ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਨੌਜਵਾਨ ਤੋਂ ਹੋਇਆ ATM ਚੋਰ ਗਿਰੋਹ ਦਾ ਪਰਦਾਫਾਸ਼

11/12/2022 8:34:23 PM

ਹੁਸ਼ਿਆਰਪੁਰ (ਰਾਕੇਸ਼) : ਮਾਹਿਲਪੁਰ ਪੁਲਸ ਨੇ ਕੋ-ਆਪਰੇਟਿਵ ਬੈਂਕ ਦਾ ਏ. ਟੀ. ਐੱਮ. ਕੱਟ ਕੇ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਹੱਥ ਇਹ ਸਫ਼ਲਤਾ ਨਸ਼ੀਲੀਆਂ ਗੋਲੀਆਂ ਸਣੇ ਫੜੇ ਗਏ ਨੌਜਵਾਨ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਕਾਰਨ ਲੱਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸਰਤਾਜ ਸਿੰਘ ਨੇ ਦੱਸਿਆ ਕਿ 10 ਨਵੰਬਰ ਨੂੰ ਸੀ. ਆਈ. ਏ. ਸਟਾਫ਼ 'ਚ ਤਾਇਨਾਤ ਸਬ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਗੁਲਜ਼ਾਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮਹਿਰੋਵਾਲ ਥਾਣਾ ਮਾਹਿਲਪੁਰ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 1020 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਮਾਹਿਲਪੁਰ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਨੇ ਵਿਧਾਇਕ ਜਸਵੀਰ ਸਿੰਘ ਦੇ ਘਰ ਬਾਹਰ ਕੀਤਾ ਰੋਸ ਵਿਖਾਵਾ, ਪੁਲਸ ਨਾਲ ਹੋਈ ਤਕਰਾਰ

ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ 5-6 ਨਵੰਬਰ ਦੀ ਰਾਤ ਨੂੰ ਆਪਣੀ ਕਾਰ ਵਿਚ ਸਵਾਰ ਹੋ ਕੇ ਆਪਣੇ ਸਾਥੀ ਕਰਨਵੀਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਢੱਡਾ ਕਲਾ ਦੇ ਨਾਲ ਮਾਹਿਲਪੁਰ ਤੋਂ ਕੋ-ਆਪਰੇਟਿਵ ਬੈਂਕ ਦੇ ਏ. ਟੀ. ਐੱਮ. ਸੈਲਾ ਖੁਰਦ ਕੱਟ ਕੇ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਥਾਣਾ ਮਾਹਿਲਪੁਰ ਵਿਖੇ 6 ਨਵੰਬਰ ਨੂੰ ਮੁਕੱਦਮਾ ਨੰਬਰ 215 ਦਰਜ ਕੀਤਾ ਗਿਆ ਸੀ। ਮੁਕੱਦਮਾ ਨੰਬਰ 215 'ਚ ਮੁਲਜ਼ਮ ਗੁਲਜ਼ਾਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮਹਿਰੋਵਾਲ ਅਤੇ ਕਰਨਵੀਰ ਸਿੰਘ ਪੁੱਤਰ ਦਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ 'ਚ ਵਰਤੀ ਗਈ ਕਾਰ, ਇਕ ਆਕਸੀਜਨ ਸਿਲੰਡਰ, ਇਕ ਐੱਲ. ਪੀ. ਜੀ. ਸਿਲੰਡਰ ਅਤੇ ਗੈਸ ਕਟਰ ਸੈੱਟ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Anmol Tagra

Content Editor

Related News