ਪੰਜਾਬ ਸਰਕਾਰ ਵਾਂਗ ਕੇਂਦਰ ਨਾਲ ਵੀ ਕਾਨੂੰਨਾਂ ਸਬੰਧੀ ਕਿਸਾਨ ਕਰਨ ਸਮਝੌਤਾ : ਅਸ਼ਵਨੀ ਸ਼ਰਮਾ

Thursday, Aug 26, 2021 - 10:16 AM (IST)

ਚੰਡੀਗੜ੍ਹ/ਜਲੰਧਰ (ਸ਼ਰਮਾ, ਗੁਲਸ਼ਨ)–ਪੰਜਾਬ ਭਾਜਪਾ ਦੀ ਇਕ ਮੀਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਵਿਚ ਸਰਕਿਟ ਹਾਊਸ ਜਲੰਧਰ ਵਿਚ ਕੀਤੀ ਗਈ। ਮੀਟਿੰਗ ਵਿਚ ਪੰਜਾਬ ਵਿਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬਾ ਅਹੁਦੇਦਾਰਾਂ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸੰਗਠਨ ਮਹਾਮੰਤਰੀ ਦਿਨੇਸ਼ ਕੁਮਾਰ, ਪ੍ਰਦੇਸ਼ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਸ਼ਮਾ ਸ਼ਰਮਾ ਅਤੇ ਰਾਜੇਸ਼ ਬਾਘਾ ਵੀ ਹਾਜ਼ਰ ਸਨ। ਇਸ ਮੌਕੇ ਭਾਜਪਾ ਵਰਕਰਾਂ ਨੇ ਪੰਜਾਬ ਦੀ ਜਨਤਾ ਨੂੰ ਸੂਬੇ ਵਿਚ ਭਾਜਪਾ ਸਰਕਾਰ ਬਣਨ ’ਤੇ ‘ਨਸ਼ਾ ਮੁਕਤ ਪੰਜਾਬ’ ਦੇਣ ਦਾ ਸੰਕਲਪ ਲਿਆ।

ਇਹ ਵੀ ਪੜ੍ਹੋ: ਰੂਪਨਗਰ: ਕਿਸਾਨਾਂ 'ਤੇ ਟੁੱਟਿਆ ਇਕ ਹੋਰ ਕੁਦਰਤ ਦਾ ਕਹਿਰ, ਕਰੋੜਾਂ ਰੁਪਏ ਦੀ ਫ਼ਸਲ ਖਾ ਗਈ ਸੁੰਡੀ

ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੰਗਠਨ ਅਤੇ ਪਾਰਟੀ ਦਾ ਵਰਕਰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੂਬੇ ਦੀ ਜਨਤਾ ਵੀ ਭਾਜਪਾ ਨੂੰ ਸੱਤਾ ਪਰਿਵਰਤਨ ਦੇ ਬਦਲ ਵਜੋਂ ਲਿਆਉਣ ਲਈ ਤਿਆਰ ਹੈ। ਪੰਜਾਬ ਦੀ ਜਨਤਾ ਕਾਂਗਰਸ ਦੇ ਭੈੜੇ ਸ਼ਾਸਨ ਕਾਰਨ ਤਰਾਹ-ਤਰਾਹ ਕਰ ਰਹੀ ਹੈ। ਭਾਜਪਾ ਵੱਲੋਂ ਆਉਣ ਵਾਲੇ ਦਿਨਾਂ ਵਿਚ 117 ਸੀਟਾਂ ’ਤੇ ਬੂਥ ਸੰਮੇਲਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦਾ ਮੁੱਲ 450 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇਗਾ। ਇਸ ਮੌਕੇ ਮਹਾਮੰਤਰੀ ਜੀਵਨ ਗੁਪਤਾ, ਰਾਕੇਸ਼ ਰਾਠੌਰ, ਰਾਜੇਸ਼ ਹਨੀ, ਰਾਹੁਲ ਮਹੇਸ਼ਵਰੀ, ਪ੍ਰਵੀਨ ਬਾਂਸਲ, ਅਰਚਨਾ ਦੱਤ, ਉਮੇਸ਼ ਸ਼ਾਕਰ, ਅਨਿਲ ਸਰੀਨ, ਗੁਰਦੇਵ ਸ਼ਰਮਾ ਦੇਬੀ, ਜਨਾਰਦਨ ਸ਼ਰਮਾ, ਜ਼ਿਲਾ ਪ੍ਰਧਾਨ ਸੁਸ਼ੀਲ ਸ਼ਰਮਾ, ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਅਮਰੀ ਸਮੇਤ ਕਈ ਨੇਤਾ ਹਾਜ਼ਰ ਸਨ।

PunjabKesari

ਖੇਤੀ ਸੁਧਾਰ ਕਾਨੂੰਨ ਲਾਗੂ ਹੀ ਨਹੀਂ ਹੋਏ ਤਾਂ ਵਿਰੋਧ ਕਿਉਂ?
ਅਸ਼ਵਨੀ ਸ਼ਰਮਾ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਦੋਂ ਨਵੇਂ ਖੇਤੀ ਸੁਧਾਰ ਕਾਨੂੰਨ ਲਾਗੂ ਹੀ ਨਹੀਂ ਹੋਏ ਤਾਂ ਵਿਰੋਧ ਕਿਉਂ ਜਤਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਕਾਨੂੰਨਾਂ ’ਤੇ ਰੋਕ ਲੱਗੀ ਹੋਈ ਹੈ। ਕੇਂਦਰ ਸਰਕਾਰ ਨੇ 5 ਮੈਂਬਰੀ ਕਮੇਟੀ ਬਣਾ ਕੇ ਗੱਲਬਾਤ ਕਰਨ ਲਈ ਕਿਹਾ ਹੈ। ਇਸ ਦੇ ਬਾਵਜੂਦ ਕਿਸਾਨ ਗੱਲਬਾਤ ਨਹੀਂ ਕਰ ਰਹੇ। ਕਿਸਾਨ ਅਜਿਹਾ ਕਿਉਂ ਕਰ ਰਹੇ ਹਨ, ਇਹ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਸਾਨ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਨਾਲ ਮਿਲ ਬੈਠ ਕੇ ਕਿਸਾਨਾਂ ਦੇ ਹਿੱਤਾਂ ’ਤੇ ਗੱਲ ਕਰ ਕੇ ਕੋਈ ਵਿਚਕਾਰਲਾ ਰਸਤਾ ਕੱਢਣ ਤਾਂ ਕਿ ਕਿਸਾਨਾਂ ਅਤੇ ਦੇਸ਼ ਵਾਸੀਆਂ ਨੂੰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਪੰਜਾਬ ਸਰਕਾਰ ਨਾਲ ਗੰਨੇ ਦੇ ਰੇਟ ਨੂੰ ਲੈ ਕੇ ਸਮਝੌਤਾ ਕੀਤਾ ਹੈ, ਉਸੇ ਤਰ੍ਹਾਂ ਕੇਂਦਰ ਸਰਕਾਰ ਨਾਲ ਵੀ ਉਨ੍ਹਾਂ ਨੂੰ ਸਮਝੌਤਾ ਕਰ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਜਲੰਧਰ ਪੁੱਜੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਵੱਲੋਂ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

ਅਫ਼ਗਾਨਿਸਤਾਨ ਤੋਂ 400 ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਅਹੁਦੇਦਾਰਾਂ ਨੇ ਅਫ਼ਗਾਨਿਸਤਾਨ ਤੋਂ ਪੰਜਾਬ ਦੇ 400 ਲੋਕਾਂ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਦੀਪ ਪੁਰੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ’ਤੇ ਉਠਾ ਕੇ ਸਨਮਾਨ ਸਹਿਤ ਲਿਆਉਣ ਨਾਲ ਪੰਜਾਬ ਦਾ ਮਾਣ ਹੋਰ ਵਧਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News