ਜਲੰਧਰ 'ਚ ਅਮਨ-ਫਤਿਹ ਗੈਂਗ ਦੀ ਵਾਇਰਲ ਆਡੀਓ ਨੇ ਉਡਾਈ ਪੁਲਸ ਦੀ ਨੀਂਦ, ਜਾਣੋ ਕੀ ਹੈ ਪੂਰਾ ਮਾਮਲਾ

11/17/2021 11:04:11 AM

ਜਲੰਧਰ (ਜ. ਬ.)– ਸ਼ਹਿਰ ਵਿਚ ਭੋਲੇ-ਭਾਲੇ ਲੋਕਾਂ ਅਤੇ ਵਪਾਰੀਆਂ ਨੂੰ ਫੋਨ ਕਰਕੇ ਵ੍ਹਟਸਐਪ ਕਾਲ ’ਤੇ ਧਮਕੀ ਦੇ ਕੇ ਰੰਗਦਾਰੀ ਵਸੂਲਣ ਅਤੇ ਖ਼ੁਦ ਨੂੰ ਗੈਂਗਸਟਰ ਦੱਸਣ ਵਾਲੇ ਅਮਨ-ਫਤਿਹ ਗੈਂਗ ਦਾ ਇਕ ਹੋਰ ਆਡੀਓ ਸਾਹਮਣੇ ਆਇਆ ਹੈ। ਹੁਣ ਉਕਤ ਆਡੀਓ ਪੁਲਸ ਅਧਿਕਾਰੀਆਂ ਦੇ ਵ੍ਹਟਸਐਪ ’ਤੇ ਵੀ ਪਹੁੰਚ ਚੁੱਕਾ ਹੈ, ਜਿਸ ਵਿਚ ਬਦਮਾਸ਼ ਅਮਨ-ਫਤਿਹ ਵੱਲੋਂ ਪੰਚਮ ਨੂੰ ਵੇਖ ਲੈਣ ਅਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹੇ ਵਿਚ ਉਨ੍ਹਾਂ ਨੇ ਪੰਚਮ ਨੂੰ ਗੁਰੂ ਨਾਨਕ ਮਿਸ਼ਨ ਚੌਂਕ ਵਿਚ ਪਹੁੰਚਣ ਦਾ ਸਮਾਂ ਦਿੱਤਾ। ਪੰਚਮ ਗਰੁੱਪ ਚੌਂਕ ਵਿਚ ਪਹੁੰਚਿਆ ਤਾਂ ਜ਼ਰੂਰ ਪਰ ਅਮਨ-ਫਤਿਹ ਗੈਂਗ ਦੇ ਮੈਂਬਰਾਂ ਦੇ ਦੇਰੀ ਕਾਰਨ ਉਹ ਉਥੋਂ ਚਲੇ ਗਏ, ਜਿਸ ਕਾਰਨ ਗੁਰੂ ਨਾਨਕ ਮਿਸ਼ਨ ਚੌਂਕ ’ਤੇ ਗੈਂਗਵਾਰ ਹੋਣ ਤੋਂ ਬਚਾਅ ਹੋ ਗਿਆ। 

ਸੂਤਰਾਂ ਦਾ ਦਾਅਵਾ ਹੈ ਕਿ ਦੋਵਾਂ ਗਰੁੱਪਾਂ ਕੋਲ ਹਥਿਆਰ ਵੀ ਸਨ। ਆਡੀਓ ਵਿਚ ਫਤਿਹ ਅਤੇ ਪੰਚਮ ਵਿਚ ਬਹਿਸਬਾਜ਼ੀ ਅਤੇ ਗਾਲੀ-ਗਲੋਚ ਹੋਇਆ ਹੈ, ਜਿਸ ਦੇ ਪਿੱਛੇ ਰੰਜਿਸ਼ ਹੈ ਕਿ ਅਮਨ-ਫਤਿਹ ਵੱਲੋਂ ਸ਼ਹਿਰ ਦੇ ਮੁੱਖ ਵਪਾਰੀ ਨੂੰ ਵ੍ਹਟਸਐਪ ਕਰਕੇ ਹਰ ਮਹੀਨੇ 5 ਲੱਖ ਰੁਪਏ ਦੇਣ ਦੀ ਧਮਕੀ ਦਿੱਤੀ। ਵਪਾਰੀ ਨੇ ਜਦੋਂ ਫਤਿਹ ਗੈਂਗ ਦਾ ਵਿਰੋਧ ਕੀਤਾ ਤਾਂ ਉਸ ਨੇ ਸਾਰੀ ਗੱਲ ਪੰਚਮ ਨੂੰ ਦੱਸ ਦਿੱਤੀ। ਪੰਚਮ ਨੇ ਜਦੋਂ ਫਤਿਹ ਵੱਲੋਂ ਸ਼ਹਿਰ ਵਿਚ ਇਕ ਹੋਰ ਸਿਆਸੀ ਆਕਾ ਦੀ ਸ਼ਹਿ ’ਤੇ ਫੈਲਾਏ ਜਾ ਰਹੇ ਗੁੰਡਾਰਾਜ ਦਾ ਵਿਰੋਧ ਕਰਦੇ ਹੋਏ ਫਤਿਹ ਨੂੰ ਵ੍ਹਟਸਐਪ ਕਰਕੇ ਹਫ਼ਤਾ ਵਸੂਲੀ ਦਾ ਕਾਰਨ ਪੁੱਛਿਆ ਤਾਂ ਬਦਲੇ ਵਿਚ ਫਤਿਹ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੰਚਮ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਹਾਲਾਂਕਿ 31 ਅਕਤੂਬਰ ਤੋਂ ਵ੍ਹਟਸਐਪ ਕਾਲ ’ਤੇ ਧਮਕੀਆਂ ਦੇਣ ਦਾ ਦੌਰ ਸ਼ੁਰੂ ਹੋਇਆ ਸੀ। ਦੀਵਾਲੀ ਤੋਂ 2 ਦਿਨ ਬਾਅਦ ਜਾ ਕੇ ਇਹ ਖ਼ਤਮ ਹੋਇਆ।

ਇਹ ਵੀ ਪੜ੍ਹੋ: ਸਾਦਗੀ ਕਾਰਨ ਮੁੜ ਚਰਚਾ 'ਚ CM ਚੰਨੀ, ਸ਼ਿਕਾਇਤਾਂ ਲੈ ਕੇ ਆਉਣ ਵਾਲੇ ਲੋਕਾਂ ਲਈ ਕਰਵਾਈ ਲੰਗਰ ਦੀ ਵਿਵਸਥਾ

PunjabKesari

ਫਤਿਹ ਵੱਲੋਂ ਪੰਚਮ ਨੂੰ 3 ਵਾਰ ਫੋਨ ਕਰਕੇ ਟਾਈਮ ਪਾ ਕੇ ਵੇਖ ਲੈਣ ਦੀ ਧਮਕੀ ਦਿੱਤੀ ਗਈ। ਹਾਲ ਹੀ ਵਿਚ ਕੁਝ ਦਿਨ ਪਹਿਲਾਂ ਗੁਰੂ ਨਾਨਕ ਮਿਸ਼ਨ ਚੌਂਕ ’ਤੇ ਦੋਨਾਂ ਵੱਲੋਂ ਇਕ-ਦੂਜੇ ਨੂੰ ਮਾਰਨ ਦਾ ਸਮਾਂ ਤੈਅ ਹੋਇਆ। ਸਮਾਂ ਤੈਅ ਕਰਨ ਦੇ ਬਾਅਦ ਮੌਕੇ ’ਤੇ ਫਤਿਹ ਸਾਥੀਆਂ ਸਮੇਤ ਨਹੀਂ ਪਹੁੰਚਿਆ ਤਾਂ ਉਸ ਨੇ ਦੋਬਾਰਾ ਧਮਕੀਆਂ ਦਿੱਤੀਆਂ। ਉਥੇ ਹੀ ਇਕ ਸੀਨੀਅਰ ਪੁਲਸ ਅਧਿਕਾਰੀ ਨਾਲ ਜਦੋਂ ਇਸ ਆਡੀਓ ਸਬੰਧੀ ਗੱਲ ਕੀਤੀ ਗਈ ਤਾਂ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਅਮਨ-ਫਤਿਹ ਦੋਨਾਂ ’ਤੇ ਲੁੱਟ, ਹੱਤਿਆ ਦੀ ਕੋਸ਼ਿਸ਼ ਅਤੇ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ। ਪੰਚਮ ਜੋਕਿ ਪਿਛਲੇ 2 ਸਾਲਾਂ ਤੋਂ ਕਿਸੇ ਵੀ ਕੁੱਟਮਾਰ ਜਾਂ ਲੜਾਈ ਝਗੜੇ ਤੋਂ ਦੂਰ ਹੈ, ਨੂੰ ਜਾਣਬੁੱਝ ਕੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਜਦਕਿ ਅਸਲੀਅਤ ਵਿਚ ਪੰਚਮ ਦਾ ਇਸ ਸਮੇਂ ਕੋਈ ਰਿਕਾਰਡ ਨਹੀਂ ਹੈ। ਦੂਜੇ ਪਾਸੇ ਅਮਨ-ਫਤਿਹ ਕਈ ਕੇਸਾਂ ਵਿਚ ਪੁਲਸ ਨੂੰ ਲੋੜੀਂਦੇ ਹਨ। ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਸਾਰੇ ਮਾਮਲੇ ਵਿਚ ਅਮਨ-ਫਤਿਹ ਦੀ ਹੀ ਗਲਤੀ ਸਾਹਮਣੇ ਆ ਰਹੀ ਹੈ। ਪੰਚਮ 2 ਸਾਲ ਪਹਿਲਾਂ ਪੁਲਸ ਵੱਲੋਂ ਮੁੱਖ ਧਾਰਾ ਵਿਚ ਸ਼ਾਮਲ ਹੋਇਆ ਸੀ, ਜਿਸ ਕਾਰਨ ਉਹ ਹੁਣ ਇਕ ਸਾਧਾਰਨ ਜ਼ਿੰਦਗੀ ਜੀ ਰਿਹਾ ਹੈ, ਜਦਕਿ ਅਮਨ ਅਤੇ ਫਤਿਹ ਅਤੇ ਉਨ੍ਹਾਂ ਦੀ ਗੈਂਗ ਵੱਲੋਂ ਹਰ ਗਲਤ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਆਦਮਪੁਰ ਪਹੁੰਚੇ CM ਚਰਨਜੀਤ ਚੰਨੀ ਨੇ ਡਿਗਰੀ ਕਾਲਜ ਖੋਲ੍ਹਣ ਸਮੇਤ ਕੀਤੇ ਹੋਰ ਵੀ ਵੱਡੇ ਐਲਾਨ

ਲੰਮੇ ਵਾਲ ਰੱਖ ਕੇ ਗੁੱਤ ਰੱਖਣ ਵਾਲੇ ਐੱਸ. ਨਾਮਕ ਨੇਤਾ ਦੀ ਹੈ ਸਰਪ੍ਰਸਤੀ
ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਅਮਨ-ਫਤਿਹ ਗੈਂਗ ਨੂੰ ਅੱਜਕਲ ਸ਼ਹਿਰ ਵਿਚ ਲੰਮੇ ਵਾਲ ਰੱਖ ਕੇ ਗੁੱਤ ਕਰਨ ਵਾਲੇ ਐੱਸ. ਨਾਮਕ ਛੋਟੇ ਨੇਤਾ ਦੀ ਸਰਪ੍ਰਸਤੀ ਹਾਸਲ ਹੈ, ਜੋਕਿ ਖ਼ੁਦ ਨੂੰ ਕਾਨੂੰਨ ਦਾ ਮਾਹਿਰ ਮੰਨਦਾ ਹੈ। ਉਸ ਦਾ ਭਰਾ ਏ. ਸੀ. ਮਾਰਕੀਟ ਜੂਆ ਕਾਂਡ ਵਿਚ ਸ਼ਾਮਲ ਸੀ। ਉਸੇ ਨੇਤਾ ਦੇ ਦਮ ’ਤੇ ਅੱਜਕਲ ਅਮਨ-ਫਤਿਹ ਗੈਂਗ ਸ਼ਹਿਰ ਦੇ ਹਰ ਪ੍ਰਮੁੱਖ ਵਪਾਰੀ ਨੂੰ ਧਮਕੀ ਦੇ ਕੇ ਉਨ੍ਹਾਂ ਕੋਲੋਂ ਰੰਗਦਾਰੀ ਅਤੇ ਹਫ਼ਤਾ ਵਸੂਲੀ ਕਰਦਾ ਹੈ। ਇਸ ਹਫ਼ਤੇ ਵਸੂਲੀ ਦਾ ਅੱਧਾ ਹਿੱਸਾ ਉਕਤ ਨੇਤਾ ਨੂੰ ਵੀ ਜਾਣਾ ਸੀ, ਜਿਸ ਦੇ ਦਮ ’ਤੇ ਉਹ ਬਾਹਰੀ ਸੂਬਿਆਂ ਤੋਂ ਬਾਊਂਡਰ ਮੰਗਵਾ ਕੇ ਉਨ੍ਹਾਂ ਦਾ ਖ਼ਰਚਾ ਕੱਢਦਾ ਸੀ।

ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ, ਅਧਿਕਾਰੀਆਂ ਨੂੰ ਦਿੱਤੀ ਇਹ ਸਖ਼ਤ ਚਿਤਾਵਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News