ਵਾਰਡਬੰਦੀ ਲਈ ਜਾਰੀ ਕੀਤੇ ਨਕਸ਼ੇ ਨੂੰ ਲੈ ਕੇ ਭੰਬਲਭੂਸੇ ਦੀ ਬਣੀ ਸਥਿਤੀ, ਆਬਜੈਕਸ਼ਨ ਦਾਇਰ ਕਰਨਗੇ ਕਾਂਗਰਸੀ
Saturday, Jun 24, 2023 - 10:44 AM (IST)

ਜਲੰਧਰ (ਚੋਪੜਾ)–ਨਗਰ ਨਿਗਮ ਦੀਆਂ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਵਿਚ ਸ਼ਹਿਰ ਵਿਚ 80 ਵਾਰਡਾਂ ਦੀ ਗਿਣਤੀ ਨੂੰ ਵਧਾ ਕੇ 85 ਕਰਨ ਦੇ ਨਾਲ-ਨਾਲ ਨਵੇਂ ਵਾਰਡਾਂ ਨੂੰ ਲੈ ਕੇ ਕੀਤੀ ਗਈ ਨਵੀਂ ਹੱਦਬੰਦੀ ਵਿਚ ਪੇਚੀਦਗੀਆਂ ਅਤੇ ਬੇਨਿਯਮੀਆਂ ਖ਼ਿਲਾਫ਼ ਸਥਾਨਕ ਕਾਂਗਰਸ ਭਵਨ ਵਿਚ ਸਾਬਕਾ ਕੌਂਸਲਰਾਂ ਅਤੇ ਚੋਣ ਲੜਨ ਦੇ ਇੱਛੁਕ ਕਾਂਗਰਸੀ ਆਗੂਆਂ ਨੇ ਇਕ ਮੀਟਿੰਗ ਕਰਕੇ ਵਾਰਡਬੰਦੀ ਦੇ ਡਰਾਫਟ ’ਤੇ ਮੰਥਨ ਕੀਤਾ। ਮੀਟਿੰਗ ਵਿਚ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਉਮੀਦਵਾਰ ਰਹੀ ਕਰਮਜੀਤ ਕੌਰ ਚੌਧਰੀ ਅਤੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਨੇ ਵੱਖ-ਵੱਖ ਵਾਰਡਾਂ ਨਾਲ ਸਬੰਧਤ ਆਏ ਕਾਂਗਰਸੀ ਆਗੂਆਂ ਦੀ ਕਹਾਣੀ ਸੁਣੀ। ਇਸ ਦੌਰਾਨ ਮੌਜੂਦ ਸਾਬਕਾ ਕੌਂਸਲਰਾਂ ਅਤੇ ਚੋਣ ਲੜਨ ਦੇ ਇੱਛੁਕ ਕਾਂਗਰਸੀਆਂ ਦੀ ਜ਼ੁਬਾਨ ’ਤੇ ਵਾਰਡਬੰਦੀ ਨੂੰ ਲੈ ਕੇ ਜਾਰੀ ਕੀਤੇ ਨਕਸ਼ੇ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਦਾ ਜ਼ਿਕਰ ਸੀ। ਸਾਬਕਾ ਕੌਂਸਲਰਾਂ ਵਿਚ ਰੋਹ ਪਾਇਆ ਗਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰੇ ’ਤੇ ਸਮੁੱਚੇ ਸ਼ਹਿਰ ਦੀ ਹੱਦਬੰਦੀ ਨਾਲ ਇੰਨੀ ਛੇੜਛਾੜ ਕੀਤੀ ਗਈ ਹੈ ਕਿ 1-1 ਗਲੀ ਨੂੰ 2-3 ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਰਿਜ਼ਰਵ ਕੀਤੇ ਗਏ ਵਾਰਡਾਂ ਨੂੰ ਐੱਸ. ਸੀ./ਬੀ. ਸੀ. ਅਤੇ ਜਨਰਲ ਕੈਟਾਗਰੀ ਦੀ ਗਿਣਤੀ ਦੇ ਆਧਾਰ ’ਤੇ ਨਹੀਂ ਬਣਾਇਆ ਗਿਆ। ਮੀਟਿੰਗ ਦੌਰਾਨ ਕਰਮਜੀਤ ਕੌਰ ਚੌਧਰੀ ਅਤੇ ਰਾਜਿੰਦਰ ਬੇਰੀ ਨੇ ਕਿਹਾ ਕਿ ਸਾਰੇ ਸਾਬਕਾ ਕੌਂਸਲਰ ਆਪਣੇ-ਆਪਣੇ ਵਾਰਡਾਂ ਵਿਚ ਕੀਤੀਆਂ ਗਈਆਂ ਗੜਬੜੀਆਂ ਸਬੰਧੀ ਨਿਗਮ ਵਿਚ ਆਬਜੈਕਸ਼ਨ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਜ਼ਿਲਾ ਕਾਂਗਰਸ ਵੱਲੋਂ ਆਪਣੇ ਪੱਧਰ ’ਤੇ ਵੀ ਸਾਰੀਆਂ 85 ਵਾਰਡਾਂ ਦੀ ਹੱਦਬੰਦੀ ਦਾ ਮੰਥਨ ਕੀਤਾ ਜਾ ਰਿਹਾ ਹੈ ਅਤੇ ਵਾਰਡਬੰਦੀ ਵਿਚ ਪਾਈਆਂ ਜਾ ਰਹੀਆਂ ਬੇਨਿਯਮੀਆਂ ਅਤੇ ਧੱਕੇਸ਼ਾਹੀ ਖ਼ਿਲਾਫ਼ ਕਾਂਗਰਸ ਜਲਦ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਕਾਂਗਰਸੀ ਆਗੂਆਂ ਨੂੰ ਆਬਜੈਕਸ਼ਨ ਫਾਈਲ ਕਰਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਲਾਹ ਦੀ ਲੋੜ ਹੈ, ਉਹ ਜ਼ਿਲ੍ਹਾ ਕਾਂਗਰਸ ਲੀਗਲ ਸੈੱਲ ਦੇ ਚੇਅਰਮੈਨ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਅਤੇ ਐਡਵੋਕੇਟ ਰੋਹਿਤ ਗੰਭੀਰ ਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ: ਨਾਬਾਲਗ ਨਾਲ ਬਦਫੈਲੀ ਕਰਨ ਦੇ ਮਾਮਲੇ 'ਚ ਹੈਰਾਨੀਜਨਕ ਗੱਲ ਆਈ ਸਾਹਮਣੇ, ਜੈਂਡਰ ਬਦਲਣ ਦੀ ਸੀ ਪਲਾਨਿੰਗ
ਕਰਮਜੀਤ ਚੌਧਰੀ ਨੇ ਸਾਰੇ ਕਾਂਗਰਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਕਜੁੱਟ ਹੋ ਕੇ ਨਿਗਮ ਚੋਣਾਂ ਲੜਨ। ਭਾਵੇਂ ‘ਆਪ’ ਧਨ-ਬਲ ਦੇ ਜ਼ੋਰ ’ਤੇ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤ ਗਈ ਹੈ ਪਰ ਨਿਗਮ ਚੋਣਾਂ ਵਿਚ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੇਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਪ੍ਰਤੀਨਿਧੀਆਂ ਨੇ ਆਪਣੇ-ਆਪਣੇ ਹਿਸਾਬ ਨਾਲ ਆਪਣੇ ਚਹੇਤਿਆਂ ਨੂੰ ਚੋਣ ਲੜਾਉਣ ਲਈ ਵਾਰਡਬੰਦੀ ਕੀਤੀ ਹੈ, ਜੋ ਸਰਾਸਰ ਗਲਤ ਹੈ। ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਸਿਰਫ਼ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ।
ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਮਨੂ ਬੜਿੰਗ ਨੇ ਕਿਹਾ ਕਿ ਸਰਕਾਰ ਨੇ ਨਿਗਮ ਚੋਣਾਂ ਵਿਚ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਉਨ੍ਹਾਂ ਦੇ ਹਿਸਾਬ ਨਾਲ ਵਾਰਡਬੰਦੀ ਕੀਤੀ ਹੈ। ‘ਆਪ’ ਸਰਕਾਰ ਦੀਆਂ ਨਾਕਾਮੀਆਂ ਅਤੇ ਜਨਤਾ ਨਾਲ ਕੀਤੀ ਗਈ ਵਾਅਦਾਖਿਲਾਫੀ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਕੌਂਸਲਰਾਂ ਦਾ ਮਨੋਬਲ ਕਾਫੀ ਮਜ਼ਬੂਤ ਹੈ ਅਤੇ ‘ਆਪ’ ਲਈ ਮੇਅਰ ਬਣਾਉਣਾ ਇਕ ਸੁਪਨਾ ਹੀ ਬਣ ਕੇ ਰਹਿ ਜਾਵੇਗਾ।
ਇਸ ਮੌਕੇ ਨਿਗਮ ਦੀ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ, ਸਾਬਕਾ ਕੌਂਸਲਰ ਰਵੀ ਸੈਣੀ, ਮਹਿੰਦਰ ਸਿੰਘ ਗੁੱਲੂ, ਜਗਦੀਸ਼ ਦਕੋਹਾ, ਵਿਜੇ ਦਕੋਹਾ, ਪੱਲਨੀ ਸਵਾਮੀ, ਬਚਨ ਲਾਲ, ਸੁਰਿੰਦਰ ਚੌਧਰੀ, ਜਗਜੀਤ ਜੀਤਾ, ਮਨਮੋਹਨ ਸਿੰਘ ਮੋਹਨਾ, ਪ੍ਰਭਦਿਆਲ ਭਗਤ, ਅਨਮੋਲ ਗਰੋਵਰ, ਹਰਪ੍ਰੀਤ ਸਿੰਘ ਆਜ਼ਾਦ, ਬਲਬੀਰ ਅੰਗੁਰਾਲ, ਪਰਮਜੀਤ ਸਿੰਘ ਪੰਮਾ, ਸੁਖਦੇਵ ਸਿੰਘ ਬਾਠ, ਬਿਸ਼ੰਭਰ ਦਾਸ, ਰਾਜੀਵ ਟਿੱਕਾ, ਰਾਜੇਸ਼ ਜਿੰਦਲ, ਅਮਨ ਧੰਨੋਵਾਲੀ, ਰਵੀ ਬਾਘਾ, ਜਤਿੰਦਰ ਜੌਨੀ, ਸਤੀਸ਼ ਦੁੱਗਲ ਆਦਿ ਵੀ ਮੌਜੂਦ ਰਹੇ।
ਵਾਰਡਬੰਦੀ ਨੂੰ ਲੈ ਕੇ ਬਣਾਈ ਕਮੇਟੀ 'ਚ ਸ਼ਾਮਲ 3 ਕਾਂਗਰਸੀ ਕੌਂਸਲਰਾਂ ਨੂੰ ਸੱਦੇ ਬਿਨਾਂ ਵਾਰਡਬੰਦੀ ਫਾਈਨਲ ਕਰਨ ’ਤੇ ਉੱਠਿਆ ਇਤਰਾਜ਼
ਸਾਬਕਾ ਕੌਂਸਲਰ ਬਲਰਾਜ ਠਾਕੁਰ ਨੇ ਕਿਹਾ ਕਿ ਨਵੀਂ ਵਾਰਡਬੰਦੀ ਨੂੰ ਲੈ ਕੇ ਜਿਹੜੀ ਕਮੇਟੀ ਬਣੀ ਸੀ, ਉਸ ਵਿਚ ਕਾਂਗਰਸ ਦੇ 3 ਕੌਂਸਲਰਾਂ ਬਲਰਾਜ ਠਾਕੁਰ, ਗਿਆਨ ਚੰਦ ਅਤੇ ਜਗਦੀਸ਼ ਗੱਗ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਤਿੰਨਾਂ ਨੂੰ ਫਾਈਨਲ ਮੀਟਿੰਗਾਂ ਵਿਚ ਬੁਲਾਇਆ ਨਹੀਂ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਉਹ ਹੁਣ ਸਾਬਕਾ ਕੌਂਸਲਰ ਬਣ ਚੁੱਕੇ ਹਨ, ਇਸ ਕਾਰਨ ਉਹ ਕਮੇਟੀ ਦੇ ਮੈਂਬਰ ਹਨ ਵੀ ਨਹੀਂ। ਨਿਗਮ ਅਧਿਕਾਰੀਆਂ ਨੇ ਜਿਹੜੀ ਵਾਰਡਬੰਦੀ ਫਾਈਨਲ ਕੀਤੀ ਹੈ, ਉਸ ਵਿਚ ਕਮੇਟੀ ਵਿਚ ਰਹੇ ਤਿੰਨਾਂ ਕਾਂਗਰਸੀ ਮੈਂਬਰਾਂ ਦੇ ਸਾਈਨ ਨਹੀਂ ਹਨ। ਕਾਂਗਰਸ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰੇਗੀ ਕਿ ਆਖਿਰ ਕਮੇਟੀ ਮੈਂਬਰਾਂ ਦੇ ਬਿਨਾਂ ਵਾਰਡਬੰਦੀ ਕਿਵੇਂ ਫਾਈਨਲ ਹੋ ਗਈ।
ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਲਾਪਤਾ ਹੋਏ ਸਾਢੇ 3 ਸਾਲਾ ਬੱਚੇ ਦੀ ਲਾਸ਼ ਤੀਜੀ ਮੰਜ਼ਿਲ ਤੋਂ ਮਿਲੀ
ਅਧਿਕਾਰੀਆਂ ਨੇ ਗੂਗਲ ਮੈਪ ਤੋਂ ਡੀਮਾਰਕੇਸ਼ਨ ਲੈ ਕੇ ਬਣਾ ਦਿੱਤੀ ਨਵੀਂ ਵਾਰਡਬੰਦੀ
ਆਲ ਇੰਡੀਆ ਮਹਿਲਾ ਕਾਂਗਰਸ ਦੀ ਕੋਆਰਡੀਨੇਟਰ ਸਾਬਕਾ ਕੌਂਸਲਰ ਡਾ. ਜਸਲੀਨ ਸੇਠੀ, ਸਾਬਕਾ ਕੌਂਸਲਰ ਬੰਟੀ ਨੀਲਕੰਠ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਗੂਗਲ ਮੈਪ ਤੋਂ ਡੀਮਾਰਕੇਸ਼ਨ ਲੈ ਕੇ ਨਵੀਂ ਹੱਦਬੰਦੀ ਨੂੰ ਫਾਈਨਲ ਕਰ ਦਿੱਤਾ ਗਿਆ ਪਰ ਵਾਰਡਾਂ ਦੀ ਹੱਦਬੰਦੀ ਸਬੰਧੀ ਜਾਣਕਾਰੀਆਂ ਜ਼ਮੀਨੀ ਹਕੀਕਤ ਵਿਚ ਮੌਜੂਦ ਨਹੀਂ ਹਨ। ਡਾ. ਜਸਲੀਨ ਸੇਠੀ ਨੇ ਦੋਸ਼ ਲਾਇਆ ਕਿ ਨਿਗਮ ਦਫਤਰ ਵਿਚ ਰੱਖਿਆ ਨਕਸ਼ਾ ਵੀ ਨੋਟੀਫਿਕੇਸ਼ਨ ਦੇ ਅਨੁਸਾਰ ਨਹੀਂ ਹੈ।
ਵਿਧਾਇਕ, ਸਾਬਕਾ ਮੇਅਰ ਸਮੇਤ ਅਨੇਕ ਸਾਬਕਾ ਕੌਂਸਲਰਾਂ ਨੇ ਮੀਟਿੰਗ ਤੋਂ ਬਣਾਈ ਦੂਰੀ
ਨਗਰ ਨਿਗਮ ਚੋਣਾਂ ਸਿਰ ’ਤੇ ਹਨ ਪਰ ਕਾਂਗਰਸ ਦੇ ਵਿਧਾਇਕ ਅਤੇ ਅਨੇਕ ਕੌਂਸਲਰ ਇਸ ਨੂੰ ਅਜੇ ਵੀ ਸੀਰੀਅਸ ਨਹੀਂ ਲੈ ਰਹੇ। ਅੱਜ ਕਾਂਗਰਸ ਭਵਨ ਵਿਚ ਆਯੋਜਿਤ ਮੀਟਿੰਗ ਵਿਚੋਂ ਵਿਧਾਇਕ ਪਰਗਟ ਸਿੰਘ, ਵਿਧਾਇਕ ਬਾਵਾ ਹੈਨਰੀ, ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਸਮੇਤ ਅਨੇਕ ਸਾਬਕਾ ਕੌਂਸਲਰਾਂ ਨੇ ਆਪਣੀ ਦੂਰੀ ਬਣਾਈ ਰੱਖੀ। ਇਸ ਦੌਰਾਨ ਮੌਜੂਦ ਸਾਬਕਾ ਕੌਂਸਲਰ ਅਤੇ ਕਈ ਕਾਂਗਰਸੀ ਆਗੂ ਆਪਸ ਵਿਚ ਕਿਆਸ ਲਾਉਂਦੇ ਰਹੇ ਕਿ ਫਲਾਣੇ ਸਾਬਕਾ ਕੌਂਸਲਰ ਦੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦੀਆਂ ਚਰਚਾਵਾਂ ਹਨ, ਜਿਸ ਕਾਰਨ ਉਹ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਮੀਟਿੰਗ ਵਿਚ ਸਾਬਕਾ ਕੌਂਸਲਰਾਂ ਵਿਚ ਅਨੀਤਾ ਰਾਜਾ, ਮਨਮੋਹਨ ਸਿੰਘ ਰਾਜੂ, ਨੀਰਜਾ ਜੈਨ, ਦੀਪਕ ਸ਼ਾਰਦਾ, ਸਤਿੰਦਰਜੀਤ ਕੌਰ ਖਾਲਸਾ, ਪ੍ਰੀਤ ਖਾਲਸਾ, ਸ਼ੈਰੀ ਚੱਢਾ, ਸ਼ਮਸ਼ੇਰ ਖਹਿਰਾ, ਗੁਰਨਾਮ ਸਿੰਘ ਮੁਲਤਾਨੀ ਤੇ ਮਨਦੀਪ ਮੁਲਤਾਨੀ ਤੋਂ ਇਲਾਵਾ ਕਈ ਸਾਬਕਾ ਕੌਂਸਲਰ ਗੈਰ-ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਮੀਟਿੰਗ ਵਿਚ ਗੈਰ-ਹਾਜ਼ਰ ਰਹੇ ਸਾਬਕਾ ਕੌਂਸਲਰਾਂ ਵਿਚੋਂ ਕਈਆਂ ਦੇ ਜਲਦ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀ ਕਾਫ਼ੀ ਚਰਚਾ ਚੱਲ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਪਾਵਰਕਾਮ ਦੀ ਵੱਡੀ ਉਪਲੱਬਧੀ: PSPCL ਨੇ 15000 ਮੈਗਾਵਾਟ ਦੀ ਡਿਮਾਂਡ ਪੂਰੀ ਕਰਕੇ ਬਣਾਇਆ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani