ਨਾਬਾਲਗ ਕੁੜੀ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ‘ਆਪ’ ਆਗੂ ਜਰਨੈਲ ਨੰਗਲ ਨੇ SP ਦਫ਼ਤਰ ਦੇ ਬਾਹਰ ਦਿੱਤਾ ਧਰਨਾ

Friday, Jul 26, 2024 - 02:26 PM (IST)

ਫਗਵਾੜਾ (ਜਲੋਟਾ)– ਐੱਸ. ਪੀ. ਦਫ਼ਤਰ ਫਗਵਾੜਾ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ, ਜਦੋਂ ਨਜ਼ਦੀਕੀ ਪਿੰਡ ਚਹੇੜੂ ਦੀ ਇਕ ਨਾਬਾਲਗ ਕੁੜੀ ਨਾਲ ਕੁੱਟਮਾਰ ਅਤੇ ਖਿੱਚ-ਧੂਹ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਐੱਸ. ਸੀ. ਵਿੰਗ ਪੰਜਾਬ ਦੇ ਜਨਰਲ ਸਕੱਤਰ ਜਰਨੈਲ ਨੰਗਲ ਸਾਥੀਆਂ ਸਮੇਤ ਧਰਨੇ ’ਤੇ ਬੈਠ ਗਏ। ਧਰਨੇ ਦੌਰਾਨ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਰਨੈਲ ਨੰਗਲ ਨੇ ਦੱਸਿਆ ਕਿ ਪਿੰਡ ਚਹੇੜੂ ਦੀ ਵਸਨੀਕ ਨਾਬਾਲਗ ਕੁੜੀ ਮਰਜੀਨਾ ਪੁੱਤਰੀ ਸਿਰਾਜ ਅਲੀ ਜੋਕਿ ਚਹੇੜੂ ਵੇਈਂ ਦੇ ਨਜ਼ਦੀਕ ਆਪਣੇ ਪਸ਼ੂ ਚਾਰ ਰਹੀ ਸੀ, ਉਸ ਨਾਲ ਕੁਝ ਵਿਅਕਤੀਆਂ ਵੱਲੋਂ ਖਿੱਚ-ਧੂਹ ਅਤੇ ਕੁੱਟਮਾਰ ਕੀਤੀ ਗਈ ਹੈ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਹੋਈ ਹੈ। ਕੁੜੀ ਇਸ ਵਕਤ ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ ਹੈ। ਪੁਲਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ- ਸਮਾਜ ਲਈ ਖ਼ਤਰਨਾਕ ਹੈ ਬੱਚਿਆਂ ਦੇ ਕੇਕ ’ਤੇ ਬੰਦੂਕ, ਗੋਲ਼ੀਆਂ, ਟੈਂਕ ਤੇ ਤੋਪ ਵਰਗੀਆਂ ਹਿੰਸਕ ਤਸਵੀਰਾਂ

PunjabKesari

‘ਆਪ’ਆਗੂ ਜਰਨੈਲ ਨੰਗਲ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾ ਵੀ ਮੁਕੱਦਮਾ ਨੰਬਰ 96/2023 ਥਾਣਾ ਸਦਰ ਫਗਵਾੜਾ ਵਿਖੇ ਦਰਜ ਹੈ ਪਰ ਸਦਰ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੁਲਜ਼ਮ ਲਗਾਤਾਰ ਪੀੜਤ ਪਰਿਵਾਰ ’ਤੇ ਰਾਜ਼ੀਨਾਮਾ ਕਰਨ ਲਈ ਦਬਾਅ ਬਣਾ ਰਹੇ ਹਨ ਅਤੇ ਧਮਕੀਆਂ ਦੇ ਰਹੇ ਸਨ, ਜਿਸ ਦੀ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਪੁਲਸ ਨੇ ਕਾਰਵਾਈ ਕਰਨ ਦੀ ਬਜਾਏ ਮੁਲਜ਼ਮਾਂ ਨੂੰ ਖੁੱਲ੍ਹਾ ਛੱਡੀ ਰੱਖਿਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮੁਲਜ਼ਮਾਂ ਦੇ ਹੌਸਲੇ ਇੰਨੇ ਵੱਧ ਗਏ ਕਿ ਉਨ੍ਹਾਂ ਨੇ ਦੋਬਾਰਾ ਫਿਰ ਓਹੀ ਹਰਕਤ ਕੀਤੀ ਹੈ, ਜਿਸ ਦੇ ਰੋਸ ਵਜੋਂ ਅੱਜ ਉਹ ਧਰਨਾ ਲਾਉਣ ਲਈ ਮਜਬੂਰ ਹੋਏ ਹਨ।

ਉਨ੍ਹਾਂ ਫਗਵਾੜਾ ਪੁਲਸ ਉੱਪਰ ਪੰਜਾਬ ਦੀ ਲੋਕ ਪੱਖੀ ਭਗਵੰਤ ਮਾਨ ਸਰਕਾਰ ਦੀ ਬਦਨਾਮੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਪੁਲਸ ਵੱਲੋਂ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ਼ ਨਾ ਦਿੱਤਾ ਗਿਆ ਅਤੇ ਮੁਲਜ਼ਮ ਨਾ ਫੜੇ ਗਏ ਤਾਂ ਉਹ ਪੁਲਸ ਖ਼ਿਲਾਫ਼ ਮੋਰਚਾ ਖੋਲ੍ਹਣਗੇ ਪਰ ਸਰਕਾਰ ਦੀ ਬਦਨਾਮੀ ਨਹੀਂ ਹੋਣ ਦੇਣਗੇ। ਦੂਸਰੇ ਪਾਸੇ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਮਾਮਲੇ ਵਿਚ ਦੋ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਬਾਕੀਆਂ ਨੂੰ ਵੀ ਜਲਦੀ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ। ਇਸ ਬਾਰੇ ਡੀ. ਐੱਸ. ਪੀ. ਫਗਵਾੜਾ ਦੀ ਡਿਊਟੀ ਲਗਾ ਦਿੱਤੀ ਗਈ ਹੈ। ਧਰਨਾਕਾਰੀਆਂ ਵਿਚ ਪੀੜਤ ਪਰਿਵਾਰ ਤੋਂ ਇਲਾਵਾ ਵਿਜੇ ਪੰਡੋਰੀ, ਬਲਰਾਜ ਬਾਊ, ਪਵਨ ਕੁਮਾਰ, ਡਾ. ਰਮੇਸ਼, ਸਮਰ ਗੁਪਤਾ, ਸ਼ਾਮ ਸੁੰਦਰ, ਅਮਰਜੀਤ ਮਹਿਮੀ, ਲਲਿਤ ਮਦਾਨ, ਮਨੀ ਗੋਬਿੰਦਪੁਰਾ, ਜੱਸੀ ਗੰਢਵਾ, ਬਲਜਿੰਦਰ ਝੱਲੀ, ਮਨਜਿੰਦਰ, ਕਮਲ ਫੌਜੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਜਲੰਧਰ ਕੈਂਟ ਸਟੇਸ਼ਨ 'ਤੇ ਪਈਆਂ ਭਾਜੜਾਂ, ਟਰੇਨ ਦੇ ਬਾਥਰੂਮ ’ਚੋਂ ਮਿਲੀ ਪਠਾਨਕੋਟ ਦੇ ਨੌਜਵਾਨ ਦੀ ਲਾਸ਼
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News