ਰੇਲਵੇ ਦਾ ਅਚਾਨਕ ਮੁਆਇਨਾ: 135 ਯਾਤਰੀਆਂ ਨੂੰ ਅਨ-ਅਪਰੂਵਡ ਪਾਣੀ ਵੇਚਣ ਤੇ ਓਵਰ-ਚਾਰਜ ਕਰਨ ਦਾ ਮਾਮਲਾ ਫੜਿਆ

Friday, Jun 28, 2024 - 11:35 AM (IST)

ਰੇਲਵੇ ਦਾ ਅਚਾਨਕ ਮੁਆਇਨਾ: 135 ਯਾਤਰੀਆਂ ਨੂੰ ਅਨ-ਅਪਰੂਵਡ ਪਾਣੀ ਵੇਚਣ ਤੇ ਓਵਰ-ਚਾਰਜ ਕਰਨ ਦਾ ਮਾਮਲਾ ਫੜਿਆ

ਜਲੰਧਰ (ਪੁਨੀਤ)–ਰੇਲਵੇ ਵੱਲੋਂ ਕੈਟਰਿੰਗ ਸੇਵਾਵਾਂ ਦੇ ਅਚਾਨਕ ਮੁਆਇਨੇ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਵੀਰਵਾਰ 12238 ਬੇਗਮਪੁਰਾ ਐਕਸਪ੍ਰੈੱਸ ਵਿਚ ਜਾਂਚ ਕਰਵਾਈ ਗਈ। ਇਸ ਦੌਰਾਨ ਅਨ-ਅਪਰੂਵਡ ਪਾਣੀ ਵੇਚੇ ਜਾਣ ਅਤੇ ਓਵਰ-ਚਾਰਜ ਕਰਨ ਦਾ ਮਾਮਲਾ ਫੜਿਆ ਗਿਆ ਹੈ। ਉਥੇ ਬਿਨਾਂ ਯਾਤਰਾ ਟਿਕਟ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।

ਫਿਰੋਜ਼ਪੁਰ ਮੰਡਲ ਦੇ ਸੀਨੀਅਰ ਅਧਿਕਾਰੀ ਪਰਮਦੀਪ ਸਿੰਘ ਸੈਣੀ ਤੇ ਜਲੰਧਰ ਤੋਂ ਨਿਤੇਸ਼ ਕੁਮਾਰ ਦੀ ਪ੍ਰਧਾਨਗੀ ਵਿਚ ਚਲਾਈ ਗਈ ਇਸ ਮੁਹਿੰਮ ਤਹਿਤ ਬੇਗਮਪੁਰਾ ਦੇ ਏ. ਸੀ. ਅਤੇ ਸਲੀਪਰ ਕੋਚ ਵਿਚ ਚੈਕਿੰਗ ਮੁਹਿੰਮ ਦਾ ਆਗਾਜ਼ ਹੋਇਆ। ਇਸ ਦੌਰਾਨ 100 ਤੋਂ ਵੱਧ ਯਾਤਰੀਆਂ ਨੇ ਮਹਿੰਗੀ ਰੇਟਾਂ ’ਤੇ ਪਾਣੀ ਵੇਚੇ ਜਾਣ ਦੀ ਸ਼ਿਕਾਇਤ ਕੀਤੀ, ਜਿਸ ਕਾਰਨ ਕੈਟਰਿੰਗ ਕਰਨ ਵਾਲਿਆਂ ਅਤੇ ਹੋਰਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਰਮਦੀਪ ਸਿੰਘ ਸੈਣੀ ਦੀ ਅਗਵਾਈ ਵਿਚ ਚੱਲੀ ਮੁਹਿੰਮ ਦੌਰਾਨ ਦਰਜਨਾਂ ਯਾਤਰੀਆਂ ਕੋਲ ਅਨ-ਅਪਰੂਵਡ ਪਾਣੀ ਦੀਆਂ ਬੋਤਲਾਂ ਦੇਖੀਆਂ ਗਈਆਂ, ਜਿਸ ’ਤੇ ਯਾਤਰੀਆਂ ਤੋਂ ਪਾਣੀ ਖਰੀਦਣ ਦਾ ਜ਼ਰੀਆ ਪੁੱਛਿਆ ਗਿਆ। ਯਾਤਰੀਆਂ ਨੇ ਟਰੇਨ ਵਿਚੋਂ ਪਾਣੀ ਖ਼ਰੀਦਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ 20 ਰੁਪਏ ਬੋਤਲ ਦੇ ਹਿਸਾਬ ਨਾਲ ਪਾਣੀ ਖਰੀਦਿਆ ਗਿਆ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦੀ ਬੋਤਲ 15 ਰੁਪਏ ਦੇ ਹਿਸਾਬ ਨਾਲ ਵੇਚਣ ਦੀ ਵਿਵਸਥਾ ਹੈ, ਜਦਕਿ ਸਬੰਧਤ ਵਿਅਕਤੀਆਂ ਨੂੰ 20 ਰੁਪਏ ਦੇ ਹਿਸਾਬ ਨਾਲ ਪਾਣੀ ਦਿੱਤਾ ਗਿਆ, ਜੋ ਕਿ ਗਲਤ ਸੀ। ਦੂਜੇ ਪਾਸੇ ਰੇਲਵੇ ਵੱਲੋਂ ਮਨਜ਼ੂਰਸ਼ੁਦਾ ਰੇਲ ਨੀਰ ਦੀ ਥਾਂ ’ਤੇ ਦੂਜਾ ਪਾਣੀ ਵੇਚਿਆ ਜਾ ਰਿਹਾ ਸੀ, ਜੋ ਕਿ ਨਿਯਮਾਂ ਦੇ ਉਲਟ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ, ਬਾਰਿਸ਼ ਦਾ ਅਲਰਟ ਜਾਰੀ, ਜਾਣੋ ਅਗਲੇ ਦਿਨਾਂ ਦਾ ਹਾਲ

ਰੇਲਵੇ ਅਧਿਕਾਰੀਆਂ ਵੱਲੋਂ ਬਣਾਏ ਗਏ ਨੋਟ ਦੇ ਮੁਤਾਬਕ 135 ਯਾਤਰੀਆਂ ਨੇ 20 ਰੁਪਏ ਦੇ ਹਿਸਾਬ ਨਾਲ ਪਾਣੀ ਖਰੀਦਣ ਸਬੰਧੀ ਦੱਸਿਆ ਹੈ, ਜੋ ਕਿ ਅਨ-ਅਪਰੂਵਡ ਪਾਣੀ ਹੈ। ਇਸ ਜਾਂਚ ਦੌਰਾਨ ਬਰਗਰ, ਪੋਹਾ, ਨੂਡਲਜ਼ ਬਣਾਉਣ ਦੀ ਡੇਟ ਅਤੇ ਐਕਸਪਾਇਰੀ ਅਤੇ ਰੇਟ ਦਾ ਸਟਿੱਕਰ ਨਹੀਂ ਲੱਗਾ ਹੋਇਆ ਸੀ। ਬਰਗਰ ਦੀ ਕੁਆਲਿਟੀ ਨਿਯਮਾਂ ਦੇ ਉਲਟ ਪਾਈ ਗਈ। ਕੈਟਰਿੰਗ ਵਾਲੇ ਖ਼ਿਲਾਫ਼ ਆਈ. ਆਰ. ਸੀ. ਟੀ. ਸੀ. ਦੇ ਨਿਯਮਾਂ ਦੀ ਉਲੰਘਣਾ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਿਦੱਤਾ ਗਿਆ ਹੈ ਤਾਂ ਕਿ ਅਗਲੀ ਕਾਰਵਾਈ ਹੋ ਸਕੇ।

ਬਿਨਾਂ ਟਿਕਟ ਯਾਤਰਾ ਦਾ 53 ਹਜ਼ਾਰ ਜੁਰਮਾਨਾ
ਅਧਿਕਾਰੀਆਂ ਨੇ ਇਸ ਦੌਰਾਨ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾਉਂਦੇ ਹੋਏ 53 ਹਜ਼ਾਰ ਰੁਪਏ ਜੁਰਮਾਨਾ ਵਸੂਲ ਕੀਤਾ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਿਕ ਸਮਰ ਸੀਜ਼ਨ ਦੌਰਾਨ ਟਰੇਨਾਂ ਵਿਚ ਭੀੜ-ਭੜੱਕਾ ਜ਼ਿਆਦਾ ਰਹਿੰਦਾ ਹੈ। ਇਸ ਕਾਰਨ ਕਈ ਯਾਤਰੀ ਬਿਨਾਂ ਟਿਕਟ ਸਫਰ ’ਤੇ ਨਿਕਲ ਜਾਂਦੇ ਹਨ। ਇਸੇ ਕਾਰਨ ਰੇਲਵੇ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਵਿਭਾਗ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਵਿਚ ਮੁਆਇਨੇ ਦੌਰਾਨ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਕੀਤੀ ਗਈ ਅਤੇ 53 ਹਜ਼ਾਰ ਤੋਂ ਵੱਧ ਜੁਰਮਾਨਾ ਵਸੂਲਿਆ ਗਿਆ।

ਇਹ ਵੀ ਪੜ੍ਹੋ- ਜਲੰਧਰ 'ਚ ਪਰਿਵਾਰ ਸਮੇਤ ਸ਼ਿਫ਼ਟ ਹੋਏ ਮੁੱਖ ਮੰਤਰੀ ਭਗਵੰਤ ਮਾਨ, ਸਾਂਝੀਆਂ ਕੀਤੀਆਂ ਤਸਵੀਰਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News