ਬੁੱਕੀ ਮੱਟੂ ਦੇ ਅੱਡੇ ''ਤੇ ਪੁਲਸ ਦੀ ਛਾਪੇਮਾਰੀ, ਲੱਖਾਂ ਦੀ ਨਕਦੀ ਸਣੇ 5 ਕਾਬੂ

12/11/2019 10:43:51 AM

ਜਲੰਧਰ (ਵਰੁਣ)— ਸੀ. ਆਈ. ਏ. ਸਟਾਫ-1 ਦੀ ਟੀਮ ਨੇ ਕਰਾਰ ਖਾਂ ਮੁਹੱਲੇ 'ਚ ਰਹਿੰਦੇ ਬੁੱਕੀ ਬਲਦੇਵ ਰਾਜ ਉਰਫ ਮੱਟੂ ਦੇ ਘਰ ਛਾਪਾ ਮਾਰ ਕੇ ਜੂਏ ਦਾ ਅੱਡਾ ਫੜਿਆ ਹੈ। ਪੁਲਸ ਨੇ ਮੱਟੂ ਤੋਂ ਇਲਾਵਾ ਅਟਾਰੀ ਬਾਜ਼ਾਰ ਦੇ ਜਿਊਲਰਜ਼ ਅਤੇ ਪ੍ਰਾਪਰਟੀ ਡੀਲਰ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ 2.13 ਲੱਖ ਰੁਪਏ ਅਤੇ ਤਾਸ਼ ਦੇ ਪੱਤੇ ਬਰਾਮਦ ਹੋਏ ਹਨ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੈਚਾਂ 'ਤੇ ਸੱਟੇ ਦਾ ਕੰਮ ਕਰਦਾ ਬਲਦੇਵ ਸਿੰਘ ਮੱਟੂ ਪੁੱਤਰ ਲਾਲ ਚੰਦ ਵਾਸੀ ਕਰਾਰ ਖਾਂ ਮੁਹੱਲਾ ਆਪਣੇ ਘਰ 'ਚ ਹੀ ਜੂਏ ਦਾ ਅੱਡਾ ਚਲਾ ਰਿਹਾ ਹੈ। ਸੀ. ਆਈ. ਏ. ਦੀ ਟੀਮ ਨੇ ਬੀਤੀ ਦੇਰ ਰਾਤ ਮੱਟੂ ਦੇ ਘਰ ਛਾਪੇਮਾਰੀ ਕੀਤੀ ਅਤੇ ਜੂਆ ਖੇਡ ਰਹੇ ਮੱਟੂ, ਵਿਕਾਸ ਪੁੱਤਰ ਲਾਲ ਚੰਦ ਵਾਸੀ ਜੈਨ ਕਾਲੋਨੀ ਖਾਂਬਰਾ, ਅਮਨਦੀਪ ਪੁੱਤਰ ਰਵਿੰਦਰ ਕੁਮਾਰ ਵਾਸੀ ਨਿਊ ਸਿਰਾਜਗੰਜ, ਦੀਪਕ ਪੁੱਤਰ ਜੀ. ਪੀ. ਰਾਏ ਵਾਸੀ ਸ਼ਿਵ ਵਿਹਾਰ ਅਤੇ ਅਜੇ ਵਰਮਾ ਉਰਫ ਗੋਰਾ ਪੁੱਤਰ ਅਸ਼ੋਕ ਕੁਮਾਰ ਵਾਸੀ ਵਿਰਦੀ ਕਾਲੋਨੀ ਨੂੰ ਜੂਆ ਖੇਡਦੇ ਗ੍ਰਿਫਤਾਰ ਕਰ ਲਿਆ। ਮੌਕੇ ਤੋਂ ਪੁਲਸ ਨੂੰ 2 ਲੱਖ 13 ਹਜ਼ਾਰ 300 ਰੁਪਏ ਅਤੇ ਤਾਸ਼ ਦੇ ਪੱਤੇ ਮਿਲੇ ਹਨ।

ਪੁਲਸ ਦਾ ਕਹਿਣਾ ਹੈ ਕਿ ਮੱਟੂ ਕਾਫ਼ੀ ਲੰਮੇ ਸਮੇਂ ਤੋਂ ਘਰ ਵਿਚ ਜੂਏ ਦਾ ਅੱਡਾ ਚਲਾ ਰਿਹਾ ਸੀ ਅਤੇ ਉਹ ਸੱਟੇ ਦਾ ਕੰਮ ਕਰਦਾ ਹੈ। ਮੱਟੂ ਦਿਖਾਵੇ ਲਈ ਪ੍ਰਾਪਰਟੀ ਦਾ ਕੰਮ ਵੀ ਕਰਦਾ ਹੈ। ਉਸ ਨਾਲ ਫੜਿਆ ਗਿਆ ਵਿਕਾਸ ਅਟਾਰੀ ਬਾਜ਼ਾਰ 'ਚ ਸੁਨਿਆਰੇ ਦਾ ਕੰਮ ਕਰਦਾ ਹੈ। ਅਮਨਦੀਪ ਇਲੈਕਟ੍ਰੀਸ਼ੀਅਨ ਹੈ, ਜਦਕਿ ਦੀਪਕ ਵੀ ਪ੍ਰਾਪਰਟੀ ਦਾ ਕੰਮ ਕਰਦਾ ਹੈ। ਪੰਜਵਾਂ ਮੁਲਜ਼ਮ 2017 'ਚ ਲੁਧਿਆਣਾ 'ਚ 31 ਲੋਕਾਂ ਨਾਲ ਜੂਆ ਖੇਡਦਾ ਫੜਿਆ ਗਿਆ ਸੀ। ਉਦੋਂ ਪੁਲਸ ਨੇ ਉਕਤ ਲੋਕਾਂ ਤੋਂ 34 ਲੱਖ ਦੇ ਕਰੀਬ ਜੂਆ ਰਾਸ਼ੀ ਬਰਾਮਦ ਕੀਤੀ ਸੀ। ਪੁਲਸ ਨੇ ਸਾਰੇ 5 ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਥਾਣਾ ਨੰ. 2 'ਚ ਉਕਤ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।


shivani attri

Content Editor

Related News