ਕਾਰ ਦੀ ਲਪੇਟ ''ਚ ਆਉਣ ਨਾਲ ਇਕ ਦੀ ਮੌਤ

09/23/2019 11:27:40 PM

ਹੁਸ਼ਿਆਰਪੁਰ, (ਅਮਰਿੰਦਰ)- ਬੀਤੀ ਦੇਰ ਸ਼ਾਮ ਜੱਟਪੁਰ ਪਿੰਡ ਦੇ ਮੋੜ ਨੇੜੇ ਚੰਡੀਗੜ੍ਹ ਵੱਲੋਂ ਆ ਰਹੀ ਇਕ ਪਠਾਨਕੋਟ ਨੰਬਰ ਦੀ ਕਾਰ ਨਾਲ ਟੱਕਰ ਦੌਰਾਨ ਜੱਟਪੁਰ ਵਾਸੀ ਪਰਮਜੀਤ ਸਿੰਘ (45) ਪੁੱਤਰ ਮਹਿੰਦਰ ਰਾਮ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦਿਆਂ ਹੀ ਥਾਣਾ ਚੱਬੇਵਾਲ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਪਰ ਉਦੋਂ ਤੱਕ ਚਾਲਕ ਕਾਰ ਸਮੇਤ ਉਥੋਂ ਫਰਾਰ ਹੋ ਗਿਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਪਰਮਜੀਤ ਸਿੰਘ ਜੱਟਪੁਰ ਪਿੰਡ ਦਾ ਪੰਚ ਸੀ ਅਤੇ ਬਲਾਕ ਕਾਂਗਰਸ ਦਾ ਜਨਰਲ ਸਕੱਤਰ ਵੀ ਸੀ।

ਚੱਕੀ ਤੋਂ ਆਟਾ ਲੈ ਕੇ ਪਰਤ ਰਿਹਾ ਸੀ ਪਰਮਜੀਤ
ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਮ੍ਰਿਤਕ ਦੇ ਪੋਸਟਮਾਰਟਮ ਦੌਰਾਨ ਪੁਲਸ ਦੀ ਮੌਜੂਦਗੀ 'ਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਮਜੀਤ ਸਿੰਘ ਚੱਕੀ ਤੋਂ ਕਣਕ ਪਿਸਵਾਉਣ ਉਪਰੰਤ ਆਟਾ ਲੈ ਕੇ ਘਰ ਪਰਤ ਰਿਹਾ ਸੀ ਕਿ ਜੱਟਪੁਰ ਪਿੰਡ ਦੇ ਮੋੜ ਨੇੜੇ ਪਿੱਛਿਓਂ ਆਈ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।

ਕਾਰ ਚਾਲਕ ਖਿਲਾਫ਼ ਦਰਜ ਕੀਤਾ ਕੇਸ
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਚੱਬੇਵਾਲ 'ਚ ਤਾਇਨਾਤ ਏ. ਐੱਸ. ਆਈ. ਹੰਸ ਰਾਜ ਨੇ ਦੱਸਿਆ ਕਿ ਲੋਕਾਂ ਨੇ ਹਾਦਸਾ ਕਰਨ ਵਾਲੀ ਫਰਾਰ ਕਾਰ ਦਾ ਨੰਬਰ ਨੋਟ ਕਰ ਲਿਆ ਸੀ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 279, 304-ਏ, 427 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।


Bharat Thapa

Content Editor

Related News