਕੀਤਾ ਪਰ ਆਪਣੀ ਮਿਹਨਤ ਅਤੇ ਲਗਨ ਨਹੀਂ ਛੱਡੀ ਤੇ ਸਮਾਜ ਨੂੰ ਸਮਾਨਤਾ, ਬਰਾਬਤਾ ਦੇ ਹੱਕ ਲੈ ਕੇ ਦਿੱਤੇ।
ਇਸ ਮੌਕੇ ਫਿਲੌਰ ਪੀਪਲਜ਼ ਫ਼ੋਰਮ ਦੇ ਪ੍ਰਧਾਨ ਸਰਦਾਰ ਦਮਨਵੀਰ ਸਿੰਘ ਫਿਲੌਰ ਨੇ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਉੱਪਰ ਚਾਨਣਾ ਪਾਇਆ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਵਿਸ਼ਵ ਪ੍ਰਸਿੱਧ ਸਿੱਖਿਆ ਸੰਸਥਾਵਾਂ ਤੋਂ ਅਣਗਿਣਤ ਔਂਕੜਾ ਦਾ ਸਾਹਮਣਾ ਕਰਦਿਆਂ ਉੱਚ ਵਿੱਦਿਆ ਪ੍ਰਾਪਤ ਕੀਤੀ ਅਤੇ ਸਿੱਖਿਆ ਪ੍ਰਾਪਤ ਕਰ ਸਮਾਜ ਅਤੇ ਦੇਸ਼ ਦੇ ਸਰਵਪੱਖੀ ਵਿਕਾਸ ਅਤੇ ਸੇਵਾ ਵਿੱਚ ਜੁੱਟ ਗਏ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਬਾਬਾ ਸਾਹਿਬ ਨੇ ਆਪਣੀ ਆਵਾਜ਼ ਆਪਣੇ ਸਮਾਜ ਤੱਕ ਪਹੁੰਚਾਉਣ ਲਈ ਮੂਕਨਾਇਕ, ਬ੍ਰਹਿਸਕ੍ਰਿਤ ਭਾਰਤ, ਸਮਤਾ ਅਤੇ ਜਨਤਾ ਅਖਬਾਰਾਂ ਦੀ ਸ਼ੁਰੂਆਤ ਕੀਤੀ ਅਤੇ 1927 ਦੇ ਮਹਾਨ ਮਹਾੜ ਸਤਿਆਗ੍ਰਹਿ ਦੀ ਦੀ ਅਗਵਾਈ ਕਰ ਲਿਤਾੜੇ ਲੋਕਾਂ ਨੂੰ ਪਾਣੀ ਪੀਣ ਦਾ ਅਧਿਕਾਰ ਦਿਵਾਇਆ।ਉਨ੍ਹਾਂ ਗੋਲਮੇਜ ਕਾਨਫਰੰਸ ਵਿੱਚ ਬਾਬਾ ਸਾਹਿਬ ਅੰਬੇਡਕਰ ਵਲੋਂ ਦਿੱਤੀਆਂ ਪ੍ਰਸਿੱਧ ਦਲੀਲਾਂ ਕਾਰਨ ਅਛੂਤ ਵਰਗ ਨੂੰ ਮਿਲੇ ਅਧਿਕਾਰਾਂ ਤੋਂ ਲੈ ਕੇ ਔਰਤ ਵਰਗ,ਖੇਤੀ ਸੁਧਾਰਾਂ, ਲਿੰਗ ਸਮਾਨਤਾ,ਲੇਬਰ ਵਰਗ,ਰਾਜਨੀਤਿਕ ਸਿੱਖਿਆ,ਸਿੰਚਾਈ,ਨਹਿਰੀ, ਕਾਨੂੰਨ, ਆਰ ਬੀ ਆਈ ਦੀ ਸਥਾਪਨਾ ਵਿੱਚ ਪਾਏ ਬੇਮਿਸਾਲ ਯੋਗਦਾਨ ਬਾਰੇ ਡੂੰਗੀਆਂ ਤਕਰੀਰਾਂ ਪੇਸ਼ ਕੀਤੀਆਂ।ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਬਾਬਾ ਸਾਹਿਬ ਨੇ ਮੈਂਟਰਨਿਟੀ ਛੁੱਟੀ ਵਰਕਿੰਗ ਘੰਟੇ ਘੱਟ ਕਰਵਾਉਣ, ਵੋਟ ਦਾ ਅਧਿਕਾਰ, ਹਿੰਦੂ ਕੋਡ ਬਿੱਲ ਅਤੇ ਔਰਤਾਂ ਨੂੰ ਸੰਵਿਧਾਨਿਕ ਅਧਿਕਾਰ ਦਵਾਏ ਉਥੇ ਹੀ ਦੇਸ਼ ਦੇ ਲੇਬਰ ਵਰਗ ਦੇ ਉਥਾਨ ਲਈ ਬਣਾਏ ਬਿੱਲਾਂ ਦੀ ਘਾਲਣਾ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ।

ਉਨ੍ਹਾਂ ਡਾ.ਅੰਬੇਡਕਰ ਵਲੋਂ ਬਣਾਈ ਪੀਪਲਜ਼ ਐਜੂਕੇਸ਼ਨ ਸੁਸਾਇਟੀ ਦੇ ਮਾਧਿਅਮ ਰਾਹੀਂ ਕਾਰਜ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇ ਉੱਚ ਸਿੱਖਿਆ ਦੇ ਮਹੱਤਵ ਨੂੰ ਸਮਝਦਿਆਂ ਸੁਸਾਇਟੀ ਦੇ ਮਾਧਿਅਮ ਤੋਂ 1945 ਵਿੱਚ ਤਿੰਨ  ਉੱਚ ਸੰਸਥਾਵਾਂ ਸਿੱਖਿਆ ਦਾ ਨਿਰਮਾਣ ਕੀਤਾ।ਡਾ.ਅੰਬੇਡਕਰ ਭਾਰਤ ਦੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਅਰਧ-ਸ਼ਾਸ਼ਤਰ ਵਿੱਚ ਪੀ,ਐਚ,ਡੀ ਕੀਤੀ ਅਤੇ ਕਰਕੇ ਰਿਜਰਵ ਬੈਂਕ ਦੀ ਸਥਾਪਨਾ ਵਿੱਚ ਆਪਣੇ ਖੋਜ ਗ੍ਰੰਥ "ਰੁਪਏ ਦੀ ਸਮੱਸਿਆ" ਰਾਹੀਂ ਭਾਰੀ ਸ਼ਲਾਘਾਯੋਗ ਯੋਗਦਾਨ ਪਾਇਆ।ਉਨ੍ਹਾਂ ਜਿੱਥੇ ਬਾਬਾ ਸਾਹਿਬ ਦੇ 'ਪੜ੍ਹੋ ਸੰਘਰਸ਼ ਕਰੋ ਅਤੇ ਜੁੜੋ' ਦੇ ਸੰਦੇਸ਼ ਨੂੰ ਯਾਦ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਚੱਲ ਰਹੀ ਪੋਸਟਮੈਟ੍ਰਿਕ ਸਕਲਰਸ਼ਿਪ ਸਕੀਮ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਤੇ ਉਥੇ ਹੀ ਐਸ.ਸੀ. ਵਰਗ ਦੀ ਪੜ੍ਹਾਈ ਨੂੰ ਲੈ ਕੇ ਬਣੀਆਂ ਸਕੀਮਾਂ ਬਾਰੇ ਗਹਿਰੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਜੇਕਰ ਗਰੀਬ ਵਰਗ ਦੇ ਬੱਚਿਆਂ ਨੂੰ ਕਵਾਲਿਟੀ ਐਜੁਕਸ਼ਨ ਨਹੀਂ ਮਿਲਦੀ ਤਾਂ ਉਹ ਗੁਰਬਤ ਦੀ ਦਲਦਲ ਵਿਚੋਂ ਬਾਹਰ ਕਿਵੇਂ ਨਿਕਲ ਸਕਣਗੇ? ਉੱਚ ਵਿਦਿਆ ਤੋਂ ਵਾਂਝਾ ਹੋਣ ਕਾਰਨ ਦਲਿਤ ਸਮਾਜ ਦੀ ਇੱਕ ਪੀੜੀ ਪਿੱਛੇ ਪੈ ਜਾਵੇਗੀ, ਜਿਸਦਾ ਸਮਾਜ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਵਿੱਦਿਅਕ ਢਾਂਚਾ ਗਰੀਬ ਵਰਗ ਨੂੰ ਸਿੱਖਿਆ ਮੁਹਈਆ ਕਰਵਾਉਣ ਵਿੱਚ ਨਾਕਾਮਯਾਬ ਸਾਬਿਤ ਹੋਇਆ। ਪੰਜਾਬ ਅੰਦਰ ਵਿੱਦਿਆਰਥੀਆਂ ਉੱਪਰ 1800 ਕਰੋੜ ਦੇ ਸਟੱਡੀ ਲੋਨ ਦਾ ਭਾਰ ਹੈ ਅਤੇ ਉੱਚ ਸਿੱਖਿਆ ਨੂੰ ਲੈ ਕੇ ਬਣੀਆਂ ਸਕੀਮਾਂ ਦਾ ਕਰੋੜਾਂ ਦਾ ਬਕਾਇਆ ਹਾਲੇ ਤੱਕ ਵਿੱਦਿਆਰਥੀਆਂ ਤੱਕ ਨਹੀਂ ਪਹੁੰਚ ਸਕਿਆ। ਕਰੋੜਾਂ ਦੇ ਸਿੱਖਿਆ ਘਪਲੇ ਰਿਜ਼ਰਵ ਵਿੱਦਿਆਰਥੀਆਂ ਨੂੰ ਪੜਾਈ ਦੇ ਸੁਪਨੇ ਤੋਂ ਦੂਰ ਕਰ ਰਹੇ ਹਨ।ਇਸ ਮੌਕੇ ਮੰਚ ਦਾ ਸੰਚਾਲਨ ਸੁਖਦੇਵ ਸਿੰਘ ਲਾਖਾ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਨੇ ਕੀਤੀ। ਆਏ ਹੋਏ ਬੁਲਾਰਿਆ ਨੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਬਾਰੇ ਵਿਚਾਰਾਂ ਕੀਤੀਆਂ ਜਿਨ੍ਹਾ ਵਿੱਚ ਬੀਬੀ ਕੁਲਵਿੰਦਰ ਕੌਰ, ਦਮਨਵੀਰ ਰਵਿਦਾਸਪੁਰਾ, ਕੁਲਵੀਰ ਲੱਲੀਆਂ, ਨਿੱਮਾਂ ਦੋਸਾਂਝ ਹਾਜਰ ਸਨ।ਇਸ ਮੌਕੇ ਵੱਖ ਵੱਖ ਪਿੰਡਾਂ ਕਸਬਿਆਂ ਤੋਂ ਲੋਕਾਂ ਨੇ ਆਪਣੀ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਕੇਵਲ ਤੇਹਿੰਗ, ਦਲਵੀਰ ਚੰਦ ਅਹੀਰ ਰਵੀਦਾਸਪੁਰਾ,ਮਾਸਟਰ ਹਰਮੇਸ਼ ਜੱਸਲ, ਪਰਮਜੀਤ ਰਾਏਪੁਰ, ਰਣਜੀਤ ਸਿੰਘ,ਦੇਸਰਾਜ ਮੱਲ, ਅਮਰਜੀਤ ਸਿੰਘ ਗੜ੍ਹਾ,ਰਾਜਾ ਗੜ੍ਹਾ ਹਾਜ਼ਰ ਸਨ।

 


Shyna

Content Editor

Related News