70 ਨਸ਼ੀਲੇ ਟੀਕਿਆਂ ਸਮੇਤ ਵਿਅਕਤੀ ਕਾਬੂ

09/20/2019 7:53:45 PM

ਭੁਲੱਥ, (ਰਜਿੰਦਰ)- ਥਾਣਾ ਭੁਲੱਥ ਦੀ ਪੁਲਸ ਨੇ 70 ਨਸ਼ੀਲੇ ਟੀਕਿਆਂ ਸਮੇਤ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਇਹ ਜਾਣਕਾਰੀ ਐੱਸ.ਐੱਚ.ਓ. ਭੁਲੱਥ ਕਰਨੈਲ ਸਿੰਘ ਨੇ ਇਥੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦਸਿਆ ਕਿ ਐੱਸ.ਐੱਸ.ਪੀ. ਕਪੂਰਥਲਾ ਸਤਿੰਦਰ ਸਿੰਘ ਤੇ ਏ.ਐੱਸ.ਪੀ. ਭੁਲੱਥ ਸਿਮਰਤ ਕੌਰ ਦੀਆਂ ਹਦਾਇਤਾਂ ਮੁਤਾਬਿਕ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਥਾਣਾ ਭੁਲੱਥ ਦਾ ਏ.ਐੱਸ.ਆਈ. ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ। ਗਸ਼ਤ ਦੌਰਾਨ  ਪੁਲਸ ਪਾਰਟੀ ਨੂੰ ਪਿੰਡ ਖੱਸਣ ਦੀ ਗਲੀ 'ਚੋਂ ਇਕ ਵਿਅਕਤੀ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ, ਜਿਸ ਦੇ ਹੱਥ 'ਚ ਵਜ਼ਨਦਾਰ ਲਿਫਾਫਾ ਫੜਿਆ ਹੋਇਆ ਸੀ। ਪਰ ਉਹ ਪੁਲਸ ਪਾਰਟੀ ਨੂੰ ਦੇਖ ਕੇ ਲਿਫਾਫਾ ਗਲੀ 'ਚ ਸੁੱਟ ਕੇ ਪਿਛੇ ਨੂੰ ਮੁੜਨ ਲੱਗਾ ਤਾਂ ਪੁਲਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤੇ ਉਸਨੇ ਆਪਣਾ ਨਾਮ ਰਜਵੰਤ ਸਿੰਘ ਉਰਫ ਰਾਜੂ ਪੁੱਤਰ ਅਨੋਖ ਸਿੰਘ ਵਾਸੀ ਪਿੰਡ ਖੱਸਣ ਦਸਿਆ । ਜਿਸ ਵਲੋਂ ਸੁੱਟੇ ਲਿਫਾਫੇ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਉਸ 'ਚੋਂ 70 ਨਸ਼ੀਲੇ ਟੀਕੇ ਬਰਾਮਦ ਹੋਏ। ਜਿਸ ਉਪਰੰਤ ਉਕਤ ਵਿਅਕਤੀ ਖਿਲਾਫ ਥਾਣਾ ਭੁਲੱਥ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਐੱਸ.ਐੱਚ.ਓ. ਨੇ ਦਸਿਆ ਕਿ ਉਕਤ ਵਿਅਕਤੀ ਕੋਲੋਂ ਪੁਛਗਿੱਛ ਕੀਤੀ ਜਾਵੇਗੀ ਕਿ ਉਹ ਨਸ਼ੇ ਵਾਲੇ ਟੀਕੇ ਕਿਥੋਂ ਲਿਆਉਂਦਾ ਹੈ ਤੇ ਕਿਥੇ ਵੇਚਦਾ ਹੈ।
• ਨਸ਼ੀਲੇ ਟੀਕਿਆਂ ਦੀ ਬਰਾਮਦਗੀ ਤੋਂ ਪਤਾ ਲੱਗਦਾ ਭੁਲੱਥ 'ਚ ਵਿਕਦੈ ਨਸ਼ਾ (ਬਾਕਸ)
-ਭੁਲੱਥ ਪੁਲਸ ਵਲੋਂ ਇਕ ਵਿਅਕਤੀ ਕੋਲੋਂ ਬਰਾਮਦ ਕੀਤੇ ਨਸ਼ੀਲੇ ਟੀਕਿਆਂ ਨੇ ਸਾਬਿਤ ਕੀਤਾ ਹੈ ਕਿ ਭੁਲੱਥ 'ਚ ਨਸ਼ਾ ਵਿਕ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਪੁਲਸ ਵਲੋਂ ਭਾਂਵੇ ਪਹਿਲਾਂ ਪਿੰਡਾਂ 'ਚ ਨਸ਼ਿਆਂ ਖਿਲਾਫ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਪਰ ਇਨ੍ਹਾਂ ਮੀਟਿੰਗਾਂ ਤੋਂ ਬਾਅਦ ਨਸ਼ਿਆਂ ਸੰਬੰਧੀ ਪੁਲਸ ਨੂੰ ਕੋਈ ਵੱਡੀ ਪ੍ਰਾਪਤੀ ਹਾਸਿਲ ਨਹੀਂ ਹੋਈ ਸੀ। ਭਾਂਵੇ ਲੋਕਾਂ 'ਚ ਇਹ ਚਰਚਾ ਰਹਿੰਦੀ ਸੀ ਕਿ ਭੁਲੱਥ ਇਲਾਕੇ 'ਚ ਨਸ਼ਾ ਵਿਕ ਰਿਹਾ ਹੈ। ਪਰ ਹੁਣ ਪੁਲਸ ਵਲੋਂ ਨਸ਼ੀਲੇ ਟੀਕੇ ਫੜਨ ਦੇ ਮਾਮਲੇ ਨੇ ਭੁਲੱਥ ਵਿਚ ਨਸ਼ਾ ਵਿਕਣ 'ਤੇ ਮੋਹਰ ਲਗਾ ਦਿੱਤੀ ਹੈ। ਪਰ ਦੂਜੇ ਪਾਸੇ ਅਪੁਸ਼ਟ ਸੂਤਰ ਦੱਸਦੇ ਹਨ ਕਿ ਭੁਲੱਥ ਇਲਾਕੇ ਵਿਚ ਟੀਕਿਆਂ ਤੋਂ ਇਲਾਵਾ ਹੋਰ ਨਸ਼ੇ ਵੀ ਮਿਲ ਜਾਂਦੇ ਹਨ। ਇਸ ਸੰਬੰਧੀ ਜਦੋਂ ਏ.ਐੱਸ.ਪੀ. ਭੁਲੱਥ ਸਿਮਰਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਸਿਆ ਕਿ ਨਸ਼ਿਆਂ ਸੰਬੰਧੀ  ਖੁਫੀਆਂ ਜਾਣਕਾਰੀ ਇਕੱਠੀ ਕਰਨ 'ਚ ਅਸੀ ਲੱਗੇ ਹੋਏ ਹਾਂ ਤੇ ਅਜਿਹੀ ਕੋਈ ਵੀ ਜਾਣਕਾਰੀ ਮਿਲਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


Bharat Thapa

Content Editor

Related News