9 ਐੱਮ. ਐੱਮ. ਬਾਰਿਸ਼ ਨਾਲ 3 ਫੁੱਟ ਪਾਣੀ ’ਚ ਡੁੰਬੀਆਂ ਸੜਕਾਂ

07/12/2019 4:10:48 AM

ਕਪੂਰਥਲਾ, (ਮਹਾਜਨ)- ਤੇਜ਼ ਗਰਮੀ ਕਾਰਣ ਜਿਥੇ ਲੋਕਾਂ ਦਾ ਜਿਉਣਾ ਮੋਹਾਲ ਹੋ ਗਿਆ ਸੀ, ਉੱਥੇ ਕੁਝ ਦਿਨਾਂ ਤੋਂ ਆਸ-ਪਾਸ ’ਚ ਛਾਏ ਕਾਲੇ ਬੱਦਲ ਆਖਰ ਵੀਰਵਾਰ ਨੂੰ ਸਵੇਰੇ ਬਰਸ ਪਏ। ਮਾਨਸੂਨ ਦੀ ਪਹਿਲੀ ਬਰਸਾਤ ਨੇ ਇਕ ਘੰਟੇ ’ਚ ਹੀ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਸ਼ਹਿਰ ਤੇ ਆਸ-ਪਾਸ ਖੇਤਰਾਂ ’ਚ ਸਵੇਰੇ 8 ਵਜੇ ਇਕ ਘੰਟੇ ਪਈ ਬਾਰਿਸ਼ ਨੇ ਜਿਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਆਪਣੇ ਨਾਲ ਆਫਤ ਵੀ ਲੈ ਕੇ ਆਈ। ਪਹਿਲੀ ਬਰਸਾਤ ਨੇ ਨਗਰ ਪ੍ਰੀਸ਼ਦ ਦੇ ਸੀਵਰੇਜ ਸਬੰਧੀ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ। ਸਡ਼ਕਾਂ ’ਤੇ 3 ਫੁੱਟ ਤਕ ਪਾਣੀ ਖਡ਼੍ਹਾ ਹੋ ਗਿਆ ਸੀ, ਜਿਸਦੇ ਕਾਰਣ ਜਿਥੇ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਮੁਸ਼ਕਲ ਹੋਈ, ਉੱਥੇ ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਇਸ ਤੋਂ ਦੋ-ਚਾਰ ਹੋਣਾ ਪਿਆ। ਮੌਸਮ ਵਿਭਾਗ ਦੇ ਅਨੁਸਾਰ ਵੀਰਵਾਰ ਨੂੰ ਕਰੀਬ 9 ਐੱਮ. ਐੱਮ. ਬਾਰਿਸ਼ ਦਰਜ ਕੀਤੀ ਗਈ ਤੇ ਉਨ੍ਹਾਂ ਦੇ ਅਨੁਸਾਰ ਆਉਣ ਵਾਲੇ ਦਿਨਾਂ ’ਚ ਮੌਸਮ ਇਸੇ ਤਰ੍ਹਾਂ ਸੁਹਾਵਣਾ ਤੇ ਬਾਰਿਸ਼ ਹੋਣ ਦੇ ਆਸਾਰ ਹਨ। ਉੱਥੇ ਪੰਜਾਬ ਸਰਕਾਰ ਵੱਲੋਂ ਡਰੇਨਾਂ ਦੀ ਸਫਾਈ ਦੇ ਪ੍ਰਬੰਧਾਂ ਲਈ ਕਿਹਾ ਗਿਆ ਸੀ ਪਰ ਇਹ ਪ੍ਰਬੰਧ ਸਿਰਫ ਕਾਗਜ਼ਾਂ ਤਕ ਹੀ ਸੀਮਤ ਰਹਿ ਗਏ।

ਇਨ੍ਹਾਂ ਮੁਹੱਲਿਆਂ ਤੇ ਬਾਜ਼ਾਰਾਂ ’ਚ ਖੜ੍ਹਾ ਰਿਹਾ ਪਾਣੀ

ਸਵੇਰੇ 8 ਵਜੇ ਹੋਈ ਬਰਸਾਤ ’ਚ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਅੰਮ੍ਰਿਤ ਬਾਜ਼ਾਰ, ਕਾਇਮਪੁਰਾ ਬਾਜ਼ਾਰ, ਥਾਣਾ ਸਿਟੀ, ਕੋਟੂ ਚੌਕ, ਮੁਹੱਲਾ ਅਰਫਵਾਲਾ, ਮੁਹੱਲਾ ਖਜ਼ਾਨਚੀਆਂ, ਭਾਟੀਆ ਮੁਹੱਲਾ, ਮਾਰਕਫੈੱਡ ਰੋਡ, ਸੰਤਾ ਧੋਬੀ ਚੌਕ ’ਚ 3 ਫੁੱਟ ਤਕ ਪਾਣੀ ਖਡ਼੍ਹਾ ਰਿਹਾ। ਜਿਸ ਨਾਲ ਕਾਰਾਂ, ਮੋਟਰਸਾਈਕਲ ਪਾਣੀ ’ਚ ਫਸ ਗਏ। ਮਾਰਕਫੈੱਡ ਰੋਡ ’ਤੇ ਬਾਰਿਸ਼ ਤੋਂ ਪਹਿਲਾਂ ਆਈ ਹਨੇਰੀ ਤੂਫਾਨ ਨਾਲ ਰੁੱਖ ਡਿੱਗ ਪਏ। ਰੁੱਖ ਡਿੱਗਣ ਨਾਲ ਕਈ ਘੰਟੇ ਰਸਤਾ ਬੰਦ ਰਿਹਾ। ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਰੁੱਖ ਡਿੱਗਣ ਨਾਲ ਟੁੱਟੀਆਂ ਬਿਜਲੀ ਦੀਆਂ ਤਾਰਾਂ

ਬਰਸਾਤ ਦੇ ਕਾਰਣ ਜਿਥੇ ਲੋਕ ਸਵੇਰ ਤੋਂ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਸਨ, ਉੱਥੇ ਕਈ ਥਾਵਾਂ ’ਤੇ ਰੁੱਖ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ, ਜਿਸ ਕਾਰਣ ਸਵੇਰੇ 8 ਵਜੇ ਤੋਂ ਲੈ ਕੇ ਕਰੀਬ 1 ਵਜੇ ਤਕ ਬਿਜਲੀ ਸਪਲਾਈ ਬੰਦ ਰਹੀ। ਬਿਜਲੀ ਸਪਲਾਈ ਦੇ ਠੱਪ ਹੋਣ ਕਾਰਣ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਨ੍ਹਾਂ ਖੇਤਰਾਂ ’ਚ ਪਾਣੀ ਦੀ ਸਪਲਾਈ ਹੋਈ ਪ੍ਰਭਾਵਿਤ

ਵੀਰਵਾਰ ਦੀ ਸਵੇਰ 8 ਵਜੇ ਸ਼ੁਰੂ ਹੋਈ ਤੇਜ਼ ਬਾਰਿਸ਼ ਦੇ ਕਾਰਣ ਸ਼ਹਿਰ ਦੇ ਕਈ ਇਲਾਕਿਆਂ ’ਚ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਜਿਸ ਨਾਲ ਮੁਹੱਲਾ ਕੋਟੂ ਚੌਕ, ਆਰਫਵਾਲਾ ਮੁਹੱਲਾ, ਪਰਮਜੀਤ ਗੰਜ, ਸ਼ਰਮਾ ਕਾਲੋਨੀ, ਕੇਸਰੀ ਬਾਗ, ਸ਼ਹਿਰੀਆ ਮੁਹੱਲਾ, ਮੁਹੱਲਾ ਲਾਹੌਰੀ ਗੇਟ, ਮਾਰਕਫੈੱਡ ਰੋਡ, ਮੁਹੱਲਾ ਮਹਿਤਾਬਗਡ਼੍ਹ, ਸੰਤਪੁਰਾ, ਰੋਜ਼ ਐਵੀਨਿਊ, ਗੋਪਾਲ ਪਾਰਕ, ਚਾਰਬੱਤੀ ਚੌਕ, ਹਸਪਤਾਲ ਰੋਡ ਆਦਿ ਖੇਤਰਾਂ ’ਚ ਬਿਜਲੀ ਬੰਦ ਹੁੰਦੇ ਹੀ ਪਾਣੀ ਵੀ ਬੰਦ ਹੋ ਗਿਆ। ਜਿਸਦੇ ਕਾਰਣ ਲੋਕ ਸਵੇਰ ਤੋਂ ਲੈ ਕੇ ਦੁਪਹਿਰ ਕਰੀਬ 1 ਵਜੇ ਤਕ ਪਾਣੀ ਦੀ ਬੂੰਦ-ਬੂੰਦ ਦੇ ਲਈ ਮੁਹਤਾਜ ਹੋ ਗਏ।

ਲੋਕਾਂ ਨੇ ਕਿਹਾ ਕਿ ਸ਼ਹਿਰ ’ਚ 34 ਵਾਟਰ ਪੰਪਾਂ ’ਚੋਂ ਸਿਰਫ 3 ਪੰਪਾਂ ’ਤੇ ਵੀ ਜਨਰੇਟਰ ਦੀ ਸਹੂਲਤ ਹੈ, ਹੋਰ ਪੰਪ ਬਿਨਾਂ ਜਨਰੇਟਰ ਦੇ ਹਨ, ਜੋ ਕਿ ਬਿਜਲੀ ਗੁਲ ਹੁੰਦੇ ਹੀ ਬੰਦ ਹੋ ਜਾਂਦੇ ਹਨ। ਲੋਕਾਂ ਨੇ ਨਗਰ ਪ੍ਰੀਸ਼ਦ ਤੋਂ ਮੰਗ ਕੀਤੀ ਕਿ ਉਹ ਟਿਊਬਵੈੱਲਾਂ ’ਤੇ ਜਨਰੇਟਰ ਦੀ ਵਿਵਸਥਾ ਕਰਵਾਉਣ।

ਕਿਸਾਨਾਂ ਦੇ ਖਿੜੇ ਚਿਹਰੇ

ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਨਾਲ ਇਸ ਬਾਰਿਸ਼ ਨੇ ਜਿਥੇ ਲੋਕਾਂ ਨੂੰ ਰਾਹਤ ਦਿਵਾਈ, ਉਥੇ ਕਿਸਾਨ ਪ੍ਰੇਸ਼ਾਨ ਸਨ। ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਵੀ ਚਿਹਰੇ ਖਿਡ਼ੇ ਹਨ ਕਿਉਂਕਿ ਝੋਨੇ ਦੀ ਫਸਲ ਦੇ ਲਈ ਕਿਸਾਨ ਮਹਿੰਗੇ ਮੁੱਲ ’ਤੇ ਡੀਜ਼ਲ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਦੇ ਕਾਰਣ ਉਨ੍ਹਾਂ ’ਤੇ ਆਰਥਿਕ ਬੋਝ ਵੱਧ ਗਿਆ ਹੈ ਪਰ ਵੀਰਵਾਰ ਦੀ ਸਵੇਰ ਹੋਈ ਭਾਰੀ ਬਾਰਿਸ਼ ਨਾਲ ਮੌਸਮ ਖੁਸ਼ਨੁਮਾ ਹੋ ਗਿਆ, ਉੱਥੇ ਝੋਨੇ ਦੇ ਖੇਤਾਂ ਨੂੰ ਵੀ ਸਹੀ ਮਾਤਰਾ ’ਚ ਪਾਣੀ ਮਿਲ ਗਿਆ। ਜਿਸ ਨਾਲ ਕਿਸਾਨਾਂ ਦੇ ਚਿਹਰੇ ਖਿਡ਼ ਗਏ। ਬਾਰਿਸ਼ ਝੋਨੇ ਦੀ ਫਸਲ ਦੇ ਲਈ ਲਾਭਦਾਇਕ ਹੈ।


Bharat Thapa

Content Editor

Related News