ਅਕਾਲੀ ਦਲ ਅਤੇ ‘ਆਪ’ ਨੇ ਚੋਣਾਂ ਨੂੰ ਲੈ ਕੇ ਹੋ-ਹੱਲਾ ਮਚਾਇਆ, ਨਤੀਜਿਆਂ ਤੋਂ ਪਹਿਲਾਂ ਹੀ ਮੰਨੀ ਆਪਣੀ ਹਾਰ : ਅਮਰਿੰਦਰ

Saturday, Sep 22, 2018 - 01:00 PM (IST)

ਅਕਾਲੀ ਦਲ ਅਤੇ ‘ਆਪ’ ਨੇ ਚੋਣਾਂ ਨੂੰ ਲੈ ਕੇ ਹੋ-ਹੱਲਾ ਮਚਾਇਆ, ਨਤੀਜਿਆਂ ਤੋਂ ਪਹਿਲਾਂ ਹੀ ਮੰਨੀ ਆਪਣੀ ਹਾਰ : ਅਮਰਿੰਦਰ

ਜਲੰਧਰ, (ਧਵਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾ ਪ੍ਰੀਸ਼ਦ  ਅਤੇ ਪੰਚਾਇਤ ਕਮੇਟੀਆਂ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ  ਧਾਂਦਲੀਆਂ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਨਤੀਜਿਆਂ ਤੋਂ ਪਹਿਲਾਂ  ਹੀ ਦੋਵਾਂ ਪਾਰਟੀਆਂ ਨੇ ਆਪਣੀ ਹਾਰ ਮੰਨ ਲਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੁਭਾਵਕ  ਹੈ ਕਿ ਕੱਲ ਆਉਣ ਵਾਲੇ ਚੋਣ ਨਤੀਜੇ ਕਾਂਗਰਸ ਦੇ ਪੱਖ ’ਚ ਜਾਣ ਦੇ ਆਸਾਰ ਹਨ ਕਿਉਂਕਿ  ਕਾਂਗਰਸੀ ਵਿਧਾਇਕਾਂ ਨੇ ਉਨ੍ਹਾਂ ਨੂੰ ਜੋ ਰਿਪੋਰਟ ਦਿੱਤੀ, ਉਸ ਦੇ ਅਨੁਸਾਰ ਅਕਾਲੀ  ਸਮਰਥਕਾਂ ਨੇ ਵੀ ਕਾਂਗਰਸ ਉਮੀਦਵਾਰਾਂ ਦੇ ਪੱਖ ’ਚ ਪੋਲਿੰਗ ਕੀਤੀ ਹੈ। ਅਕਾਲੀ ਸਮਰਥਕ ਵੀ  ਪੰਜਾਬ ਸਰਕਾਰ ਵਲੋਂ ਛੋਟੇ ਕਿਸਾਨਾਂ ਦੇ 2-2 ਲੱਖ ਦੇ ਕਰਜ਼ੇ ਮੁਆਫ ਕਰਨ, ਨਸ਼ਿਆਂ ’ਤੇ  ਕੰਟਰੋਲ ਕਰਨ, ਗਰੀਬੀ ਲਈ ਕਲਿਆਣਕਾਰੀ ਸਕੀਮਾਂ ਚਲਾਉਣ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ  ’ਤੇ ਕੰਟਰੋਲ  ਕਰਨ ਲਈ ਚੁੱਕੇ ਗਏ ਕਦਮਾਂ ਤੋਂ ਖੁਸ਼ ਹਨ ਜਦਕਿ ਪਿਛਲੀ ਅਕਾਲੀ ਸਰਕਾਰ ਦੇ  ਸਮੇਂ ਤਾਂ ਮਾਫੀਆ ਰਾਜ ਹੀ ਕੰਮ ਕਰਦਾ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ  ਪਾਰਟੀਆਂ ’ਚ ਇਹੀ ਹੁੰਦਾ ਹੈ ਕਿ ਵਿਰੋਧੀ ਧਿਰ ’ਚ ਰਹਿੰਦੇ ਹੋਏ ਜਦੋਂ ਉਹ ਚੋਣਾਂ ਤੋਂ  ਪਹਿਲਾਂ ਸਰਕਾਰਾਂ ’ਤੇ ਦੋਸ਼ ਲਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਆਪਣੀ ਹਾਰ ਪਹਿਲਾਂ ਹੀ  ਦਿਖਾਈ ਦਿੰਦੀ  ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਜ਼ਿਲਾ ਪ੍ਰੀਸ਼ਦ  ਅਤੇ ਪੰਚਾਇਤ ਕਮੇਟੀਆਂ ਦੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੀਆਂ ਪਰ ਪੰਚਾਇਤੀ   ਚੋਣਾਂ ਕਾਂਗਰਸ ਆਪਣੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਨਹੀਂ ਲੜੇਗੀ ਕਿਉਂਕਿ ਇਹ ਛੋਟੀਆਂ  ਚੋਣਾਂ ਹੁੰਦੀਆਂ ਹਨ। ਇਕ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ  ਸੂਬਾ ਹੁਣ ਸੂਬੇ ’ਚ ਦਾਲ ਗਲਣ ਵਾਲੀ ਨਹੀਂ  ਕਿਉਂਕਿ 10 ਸਾਲਾਂ ਦਾ ਮਾਫੀਆ ਰਾਜ ਅਤੇ  ਗੁੰਡਾਗਰਦੀ ਲੋਕਾਂ ਨੂੰ ਭੁੱਲੀ ਨਹੀਂ ਹੈ। ਸੂਬੇ ’ਚ ਡਰੱਗਸ ’ਤੇ ਕੰਟਰੋਲ ਕਰਨ ਲਈ ਸਰਕਾਰ  ਵਲੋਂ ਚੁੱਕੇ ਗਏ ਕਦਮਾਂ ਦੀ ਚਰਚਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ  ਪਾਕਿਸਤਾਨ ਚਿੰਤਾ ’ਚ ਹੈ ਕਿਉਂਕਿ ਪਾਕਿਸਤਾਨ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਨੌਜਵਾਨਾਂ  ਨੂੰ ਬੁਰੀ ਤਰ੍ਹਾਂ  ਨਸ਼ੇ ਦਾ ਆਦੀ ਬਣਾ ਦਿੱਤਾ ਜਾਵੇ, ਜਦਕਿ ਪੰਜਾਬ ਸਰਕਾਰ ਪਾਕਿਸਤਾਨ ਦੇ  ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਨਸ਼ਿਆਂ ਵਿਰੁੱਧ ਚਲ ਰਹੀ ਲੜਾਈ ’ਚ ਕੇਂਦਰ  ਸਰਕਾਰ ਅਤੇ ਗੁਆਂਢੀ ਸੂਬਿਆਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ  ਕਿਹਾ ਕਿ ਸੂਬੇ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਜਸਟਿਸ  ਰੰਜੀਤ ਸਿੰਘ  ਕਮਿਸ਼ਨ ਨੇ ਕੀਤੀ ਹੈ ਜਿਸ ਦੀ ਰਿਪੋਰਟ ਵਿਧਾਨ ਸਭਾ ’ਚ ਰੱਖੀ ਜਾ ਚੁੱਕੀ ਹੈ। ਹੁਣ ਸੀਨੀਅਰ ਪੁਲਸ ਅਧਿਕਾਰੀਆਂ ਦੀ ਅਗਵਾਈ ’ਚ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.)  ਬਣਾਇਆ ਗਿਆ ਹੈ ਜੋ ਸਾਰੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਕਰੇਗਾ। ਬਹਿਬਲਕਲਾਂ ਅਤੇ  ਕੋਟਕਪੂਰਾ ’ਚ ਹੋਈ ਪੁਲਸ ਫਾਇਰਿੰਗ ਨੂੰ ਲੈ ਕੇ ਵੀ ਐੱਸ. ਆਈ. ਟੀ. ਡੂੰਘਾਈ ’ਚ ਜਾਏਗੀ  ਅਤੇ ਐੱਸ. ਆਈ. ਟੀ. ਦੀਆਂ ਰਿਪੋਰਟਾਂ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।
ਫਾਇਰਿੰਗ ਦੀ ਘਟਨਾ ਅਤੇ ਮੁੱਖ ਮੰਤਰੀ ਨੂੰ ਪੁੱਛਿਆ ਹੀ ਨਾ ਜਾਵੇ?-ਕੈਪਟਨ  ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਹ ਸੂਬੇ ਦੇ ਮੁੱਖ ਮੰਤਰੀ ਹਨ ਅਤੇ ਕਿਸੇ ਥਾਂ ’ਤੇ  ਪੁਲਸ ਫਾਇਰਿੰਗ ਦੀ ਘਟਨਾ ਹੋ ਜਾਵੇ ਅਤੇ ਇਸ ਬਾਰੇ ਡੀ. ਜੀ. ਪੀ. ਉਨ੍ਹਾਂ ਨੂੰ ਸੂਚਿਤ ਹੀ  ਨਾ ਕਰੇ ਤਾਂ ਇਸ ਤੋਂ ਵੱਡੀ  ਹੈਰਾਨੀ ਨਹੀਂ ਹੋ ਸਕਦੀ। ਅਜਿਹੀ ਸਥਿਤੀ ’ਚ ਵਿਅਕਤੀ  ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿਣ ਦਾ ਅਧਿਕਾਰ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ  ਜਸਟਿਸ ਰੰਜੀਤ ਸਿੰਘ ਕਮਿਸ਼ਨ ਨੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਉਨ੍ਹਾਂ ਨੇ  ਗੋਲੀਕਾਂਡ ਨੂੰ ਲੈ ਕੇ ਅੱਗੇ ਜਾਂਚ ਕਰਨ ਦੀ ਗੱਲ ਕਹੀ ਹੈ। 
2019 ’ਚ ਰਾਹੁਲ ਦਾ ਪੀ. ਐੱਮ. ਬਣਨਾ ਤੈਅ-ਮੁੱਖ  ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ 2019 ’ਚ ਰਾਹੁਲ ਗਾਂਧੀ ਦਾ ਪੀ. ਐੱਮ. ਬਣਨਾ ਤੈਅ  ਹੈ। ਰਾਹੁਲ ਗਾਂਧੀ ਹੁਣ ਕਾਫੀ ਤਜਰਬੇਕਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੋਈ ਵੀ  ਵਿਅਕਤੀ ਜਨਮ ਤੋਂ ਹੀ ਸਿਆਸੀ ਨਹੀਂ ਹੁੰਦਾ। ਜਦੋਂ ਉਹ ਖੁਦ ਸਿਆਸਤ ’ਚ ਆਏ ਸਨ ਤਾਂ  ਉਨ੍ਹਾਂ ਨੂੰ ਵੀ ਕਈ ਗੱਲਾਂ ਦਾ ਗਿਆਨ ਨਹੀਂ ਸੀ, ਹੁਣ 50 ਸਾਲਾਂ ਦਾ ਤਜਰਬਾ ਉਨ੍ਹਾਂ ਕੋਲ  ਹੈ।   ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਹੁਣ ਸਾਰੇ ਮੁੱਦਿਆਂ ਬਾਰੇ ਚੰਗੀ ਤਰ੍ਹਾਂ  ਗਿਆਨ ਹੈ ਅਤੇ ਉਹ ਇਕ ਬਿਹਤਰ ਪ੍ਰਧਾਨ ਮੰਤਰੀ ਸਿੱਧ ਹੋਣਗੇ।
ਐੱਸ. ਐੱਸ. ਪੀ. ਢੇਸੀ ਨੂੰ ਦਿੱਤੀ ਕਲੀਨ ਚਿੱਟ, ਤਬਾਦਲਾ ਨਹੀਂ ਹੋਵੇਗਾ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਮੁਕਤਸਰ ਦੇ ਐੱਸ. ਐੱਸ. ਪੀ. ਮਨਜੀਤ ਸਿੰਘ ਢੇਸੀ ਨੂੰ ਕਲੀਨ ਚਿੱਟ ਦਿੰਦੇ ਹੋਏ ਕਿਹਾ ਕਿ ਉਹ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਕੰਮ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਸ਼ਰਮਨਾਕ ਢੰਗ ਨਾਲ ਪੁਲਸ ਅਧਿਕਾਰੀ ’ਤੇ ਨਿਸ਼ਾਨਾ ਲਾ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਦਲ ਦਾ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਅਾਂ ਪ੍ਰਤੀ ਕੋਈ ਸਨਮਾਨ ਨਹੀਂ ਹੈ। ਮੁੱਖ ਮੰਤਰੀ ਨੇ ਐੱਸ. ਐੱਸ. ਪੀ. ਢੇਸੀ ਦੇ ਤਬਾਦਲੇ ਦੀ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਉਨ੍ਹਾਂ ਜ਼ਿਲਾ ਪਰਿਸ਼ਦ ਦੀਅਾਂ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਦੀ ਵਾਇਰਲ ਹੋਈ ਵੀਡੀਓ ’ਤੇ ਟਿੱਪਣੀ ਕਰਦਿਅਾਂ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਕਿਸ ਤਰ੍ਹਾਂ ਸੁਖਬੀਰ ਧੱਕੇਸ਼ਾਹੀ ਨਾਲ ਚੋਣਾਂ ਜਿੱਤਣਾ ਚਾਹੁੰਦਾ ਸੀ।


Related News