ਖ਼ਰੀਦੀ ਜ਼ਮੀਨ ''ਚ ਪੁੱਜੇ ਮਾਲਕਾਂ ''ਤੇ ਹਮਲਾ, ਪੁਲਸ ਵੱਲੋਂ ਦੋ ਧਿਰਾਂ ਖ਼ਿਲਾਫ਼ ਮਾਮਲੇ ਦਰਜ

Friday, Aug 14, 2026 - 04:34 PM (IST)

ਖ਼ਰੀਦੀ ਜ਼ਮੀਨ ''ਚ ਪੁੱਜੇ ਮਾਲਕਾਂ ''ਤੇ ਹਮਲਾ, ਪੁਲਸ ਵੱਲੋਂ ਦੋ ਧਿਰਾਂ ਖ਼ਿਲਾਫ਼ ਮਾਮਲੇ ਦਰਜ

ਭੋਗਪੁਰ (ਸੂਰੀ)- ਥਾਣਾ ਭੋਗਪੁਰ ਦੇ ਪਿੰਡ ਬੁਲੋਵਾਲ ਵਿਚ ਆਪਣੀ ਖ਼ਰੀਦੀ ਹੋਈ ਜ਼ਮੀਨ ਵਿਚ ਖੇਤੀ ਕਰਨ ਪੁੱਜੇ ਮਾਲਕਾਂ 'ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਭੋਗਪੁਰ ਪੁਲਸ ਵੱਲੋਂ ਦੋਵੇਂ ਧਿਰਾਂ ਖ਼ਿਲਾਫ਼ ਵੱਖ-ਵੱਖ ਮਾਮਲੇ ਦਰਜ ਕੀਤੇ ਹਨ।  ਇਸ ਮਾਮਲੇ ਸਬੰਧੀ ਅੱਜ ਪਿੰਡ ਬੁੱਲੋਵਾਲ ਵਿਚ ਪੰਡਿਤ ਬੂਟਾ ਰਾਮ, ਸਰਪੰਚ ਮਦਨ ਲਾਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਕ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਡਿਤ ਬੂਟਾ ਰਾਮ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਆਪਣੀ ਪੋਤਰੀ ਨੂੰ ਪਿੰਡ ਬੁੱਲੋਵਾਲ ਵਿਚ 11 ਕਨਾਲ 13 ਮਰਲੇ ਜ਼ਮੀਨ ਪਰਮਜੀਤ ਕੌਰ ਪਤਨੀ ਬਲਦੇਵ ਰਾਜ ਵਾਸੀ ਬੁੱਲੋਵਾਲ ਤੋਂ ਖ਼ਰੀਦ ਕੇ ਦਿੱਤੀ ਸੀ। ਇਸ ਦੀ ਰਜਿਸਟਰੀ ਪਿਛਲੇ ਮਹੀਨੇ ਹੋ ਚੁੱਕੀ ਹੈ ਅਤੇ ਖ਼ਰੀਦਦਾਰ ਦੇ ਨਾਮ ਇੰਤਕਾਲ ਵੀ ਹੋ ਚੁੱਕਾ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਇਕ ਹੋਰ ਹੈਰਾਨ ਕਰਦਾ ਖ਼ੁਲਾਸਾ! ਮੁਲਜ਼ਮ ਨੇ ਬੱਸ ਸਟੈਂਡ 'ਤੇ...

ਬੀਤੀ 3 ਅਗਸਤ ਨੂੰ ਜਦੋਂ ਜ਼ਮੀਨ ਮਾਲਕ ਜ਼ਮੀਨ ਵਾਹਣ ਲਈ ਜ਼ਮੀਨ ਵਿਚ ਪੁੱਜੇ ਤਾਂ ਜ਼ਮੀਨ ਨੇੜੇ ਇਕ ਕੋਠੀ ਦੀ ਛੱਤ 'ਤੇ ਪਹਿਲਾਂ ਤੋਂ ਮੌਜੂਦ ਦੇਸ ਰਾਜ ਪੁੱਤਰ ਬਾਬੂ ਰਾਮ, ਹੈਪੀ ਪੁੱਤਰ ਦੇਸ ਰਾਜ, ਬਲਵਿੰਦਰ ਕੌਰ ਪਤਨੀ ਕੇਵਲ ਕਿਸ਼ਨ, ਮੰਗੀ ਰਾਮ ਪੁੱਤਰ ਨਿੰਬਾ, ਰਾਜਵਿੰਦਰ ਕੌਰ ਪਤਨੀ ਰਮੇਸ਼ ਚੰਦਰ, ਰਿੰਕੂ ਪਤਨੀ ਹੈਪੀ ਅਤੇ 7 ਅਣਪਛਾਤੇ ਲੋਕਾਂ ਵੱਲੋਂ ਜ਼ਮੀਨ ਮਾਲਕਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਕਾਰਨ ਜ਼ਮੀਨ ਮਾਲਕਾਂ ਦਾ ਸਾਥੀ ਰਾਜਿੰਦਰ ਕੁਮਾਰ ਪੁੱਤਰ ਰੋਸ਼ਨ ਲਾਲ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੇ ਸਰਕਾਰੀ ਹਸਪਤਾਲ ਵਿਚ ਐੱਮ. ਐੱਲ. ਆਰ. ਵੀ ਕਟਵਾਈ ਸੀ। 

ਇਸ ਮਾਮਲੇ ਤੋਂ ਤਿੰਨ ਦਿਨ ਬਾਅਦ ਜਦੋਂ ਰਾਜਿੰਦਰ ਕੁਮਾਰ ਪਲਦੀਪ ਕੁਮਾਰ ਦੇ ਘਰ ਦੁੱਧ ਲੈਣ ਲਈ ਗਿਆ ਤਾਂ ਉਕਤ ਲੋਕਾਂ ਵੱਲੋਂ ਰਾਜਿੰਦਰ ਕੁਮਾਰ 'ਤੇ ਫਿਰ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਦੂਜੀ ਧਿਰ ਦੇ ਲੋਕ ਵੀ ਹਸਪਤਾਲ ਦਾਖ਼ਲ ਹੋਏ ਅਤੇ ਉਨ੍ਹਾਂ ਦੇ ਬਿਆਨਾਂ ਮੁਤਾਬਕ ਪੁਲਸ ਵੱਲੋਂ ਜ਼ਮੀਨ ਮਾਲਕ ਧਿਰ ਦੇ 4 ਲੋਕਾਂ ਜਿਨ੍ਹਾਂ ਵਿਚ ਇਕ 12 ਸਾਲ ਦਾ ਬੱਚਾ ਵੀ ਸ਼ਾਮਲ ਹੈ ਅਤੇ 25-30 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ। ਜ਼ਮੀਨ ਮਾਲਕਾਂ 'ਤੇ ਹਮਲਾ ਕਰਨ ਵਾਲੇ ਲੋਕਾਂ ਵੱਲੋਂ ਉਸ ਜ਼ਮੀਨ ਵਿਚ ਕੁਝ ਨਿਹੰਗ ਸਿੰਘਾਂ ਨੂੰ ਵੀ ਤੰਬੂ ਲਗਾ ਕੇ ਬਿਠਾ ਦਿੱਤਾ ਹੈ, ਜਿਸ ਕਾਰਨ ਉਹ ਆਪਣੀ ਜ਼ਮੀਨ ਵਿਚ ਨਹੀਂ ਜਾ ਪਾ ਰਹੇ ਹਨ ਅਤੇ ਉਨ੍ਹਾਂ ਦੀ ਜਾਣ ਨੂੰ ਖ਼ਤਰਾ ਹੈ। 

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਬੂਟਾ ਰਾਮ ਨੇ ਦੱਸਿਆ ਹੈ ਕਿ ਹਮਲਾ ਕਰਨ ਵਾਲੇ ਲੋਕਾਂ ਕੋਲ ਇਕ ਪਿਸਤੌਲ ਹੈ ਜੋਕਿ ਸਾਡੇ ਪਰਿਵਾਰਕ ਮੈਬਰਾਂ ਨੂੰ ਵਿਖਾ ਕੇ ਧਮਕੀਆਂ ਦੇ ਰਹੇ ਹਨ। ਹਮਲਾ ਕਰਨ ਵਾਲੇ ਜ਼ਿਆਦਾਤਰ ਲੋਕ ਸੱਤਾਧਾਰੀ ਪਾਰਟੀ ਨਾਲ ਜੁੜੇ ਹੋਏ ਹਨ, ਜਿਸ ਕਾਰਨ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ। ਪ੍ਰੈੱਸ ਕਾਨਫ਼ਰੰਸ ਵਿਚ ਹਾਜ਼ਿਰ ਜ਼ਮੀਨ ਵੇਚਣ ਵਾਲੀ ਔਰਤ ਪਰਮਜੀਤ ਕੌਰ ਨੇ ਕਿਹਾ ਕਿ ਉਸ ਨੇ ਆਪਣੀ ਜ਼ਮੀਨ ਵੇਚ ਦਿੱਤੀ ਹੈ ਪਰ ਮੇਰੇ ਪਰਿਵਾਰ ਦੇ ਲੋਕ ਜਾਣਬੁਝ ਕੇ ਝਗੜਾ ਕਰ ਰਹੇ ਹਨ। ਬੂਟਾ ਰਾਮ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਰਕਾਰ ਅਤੇ ਪੁਲਸ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਜਮੀਨ ਵਿਚੋਂ ਨਿਹੰਗ ਸਿੰਘਾਂ ਨੂੰ ਹਟਾਇਆ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। 

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News