ਦਿਹਾਤੀ ਇਲਾਕੇ 'ਚ ਕਰਨੀ ਸੀ ਲੁੱਟ ਦੀ ਵਾਰਦਾਤ, ਪੁਲਸ ਨੇ ਕਾਬੂ ਕੀਤੇ 7 ਗੈਂਗਸਟਰ

Thursday, Apr 11, 2019 - 10:54 AM (IST)

ਦਿਹਾਤੀ ਇਲਾਕੇ 'ਚ ਕਰਨੀ ਸੀ ਲੁੱਟ ਦੀ ਵਾਰਦਾਤ, ਪੁਲਸ ਨੇ ਕਾਬੂ ਕੀਤੇ 7 ਗੈਂਗਸਟਰ

ਜਲੰਧਰ (ਸ਼ੋਰੀ)— ਮੁਕਤਸਰ ਇਲਾਕੇ 'ਚ ਪੈਟਰੋਲ ਪੰਪ ਕਰਮਚਾਰੀ ਨੂੰ ਗੋਲੀ ਮਾਰ ਕੇ 10 ਲੱਖ ਕੈਸ਼ ਲੁੱਟਣ ਅਤੇ ਫਿਰੋਜ਼ਪੁਰ 'ਚ ਮੈਨੇਜਰ ਨੂੰ ਗੰਨ ਪੁਆਇੰਟ 'ਤੇ ਲੈ ਕੇ ਉਸ ਤੋਂ 85 ਹਜ਼ਾਰ ਰੁਪਏ ਲੁੱਟਣ ਵਾਲੇ ਗੈਂਗਸਟਰਾਂ ਨੂੰ ਜਲੰਧਰ ਦਿਹਾਤੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਤੋਂ ਨਾਜਾਇਜ਼ ਹਥਿਆਰ ਅਤੇ ਕਾਰਤੂਸ ਆਦਿ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਸਭ ਤੋਂ ਵੱਡੀ ਗੱਲ ਪੁਲਸ ਲਈ ਇਹ ਹੈ ਕਿ ਕਾਬੂ 7 ਮੁਲਜ਼ਮਾਂ ਨੇ ਜਲੰਧਰ ਦੇ ਪਿੰਡ ਮਹਿਤਪੁਰ ਇਲਾਕੇ 'ਚ ਲੁੱਟ ਦੀ ਕੋਈ ਵੱਡੀ ਵਾਰਦਾਤ ਕਰਨੀ ਸੀ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਦਿਹਾਤੀ ਪੁਲਸ ਨੇ ਆਪਣੇ ਪੂਰੇ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕਰ ਕੇ ਦਿਹਾਤੀ ਇਲਾਕੇ ਨੂੰ ਸੀਲ ਕਰੀ ਰੱਖਿਆ ਹੈ ਤਾਂ ਜੋ ਅਸਮਾਜਿਕ ਤੱਤ ਚੋਣਾਂ 'ਚ ਅਸ਼ਾਂਤੀ ਨਾ ਫੈਲਾਅ ਸਕਣ। ਇਸ ਲੜੀ 'ਚ ਸੀ. ਆਈ. ਏ. ਸਟਾਫ 2 'ਚ ਤਾਇਨਾਤ ਸਬ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਲੋਹੀਆਂ 'ਚ ਪੈਟਰੋਲ ਪੰਪ ਨੂੰ ਲੁੱਟਣ ਲਈ ਨੈਸ਼ਨਲ ਹਾਈਵੇ ਜੀ. ਟੀ. ਰੋਡ ਦਾਰੇਵਾਲ ਪੁਲੀ ਵਨ ਦੇ ਕੋਲ ਖਾਲੀ ਥਾਂ 'ਤੇ 7 ਨੌਜਵਾਨ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ।

ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਬੀਤੇ ਦਿਨ ਸਵੇਰੇ ਕਰੀਬ 7.30 ਵਜੇ ਛਾਪੇਮਾਰੀ ਕੀਤੀ। ਪੁਲਸ ਨੂੰ ਦੇਖ ਕੇ ਮੁਲਜ਼ਮ ਭੱਜਣ ਲੱਗੇ ਕਿ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਤੋਂ ਪੁਲਸ ਨੇ 2 ਪਿਸਤੌਲ ਦੇਸੀ 32 ਬੋਰ, 6 ਜ਼ਿੰਦਾ ਕਾਰਤੂਸ, 2 ਮੋਟਰਸਾਈਕਲ, 3 ਦਾਤਰ, 1 ਛੁਰਾ ਬਰਾਮਦ ਕੀਤਾ ਹੈ। ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕਾਬੂ ਮੁਲਜ਼ਮਾਂ ਨੇ ਆਪਣਾ ਨਾਂ ਦਿਲਬਾਗ ਸਿੰਘ ਉਰਫ ਬਾਗਾ (30) ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਚੱਕ ਅਤਰੀ ਜ਼ਿਲਾ ਮੁਕਤਸਰ ਸਾਹਿਬ, ਹਰਪ੍ਰੀਤ ਸਿੰਘ ਉਰਫ ਹੈਪੀ (24) ਪੁੱਤਰ ਗੁਰਮੇਲ ਸਿੰਘ ਵਾਸੀ ਨਿਜ਼ਾਮਵਾਲਾ ਜ਼ਿਲਾ ਫਿਰੋਜ਼ਪੁਰ, ਆਕਾਸ਼ਦੀਪ ਸਿੰਘ ਉਰਫ ਆਕਾਸ਼ (30) ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਬਸਤੀ ਰਾਮ ਜ਼ਿਲਾ ਫਿਰੋਜ਼ਪੁਰ, ਸੰਦੀਪ ਸਿੰਘ (24) ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਮੱਲਾਂਵਾਲਾਂ ਖਾਸ ਜ਼ਿਲਾ ਫਿਰੋਜ਼ਪੁਰ, ਸਤਨਾਮ ਸਿੰਘ ਉਰਫ ਸੱਤਾ (22) ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮੱਲਾਂਵਾਲਾਂ ਜ਼ਿਲਾ ਫਿਰੋਜ਼ਪੁਰ, ਸਿਮਰਨਜੀਤ ਸਿੰਘ (26) ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਬਾਗੇਵਾਲ ਜ਼ਿਲਾ ਫਿਰੋਜ਼ਪੁਰ, ਕੁਲਦੀਪ ਕੁਮਾਰ (26) ਪੁੱਤਰ ਲਕਸ਼ਮਣ ਦਾਸ ਵਾਸੀ ਮੁਹੱਲਾ ਸਰਕਾਰੀ ਹਸਪਤਾਲ ਮਹਿਤਪੁਰ ਦੱਸਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਦਿਹਾਤੀ ਪੁਲਸ ਪੂਰੀ ਮਿਹਨਤ ਨਾਲ ਕੰਮ ਕਰ ਕੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਕਾਬੂ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨਾਲ ਐੱਸ. ਪੀ. ਰਾਜਬੀਰ ਸਿੰਘ, ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ, ਡੀ. ਐੱਸ. ਪੀ. ਆਦਮਪੁਰ, ਅਮਨਦੀਪ ਸਿੰਘ, ਡੀ. ਐੱਸ. ਪੀ. ਗੁਰਦੇਵ ਸਿੰਘ ਆਦਿ ਮੌਜੂਦ ਸਨ।

ਛੋਟੀ ਉਮਰ 'ਚ ਮਹਿੰਗੇ ਸ਼ੌਕ ਲੈ ਡੁੱਬੇ
ਪੁਲਸ ਪੁੱਛਗਿੱਛ 'ਚ ਫਿਲਹਾਲ ਪਤਾ ਲੱਗਾ ਹੈ ਕਿ ਗੈਂਗ ਦਾ ਸਰਗਣਾ ਦਿਲਬਾਗ ਸਿੰਘ ਅਤੇ ਸਿਮਰਨਜੀਤ ਸਿੰਘ ਹੈ ਅਤੇ ਉਨ੍ਹਾਂ ਨੇ ਫਿਰੋਜ਼ਪੁਰ ਇਲਾਕੇ 'ਚ ਰਹਿਣ ਵਾਲੇ ਆਪਣੇ ਬਾਕੀ ਦੋਸਤਾਂ ਦੇ ਨਾਲ ਮਿਲ ਕੇ ਗੈਂਗ ਬਣਾਇਆ। ਯੂ. ਪੀ. ਮੇਰਠ ਜ਼ਿਲਾ ਤੋਂ 35 ਹਜ਼ਾਰ 'ਚ ਪਿਸਤੌਲ ਲੈ ਕੇ ਆਏ ਸਨ ਅਤੇ ਮਹਿੰਗੇ ਸ਼ੌਕ ਕਾਰਨ 7 ਨੌਜਵਾਨ ਜਿਨ੍ਹਾਂ ਦੀ ਉਮਰ 22 ਤੋਂ 30 ਸਾਲ ਤੱਕ ਹੈ। ਉਹ ਗਲਤ ਰਸਤੇ ਵਿਚ ਚੱਲਣ ਲੱਗੇ। ਜਾਂਚ ਵਿਚ ਪਤਾ ਲੱਗਾ ਹੈ ਕਿ ਕੁਲਦੀਪ ਸਿੰਘ ਨੂੰ ਛੱਡ ਕੇ ਬਾਕੀ 6 ਗੈਂਗਸਟਰਾਂ ਨੇ ਪੈਟਰੋਲ ਪੰਪ ਦੇ ਕਰਮਚਾਰੀ ਗਗਨਦੀਪ ਸਿੰਘ ਨੂੰ ਗੋਲੀ ਮਾਰ ਕੇ 10 ਲੱਖ ਰੁਪਏ ਲੁੱਟੇ ਸਨ। ਜਦਕਿ ਹਰਪ੍ਰੀਤ, ਸਿਮਰਨਜੀਤ ਸਿੰਘ, ਹਰਪ੍ਰੀਤ ਅਤੇ ਉਨ੍ਹਾਂ ਦਾ ਇਕ ਫਰਾਰ ਸਾਥੀ ਮਿਲ ਕੇ ਫਾਈਨਾਂਸ ਕੰਪਨੀ ਦੇ ਮੈਨੇਜਰ ਨੂੰ ਗੰਨ ਪੁਆਇੰਟ 'ਤੇ ਲੈ ਕੇ 85 ਹਜ਼ਾਰ ਲੁੱਟੇ ਸਨ। ਮਹਿੰਗੇ ਕੱਪੜੇ ਅਤੇ ਕਾਰ 'ਚ ਬੈਠਣ ਦੇ ਸ਼ੌਕੀਨ ਬਣ ਚੁੱਕੇ ਸਨ। ਕੁਲਦੀਪ ਸਿੰਘ ਨੇ ਆਪਣੇ ਇਲਾਕੇ 'ਚ ਪੈਟਰੋਲ ਪੰਪ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਿਚ ਮਦਦ ਕਰਨੀ ਸੀ ਅਤੇ ਬਾਅਦ 'ਚ ਲੁੱਟੀ ਰਾਸ਼ੀ ਨੂੰ ਆਪਸ 'ਚ ਵੰਡਣਾ ਸੀ। ਸਾਰੇ ਹੁਣ ਪਹਿਲੀ ਵਾਰ ਜੇਲ ਦੀਆਂ ਸੀਖਾਂ ਦੇ ਪਿੱਛੇ ਹੋਣਗੇ।


author

shivani attri

Content Editor

Related News