ਇੰਪਰੂਵਮੈਂਟ ਟਰੱਸਟ ’ਚ ਭ੍ਰਿਸ਼ਟਾਚਾਰ ਦੇ 7 ਹੋਰ ਮਾਮਲੇ ਆਏ ਸਾਹਮਣੇ, ਸਖ਼ਤ ਕਾਰਵਾਈ ਜਾਰੀ ਰਹੇਗੀ
Monday, Sep 16, 2024 - 03:31 PM (IST)
ਜਲੰਧਰ (ਚੋਪੜਾ)-ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੋ. ਜਗਤਾਰ ਸਿੰਘ ਸੰਘੇੜਾ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਖ਼ੁਲਾਸਾ ਕੀਤਾ ਕਿ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ 7 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕਰੋੜਾਂ ਰੁਪਏ ਦੀ ਰਿਸ਼ਵਤ ਲੈ ਕੇ ਕਰੋੜਾਂ ਰੁਪਏ ਦੇ ਪਲਾਟਾਂ ਨੂੰ ਕੌਡੀਆਂ ਦੇ ਭਾਅ ਵੇਚਿਆ ਗਿਆ। ਸੰਘੇੜਾ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਰਿਕਾਰਡ ਵਿਚੋਂ ਦਸਤਾਵੇਜ਼ ਚੋਰੀ ਹੋਣ ਕਾਰਨ ਜਾਂਚ ਰੁਕੀ ਹੋਈ ਸੀ ਅਤੇ ਹੁਣ ਰੈਵੇਨਿਊ ਅਧਿਕਾਰੀਆਂ ਤੋਂ ਰਜਿਸਟਰੀਆਂ ਦੀਆਂ ਕਾਪੀਆਂ ਅਤੇ ਹੋਰ ਦਸਤਾਵੇਜ਼ ਮਿਲਣ ਤੋਂ ਇਹ ਸਪੱਸ਼ਟ ਹੈ ਕਿ ਘਪਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਅਜੇ ਤੈਅ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੇਠਾ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੰਜਾਬ ਦੇ ਮਸ਼ਹੂਰ ਹਲਵਾਈਆਂ ਦਾ ਵੀਡੀਓ 'ਚ ਵੇਖ ਲਵੋ ਹਾਲ
ਚੇਅਰਮੈਨ ਨੇ ਸਪੱਸ਼ਟ ਕੀਤਾ ਕਿ ਉਚਿਤ ਜਾਂਚ ਤੋਂ ਬਾਅਦ ਹੀ ਸ਼ੱਕੀਆਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਵਾਈ ਗਈ ਹੈ। ਇਸ ਤੋਂ ਬਾਅਦ ਜਾਂਚ ਰਿਪੋਰਟ ਅਤੇ ਦਸਤਾਵੇਜ਼ਾਂ ਦੀਆਂ 28 ਕਾਪੀਆਂ ਐਡੀਸ਼ਨਲ ਚੀਫ਼ ਸੈਕਟਰੀ ਅਤੇ ਡਾਇਰੈਕਟਰ ਲੋਕਲ ਬਾਡੀਜ਼ ਨੂੰ ਵੀ ਭੇਜੀਆਂ ਗਈਆਂ ਹਨ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਜਾਂਚ ਕੀਤੀ ਗਈ ਕਿਉਂਕਿ ਇਹ ਇਕ ਅਦਾਲਤੀ ਮਾਮਲਾ ਸੀ ਅਤੇ ਜਾਂਚ ਦਾ ਰਿਕਾਰਡ ਐੱਫ਼. ਆਈ. ਆਰ. ਦੀਆਂ ਕਾਪੀਆਂ ਦੇ ਨਾਲ ਅਗਲੀ ਤਾਰੀਖ਼ ’ਤੇ ਅਦਾਲਤ ਵਿਚ ਜਮ੍ਹਾ ਕੀਤਾ ਜਾਵੇਗਾ। ਸੰਘੇੜਾ ਨੇ ਕਿਹਾ ਕਿ ਇਕ ਹੋਰ ਅਦਾਲਤੀ ਮਾਮਲੇ ਦੌਰਾਨ ਵੀ ਧੋਖਾਧੜੀ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਅਜੇ ਜਾਂਚ ਚੱਲ ਰਹੀ ਹੈ। ਇਸ ਮਾਮਲੇ ਵਿਚ ਵੀ ਫਰਜ਼ੀ ਦਸਤਾਵੇਜ਼ਾਂ ਨਾਲ ਰਜਿਸਟਰੀ ਕਰਵਾਉਣ ਦੇ ਮਾਮਲੇ ਵਿਚ ਸਾਬਕਾ ਚੇਅਰਮੈਨ ਅਤੇ ਟਰੱਸਟ ਦੇ ਕਰਮਚਾਰੀ ਅਨਿਲ ਕੁਮਾਰ ਦਾ ਨਾਂ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਜਲੰਧਰ ਟਰੱਸਟ ਵਿਚ ਹੋਏ ਕਰੋੜਾਂ ਦੇ ਘਪਲੇ ਵਿਚ ਸ਼ਾਮਲ ਲੋਕ ਮੁਲਜ਼ਮਾਂ ਦਾ ਸਮਰਥਨ ਕਰ ਰਹੇ ਹਨ ਅਤੇ ਅਫ਼ਵਾਹਾਂ ਫੈਲਾਅ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਲੋੜ ਪਈ ਤਾਂ ਉਹ ਜਲਦ ਇਨ੍ਹਾਂ ਭ੍ਰਿਸ਼ਟਾਚਾਰੀਆਂ ਦੇ ਚੰਡੀਗੜ੍ਹ ਕੁਨੈਕਸ਼ਨ ਦਾ ਖ਼ੁਲਾਸਾ ਕਰਨਗੇ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ, ਵਿੱਦਿਅਕ ਅਦਾਰੇ ਰਹਿਣਗੇ ਬੰਦ
ਉਨ੍ਹਾਂ ਕਿਹਾ ਕਿ ‘ਪੰਜਾਬ ਟਾਊਨ ਇੰਪਰੂਵਮੈਂਟ ਐਕਟ 1922’ ਤਹਿਤ ਚੇਅਰਮੈਨ ਕੋਲ ਸਾਰੇ ਅਧਿਕਾਰ ਹਨ ਅਤੇ ਐੱਫ. ਆਈ. ਆਰ. ਦਰਜ ਕਰਵਾਉਣ ਸਮੇਤ ਅਦਾਲਤੀ ਕੇਸਾਂ ਲਈ ਸਮਰੱਥ ਤੌਰ ’ਤੇ ਅਥਾਰਿਟੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 2 ਮਾਮਲਿਆਂ ਦੇ ਇਲਾਵਾ 3 ਹੋਰ ਮਾਮਲੇ ਵੀ ਪਾਈਪ ਲਾਈਨ ਵਿਚ ਹਨ, ਜਿਨ੍ਹਾਂ ’ਚ ਇਕ ਐੱਫ. ਆਈ. ਆਰ. ਦਰਜ ਕੀਤੀ ਜਾਣੀ ਹੈ। ਹਾਲਾਂਕਿ ਚੰਡੀਗੜ੍ਹ ਵਿਚ ਮਾਮਲਾ ਪੈਂਡਿੰਗ ਹੋਣ ਕਾਰਨ ਫਿਲਹਾਲ ਕਾਰਵਾਈ ਰੋਕ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 22 ਮਾਰਚ, 2022 ਨੂੰ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਚੀਫ਼ ਵਿਜੀਲੈਂਸ ਅਫ਼ਸਰ ਵੱਲੋਂ ਪੜਤਾਲ ਦੌਰਾਨ ਤਿਆਰ ਕੀਤੀ ਰਿਪੋਰਟ ਵਿਚ ਈ. ਓ. ਰਾਜੇਸ਼ ਚੌਧਰੀ ਦਾ ਨਾਂ ਸ਼ਾਮਲ ਸੀ। ਇਸ ਰਿਪੋਰਟ ਅਨੁਸਾਰ ਕੁਝ ਪਲਾਟਾਂ ਦੀ ਅਲਾਟਮੈਂਟ ਦੇ ਘਪਲੇ ਵਿਚ ਇਕ ਸੇਵਾਮੁਕਤ ਜਸਟਿਸ ਵੱਲੋਂ ਕੀਤੀ ਨਿਯਮਿਤ ਜਾਂਚ ਵਿਚ ਇਕ ਜੂਨੀਅਰ ਸਹਾਇਕ, ਸੀਨੀਅਰ ਸਹਾਇਕ ਅਤੇ ਟਰੱਸਟ ਦੇ ਸਾਬਕਾ ਚੇਅਰਮੈਨ ਵਿਰੁੱਧ ਵੀ ਦੋਸ਼ ਸਿੱਧ ਹੋ ਚੁੱਕੇ ਹਨ ਅਤੇ ਲੋਕਲ ਬਾਡੀਜ਼ ਆਫਿਸ ਦੇ ਪੱਧਰ ’ਤੇ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਪੈਰਵੀ ਅਤੇ ਬਚਾਅ ਦਾ ਅਧਿਕਾਰ ਹੈ ਪਰ ਭ੍ਰਿਸ਼ਟਾਚਾਰ ਅਤੇ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੂਬੇ ਭਰ ਦੇ ਟਰੱਸਟਾਂ ਦੇ ਅਧਿਕਾਰੀ ਅਤੇ ਕਰਮਚਾਰੀ ਐੱਫ਼. ਆਈ. ਆਰ. ਖਿਲਾਫ ਕਰਨਗੇ ਰੋਸ ਪ੍ਰਦਰਸ਼ਨ
ਚੇਅਰਮੈਨ ਜਗਤਾਰ ਸਿੰਘ ਸੰਘੇੜਾ ਦੀ ਸਿਫ਼ਾਰਿਸ਼ ’ਤੇ ਕਮਿਸ਼ਨਰੇਟ ਪੁਲਸ ਵੱਲੋਂ ਈ. ਓ. ਬੀਤੇ ਦਿਨੀਂ ਈ. ਓ. ਰਾਜੇਸ਼ ਚੌਧਰੀ ਅਤੇ ਦੋ ਕਲਰਕਾਂ ਖ਼ਿਲਾਫ਼ ਦਰਜ ਕੀਤੀਆਂ ਗਈਆਂ ਦੋ ਵੱਖ-ਵੱਖ ਐੱਫ਼. ਆਈ. ਆਰਜ਼ ਖ਼ਿਲਾਫ਼ ਟਰੱਸਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸੂਬਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਭਾਵੇਂ ਪੰਜਾਬ ਭਰ ਦੇ ਟਰੱਸਟਾਂ ’ਚ ਹੜਤਾਲ 17 ਸਤੰਬਰ ਤੋਂ ਸ਼ੁਰੂ ਹੋਵੇਗੀ ਪਰ ਜਲੰਧਰ ’ਚ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਹੋਣ ਕਾਰਨ 16 ਸਤੰਬਰ ਤੋਂ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇਕ ਹੋਰ ਖ਼ੁਸ਼ਖਬਰੀ, ਡੇਰੇ ਵੱਲੋਂ ਕੀਤਾ ਗਿਆ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ