ਨਸ਼ੇ ਦੇ ਵਿਰੋਧ ’ਚ ਉਮੜੇ ਸ਼ਹਿਰ ਦੇ ਲੋਕ, ਸਾਈਕਲ ਰੈਲੀ ਕੱਢ ਕੇ ਦਿੱਤਾ ਜਾਗਰੂਕਤਾ ਦਾ ਸੰਦੇਸ਼

06/20/2022 12:10:20 PM

ਹੁਸ਼ਿਆਰਪੁਰ (ਘੁੰਮਣ)- ਜ਼ਿਲ੍ਹਾ ਪ੍ਰਸ਼ਾਸਨ, ਜੀ. ਐੱਨ. ਏ. ਯੂਨੀਵਰਸਿਟੀ ਅਤੇ ਫਿੱਟ ਬਾਈਕਰਜ਼ ਕਲੱਬ ਵੱਲੋਂ ਐਤਵਾਰ ਨਸ਼ਾ ਵਿਰੋਧੀ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਲੋਕਾਂ ਦਾ ਉਤਸ਼ਾਹ ਵਧਾਉਣ ਲਈ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਖੁਦ ਇਸ ਸਾਈਕਲ ਰੈਲੀ ਦਾ ਹਿੱਸਾ ਬਣੇ ਅਤੇ ਪੂਰੀ ਰੈਲੀ ਦੌਰਾਨ ਸਾਈਕਲਿੰਗ ਕਰਕੇ ਸ਼ਹਿਰ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਪਰਮਜੀਤ ਸਿੰਘ ਸਚਦੇਵਾ ਵੀ ਮੌਜੂਦ ਸਨ। ਸਚਦੇਵਾ ਸਟਾਕਜ਼ ਦਫਤਰ ਬੁਲਾਂਵਾੜੀ ਤੋਂ ਸ਼ੁਰੂ ਇਹ ਸਾਈਕਲ ਰੈਲੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਇੰਪਰੂਵਮੈਂਟ ਟਰੱਸਟ ਮਾਰਕੀਟ ਨਜ਼ਦੀਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਜਾ ਕੇ ਸਮਾਪਤ ਹੋਈ। ਸਾਈਕਲ ਰੈਲੀ ਦੌਰਾਨ ਲੋਕਾਂ ਦਾ ਜੋਸ਼ ਦੇਖਣ ਲਾਇਕ ਸੀ। ਇਸ ਰੈਲੀ ਵਿਚ ਬੱਚੇ, ਜਵਾਨ, ਲੜਕੀਆਂ, ਇਥੋਂ ਤੱਕ ਕਿ ਉਮਰ ਦਰਾਜ਼ ਲੋਕਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਟੈਕਸੀ ਚਾਲਕ ਦਾ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼

ਸਾਈਕਲ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਇਸ ਰੈਲੀ ਵਿਚ ਸ਼ਾਮਲ ਹੋਣ ਵਾਲੇ ਸੈਂਕੜੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜੀ. ਐੱਨ. ਏ. ਯੂਨੀਵਰਸਿਟੀ ਅਤੇ ਫਿੱਟ ਬਾਈਕਰਜ਼ ਕਲੱਬ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿਚ ਇਹ ਪਹਿਲ ਸਮਾਜ ਦੇ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਾਈਕਲ ਰੈਲੀ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਡਰੱਗ ਖ਼ਿਲਾਫ਼ ਬਹੁਤ ਵੱਡੀ ਲੜਾਈ ਲੜ ਰਹੇ ਹਨ, ਜਿਸ ਵਿਚ ਨੌਜਵਾਨ ਵਿਸ਼ੇਸ਼ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਜੇਕਰ ਆਪਣੀ ਫਿਟਨੈੱਸ ਵੱਲ ਧਿਆਨ ਦੇਵੇਗਾ ਤਾਂ ਉਸ ਦਾ ਧਿਆਨ ਨਸ਼ਿਆਂ ਵੱਲ ਨਹੀਂ ਜਾਵੇਗਾ। ਇਸ ਲਈ ਨੌਜਵਾਨ ਫੈਸਲਾ ਕਰ ਲੈਣ ਕਿ ਉਹ ਫਿਟਨੈੱਸ ਵੱਲ ਧਿਆਨ ਦੇਣਗੇ ਅਤੇ ਆਪਣੀ ਸਾਰੀ ਸ਼ਕਤੀ ਆਪਣੇ ਆਪ ਨੂੰ ਅਤੇ ਸਮਾਜ ਨੂੰ ਫਿੱਟ ਰੱਖਣ ਵੱਲ ਲਾਉਣਗੇ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਧੀ ਬੁਲੇਟ ਪਰੂਫ਼ ਗੱਡੀਆਂ ਦੀ ਮੰਗ, ਜਾਣੋ ਕਿੰਨਾ ਆਉਂਦਾ ਹੈ ਖ਼ਰਚਾ

ਉਨ੍ਹਾਂ ਕਿਹਾ ਕਿ ਸਾਈਕਲਿੰਗ ਫਿਟਨੈੱਸ ਅਤੇ ਵਾਤਾਵਰਣ ਦੀ ਸੁਰੱਖਿਆ ਵਿਚ ਇਕ ਬੇਹਤਰੀਨ ਹਥਿਆਰ ਵਜੋਂ ਉਭਰੀ ਹੈ ਅਤੇ ਵੱਧ ਤੋਂ ਵੱਧ ਸਾਈਕਲਿੰਗ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਿਆਉਣ ਵਿਚ ਸਿਰਫ਼ ਨੌਜਵਾਨ ਨਹੀਂ ਬਲਕਿ ਸਾਰੇ ਵਰਗਾਂ ਦੀ ਹਿੱਸੇਦਾਰੀ ਜ਼ਰੂਰੀ ਹੈ। ਇਕਜੁੱਟਤਾ ਨਾਲ ਹੀ ਆਪਣੇ ਸੂਬੇ ਨੂੰ ਨਸ਼ਿਆਂ ਦੇ ਜੰਜ਼ਾਲ ਤੋਂ ਬਚਾਅ ਸਕਦੇ ਹਨ। ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਨੇ ਵੀ ਜੀ. ਐੱਨ. ਏ. ਯੂਨੀਵਰਸਿਟੀ ਤੇ ਫਿੱਟ ਬਾਈਕਰਜ਼ ਕਲੱਬ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਨੌਜਵਾਨਾਂ ਨੂੰ ਫਿਟਨੈੱਸ ਪ੍ਰਤੀ ਉਤਸ਼ਾਹਤ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ੇ ਦੀ ਗ੍ਰਿਫਤ ਵਿਚ ਹੈ ਤਾਂ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਸ ਦਾ ਨਸ਼ਾ ਛੁਡਾਉਣ ਵਿਚ ਉਸ ਦੀ ਮਦਦ ਕਰੀਏ, ਜਿਸ ਲਈ ਨਜ਼ਦੀਕੀ ਨਸ਼ਾ ਛੁਡਾਊ ਕੇਂਦਰ ਜਾਂ ਐਂਟੀ ਡਰੱਗ ਹੈਲਪਲਾਈਨ ਦੀ ਮਦਦ ਲਈ ਜਾ ਸਕਦੀ ਹੈ। ਇਸ ਮੌਕੇ ਡੀ. ਐੱਸ. ਪੀ. ਬਬਨਦੀਪ ਸਿੰਘ, ਡੀ. ਐੱਸ. ਪੀ. ਪ੍ਰੇਮ ਸਿੰਘ, ਜੀ. ਐੱਨ. ਏ. ਯੂਨੀਵਰਸਿਟੀ ਵੱਲੋਂ ਡੀਨ ਡਾ. ਸਮੀਰ ਵਰਮਾ, ਡਿਪਟੀ ਰਜਿਸਟਰਾਰ ਡਾ. ਕੁਣਾਲ ਬੈਂਸ, ਪੀ.ਆਰ.ਓ. ਗੁਰਮੀਤ ਸਿੰਘ, ਲਵਜੀਤ ਸਿੰਘ, ਫਿੱਟ ਬਾਈਕਰਜ਼ ਕਲੱਬ ਦੇ ਮੁਨੀਸ਼ ਨਜਰ, ਉਤਮ ਸਿੰਘ ਸਾਬੀ, ਬਲਰਾਜ ਸਿੰਘ ਚੌਹਾਨ, ਅਮਰਿੰਦਰ ਸੈਣੀ, ਗੁਰਮੇਲ ਸਿੰਘ, ਕੇਸ਼ਵ, ਜਸਜੀਤ ਬੱਬਰ, ਰਣਵੀਰ ਸਚਦੇਵਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: 'ਲਾਲ ਪਰੀ' ਦੇ ਦੀਵਾਨਿਆਂ ਲਈ ਬੁਰੀ ਖ਼ਬਰ: ਢੋਲ ਦੀ ਥਾਪ ’ਤੇ ਨਹੀਂ ਟੁੱਟਣਗੇ ‘ਠੇਕੇ’

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News