ਤੂੜੀ ਨਾਲ ਲੱਦੀ ਟ੍ਰੈਕਟਰ-ਟ੍ਰਾਲੀ ਖਾਈ ''ਚ ਡਿੱਗੀ, 2 ਦੀ ਮੌਤ

05/19/2020 12:43:57 AM

ਨੂਰਪੁਰਬੇਦੀ,(ਭੰਡਾਰੀ, ਸ਼ਮਸ਼ੇਰ)- ਅੱਜ ਬਾਅਦ ਦੁਪਹਿਰ ਪਹਾੜੀ ਖੇਤਰ 'ਚ ਇਕ ਤੂੜੀ ਨਾਲ ਲੱਦੀ ਟ੍ਰੈਕਟਰ-ਟ੍ਰਾਲੀ ਦੇ ਕਰੀਬ 40 ਤੋਂ 50 ਫੁੱਟ ਡੂੰਘੀ ਖਾਈ 'ਚ ਪਲਟ ਜਾਣ ਕਾਰਣ ਚਾਲਕ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਪ੍ਰਵਾਸੀ ਮਜ਼ਦੂਰ ਗੰਭੀਰ ਰੂਪ 'ਚ ਜ਼ਖ਼ਮੀਂ ਹੋ ਗਿਆ। ਇਸ ਦੌਰਾਨ 2 ਪ੍ਰਵਾਸੀ ਮਜ਼ਦੂਰ ਟ੍ਰਾਲੀ ਤੋਂ ਛਲਾਂਗ ਮਾਰ ਕੇ ਵਾਲ-ਵਾਲ ਬਚ ਗਏ। ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਬਲਾਕ ਨੂਰਪੁਰਬੇਦੀ ਦੇ ਪਿੰਡ ਗਨੂੰਰਾ ਤੋਂ ਇਕ ਕਿਸਾਨ ਨਜ਼ਦੀਕੀ ਪਿੰਡ ਕੱਟਾ ਸਬੌਰ ਲਈ (ਸਿੰਘਪੁਰ) ਟਰਾਲੀ 'ਚ ਤੂੜੀ ਲੱਦ ਕੇ ਜਾ ਰਿਹਾ ਸੀ। ਮਗਰ ਬਾਬਾ ਸੰਗਤ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਲਾਗੇ ਪਹਾੜੀ ਖੇਤਰ 'ਚ ਪੈਂਦੀ ਤਿੱਖੀ ਚੜ੍ਹਾਈ ਦੌਰਾਨ ਉਕਤ ਟ੍ਰੈਕਟਰ-ਟਰਾਲੀ ਅਚਾਨਕ ਸੰਤੁਲਨ ਵਿਗੜਣ ਕਾਰਣ ਬੈਕ ਹੋ ਕੇ ਕਰੀਬ 40 ਤੋਂ 50 ਫੁੱਟ ਡੂੰਘੀ ਖਾਈ 'ਚ ਕਈ ਪਲਟੀਆਂ ਖਾ ਕੇ ਡਿੱਗ ਪਈ।
ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ 3 ਗੰਭੀਰ ਰੂਪ 'ਚ ਜ਼ਖਮੀਂ ਹੋਏ ਵਿਅਕਤੀਆਂ ਨੂੰ ਲੋਕਾਂ ਦੀ ਸਹਾਇਤਾ ਨਾਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਦਕਿ ਟਰਾਲੀ 'ਤੇ ਸਵਾਰ 2 ਪ੍ਰਵਾਸੀ ਮਜ਼ਦੂਰਾਂ ਨੇ ਛਲਾਂਗ ਮਾਰ ਕੇ ਜਾਨ ਬਚਾਈ। ਹਾਦਸੇ ਦਾ ਪਤਾ ਚੱਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਮੁੱਖੀ ਨੂਰਪੁਰਬੇਦੀ ਜਤਿਨ ਕਪੂਰ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ 22 ਸਾਲਾ ਟ੍ਰੈਕਟਰ ਚਾਲਕ ਨਿਰੰਜਣ ਸਿੰਘ ਪੁੱਤਰ ਖੁਸ਼ਹਾਲ ਨਿਵਾਸੀ ਗਨੂੰਰਾ, ਥਾਣਾ ਨੂਰਪੁਰਬੇਦੀ ਅਤੇ 19 ਸਾਲਾ ਪ੍ਰਵਾਸੀ ਮਜ਼ਦੂਰ ਹਰਦੇਵ ਨਿਵਾਸੀ ਪੂਰਨੀਆ (ਬਿਹਾਰ) ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਜਦਕਿ ਇਕ ਵਿਕਾਸ ਨਾਮੀ ਪ੍ਰਵਾਸੀ ਮਜ਼ਦੂਰ ਦੀ ਹਾਲਤ ਗੰਭੀਰ ਹੋਣ ਕਾਰਣ ਉਸਨੂੰ ਰੈਫਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 2 ਹੋਰ ਪ੍ਰਵਾਸੀ ਮਜ਼ਦੂਰ ਸੁਨੀਲ ਅਤੇ ਸੁਲੇਮਾਨ ਬਿੱਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ। ਹਾਦਸੇ ਦਾ ਪਤਾ ਚੱਲਣ 'ਤੇ ਸਿੰਘਪੁਰ ਹਸਪਤਾਲ ਵਿਖੇ ਪਹੁੰਚਿਆ 22 ਸਾਲਾ ਮ੍ਰਿਤਕ ਨੌਜਵਾਨ ਨਿਰੰਜਣ ਸਿੰਘ ਦਾ ਪਿਤਾ ਖੁਸ਼ਹਾਲ ਸਿੰਘ ਵੀ ਅਪਣੇ ਲੜਕੇ ਦੀ ਮੌਤ ਦੇ ਸਦਮੇਂ ਕਾਰਣ ਅਚਾਨਕ ਬੇਹੋਸ਼ ਹੋ ਗਿਆ ਜਿਸਨੂੰ ਬਾਅਦ 'ਚ ਡਾਕਟਰੀ ਸਹਾਇਤਾ ਦਿੱਤੀ ਗਈ।


Bharat Thapa

Content Editor

Related News