ਸ਼ਿਕਾਇਤ ਦੀ ਜਾਂਚ ਕਰਨ ਗਏ ਥਾਣੇਦਾਰ ਵੱਲੋਂ ਘਰ ’ਚ ਸੁੱਤੇ ਪਏ ਗੁਆਂਢੀ ਦੀ ਕੁੱਟਮਾਰ

05/27/2022 11:13:47 PM

ਮਾਹਿਲਪੁਰ (ਅਗਨੀਹੋਤਰੀ)-ਬੀਤੀ ਰਾਤ ਲਾਗਲੇ ਪਿੰਡ ਚੰਦੇਲੀ ਵਿਖੇ ਇਕ ਲਡ਼ਾਈ ਝਗਡ਼ੇ ਦੀ ਥਾਣਾ ਮਾਹਿਲਪੁਰ ਨੂੰ ਮਿਲੀ ਸ਼ਿਕਾਇਤ ਦੀ ਜਾਂਚ ਕਰਨ ਗਏ ਥਾਣਾ ਮਾਹਿਲਪੁਰ ਦੇ ਇਕ ਥਾਣੇਦਾਰ ਨੇ ਗੁਆਂਢੀ ਦੇ ਘਰ ਵਿਚ ਦਾਖਲ ਹੋ ਕੇ ਉਸ ਦੀ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦੇ ਸ਼ਿਕਾਰ ਵਿਅਕਤੀ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਵੀ ਥਾਣੇਦਾਰ ਅਤੇ ਉਸ ਦੇ ਸਹਿਯੋਗੀ ਦੀ ਮੌਕੇ ’ਤੇ ਹੀ ਵੀਡੀਓ ਬਣਾ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਸਰੂਪ ਵਾਸੀ ਚੰਦੇਲੀ ਨੇ ਆਪਣੇ ਗੁਆਂਢੀਆਂ ਰਾਕੇਸ਼ ਕੁਮਾਰ, ਭੈਣ ਪਰਮਜੀਤ ਕੌਰ, ਸੁਸ਼ੀਲ ਕੁਮਾਰ, ਅਸ਼ੋਕ ਕੁਮਾਰ, ਮਨਪ੍ਰੀਤ ਸਿੰਘ, ਲਖਵੀਰ ਸਿੰਘ, ਪ੍ਰਭਜੋਤ ਸਿੰਘ ਦੀ ਹਾਜ਼ਰੀ ਵਿਚ ਦੱਸਿਆ ਕਿ ਬੀਤੀ ਰਾਤ ਸੱਤ ਵਜੇ ਦੇ ਕਰੀਬ ਥਾਣਾ ਮਾਹਿਲਪੁਰ ਵਿਖੇ ਤਾਇਨਾਤ ਇਕ ਐੱਸ. ਆਈ. ਗੁਰਨੇਕ ਸਿੰਘ ਆਪਣੇ ਨਾਲ ਇਕ ਸਹਿਯੋਗੀ ਕਰਮਚਾਰੀ ਨੂੰ ਲੈ ਕੇ ਉਨ੍ਹਾਂ ਦੇ ਘਰ ਆਇਆ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਕ ਗੁਆਂਢਣ ਨੇ ਆਪਣੀ ਹੀ ਗਲੀ ਵਿਚ ਰਹਿੰਦੇ ਇਕ ਵਿਅਕਤੀ ਵਿਰੁੱਧ ਗੰਦੇ ਇਸ਼ਾਰੇ ਕਰਨ ਸਮੇਤ ਧਮਕੀਆਂ ਦੇਣ ਦੀ ਸ਼ਿਕਾਇਤ 23 ਮਈ ਨੂੰ 112 ਨੰਬਰ ’ਤੇ ਕੀਤੀ ਹੋਈ ਸੀ। ਜਿਸ ਦੀ ਜਾਂਚ ਲਈ ਪੁਲਸ ਪਿੰਡ ਵਿਚ ਆਈ ਸੀ। ਉਸ ਨੇ ਦੱਸਿਆ ਕਿ ਥਾਣੇਦਾਰ ਗੁਰਨੇਕ ਸਿੰਘ ਅੱਠ ਵਜੇ ਦੇ ਕਰੀਬ ਪਹਿਲਾਂ ਕਥਿਤ ਦੋਸ਼ੀ ਦੇ ਘਰ ਵਿਚ ਗਿਆ। ਜਿੱਥੇ ਕੋਈ ਨਾ ਹੋਣ ਕਾਰਨ, ਫਿਰ ਦੂਜੇ ਘਰ ਵਿਚ ਚਲਾ ਗਿਆ ਪ੍ਰੰਤੂ ਕਥਿਤ ਦੋਸ਼ੀ ਘਰ ਵਿਚ ਨਾ ਹੋਣ ਕਾਰਨ ਉਹ ਉਸ ਦੇ ਘਰ ਆ ਗਿਆ। ਉਸ ਨੇ ਦੱਸਿਆ ਕਿ ਉਸ ਵੇਲੇ ਬਿਜਲੀ ਗੁੱਲ ਸੀ ਅਤੇ ਹਨੇਰੇ ਵਿਚ ਹੀ ਥਾਣੇਦਾਰ ਗੁਰਨੇਕ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਘਡ਼ੀਸ ਕੇ ਗਲੀ ਵਿਚ ਲੈ ਆਇਆ। ਉਸ ਨੇ ਦੱਸਿਆ ਕਿ ਰੌਲਾ ਸੁਣ ਕੇ ਉੱਥੇ ਲੋਕ ਇੱਕਠੇ ਹੋ ਗਏ, ਜਿਸ ਕਾਰਨ ਥਾਣੇਦਾਰ ਅਤੇ ਉਸ ਦਾ ਸਹਿਯੋਗੀ ਚਲੇ ਗਏ। ਉਸ ਨੇ ਦੱਸਿਆ ਕਿ ਉਸ ਨੂੰ ਛੁਡਾ ਕੇ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖਲ ਕਰਵਾਇਆ।

ਕੀ ਕਹਿੰਦੇ ਹਨ ਥਾਣੇਦਾਰ ਗੁਰਨੇਕ ਸਿੰਘ : ਇਸ ਸਬੰਧੀ ਥਾਣੇਦਾਰ ਗੁਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 112 ਅਤੇ ਇਕ ਲਿਖਤੀ ਸ਼ਿਕਾਇਤ ਮਿਲੀ ਸੀ, ਜਿਸ ਦੀ ਜਾਂਚ ਕਰਨ ਲਈ ਉਹ ਪਿੰਡ ਗਏ ਸਨ। ਉਸ ਨੇ ਦੱਸਿਆ ਕਿ ਹਨੇਰੇ ਵਿਚ ਘਰ ਨਾ ਪਤਾ ਲੱਗਣ ਕਾਰਨ ਉਹ ਰਾਮ ਸਰੂਪ ਦੇ ਘਰ ਚਲਾ ਗਿਆ, ਜਿੱਥੇ ਕੁੱਤੇ ਹੋਣ ਕਾਰਨ ਉਹ ਅੰਦਰ ਨਹੀਂ ਗਿਆ। ਉਸ ਨੇ ਦੱਸਿਆ ਕਿ ਜਦੋਂ ਰਾਮ ਸਰੂਪ ਆਪਣੇ ਘਰ ਤੋਂ ਬਾਹਰ ਆਇਆ ਤਾਂ ਉਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਰਾਮ ਸਰੂਪ ਅਤੇ ਹੋਰਨਾਂ ਖਿਲਾਫ ਪੁਲਸ ਨਾਲ ਹੱਥੋਪਾਈ ਕਰਨ ਦੀ ਰਪਟ ਵੀ ਦਰਜ ਕੀਤੀ ਹੈ। ਕੁੱਟਮਾਰ ਕਰਨ ਦੇ ਇਲਜ਼ਾਮ ਝੂਠੇ ਹਨ।


Manoj

Content Editor

Related News